ਖੰਨਾ ਪੁਲਸ ਨੂੰ ਵੱਡੀ ਸਫ਼ਲਤਾ, ਨਾਜਾਇਜ਼ ਅਸਲੇ ਸਣੇ 5 ਵਿਅਕਤੀ ਗ੍ਰਿਫ਼ਤਾਰ
Thursday, Jul 06, 2023 - 03:41 PM (IST)
ਖੰਨਾ (ਵਿਪਨ) : ਖੰਨਾ ਪੁਲਸ ਨੇ ਮੱਧ ਪ੍ਰਦੇਸ਼ ਦੇ ਇੱਕ ਵਿਅਕਤੀ ਨੂੰ ਪੰਜਾਬ 'ਚ ਨਾਜਾਇਜ਼ ਅਸਲਾ ਸਪਲਾਈ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਇਹ ਸਪਲਾਇਰ ਘਰ 'ਚ ਹੀ ਨਾਜਾਇਜ਼ ਹਥਿਆਰ ਬਣਾਉਂਦਾ ਸੀ। ਉਸ ਦੇ 4 ਲੁਟੇਰੇ ਸਾਥੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ, ਜੋ ਨਾਜਾਇਜ਼ ਹਥਿਆਰਾਂ ਦੇ ਜ਼ੋਰ 'ਤੇ ਕਈ ਸੂਬਿਆਂ 'ਚ ਲੁੱਟ-ਖੋਹ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇਨ੍ਹਾਂ ਦੇ ਕਬਜ਼ੇ 'ਚੋਂ 5 ਪਿਸਤੌਲਾਂ, 10 ਮੈਗਜ਼ੀਨ ਅਤੇ ਲੁੱਟੀ ਗਈ ਕਾਰ ਬਰਾਮਦ ਹੋਈ। ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਸੁਰੇਸ਼ ਕੁਮਾਰ ਵਾਸੀ ਜ਼ੈਦਪੁਰਾ ਥਾਣਾ ਲਕਸ਼ਮਣਗੜ੍ਹ ਜ਼ਿਲ੍ਹਾ ਸੀਕਰ (ਰਾਜਸਥਾਨ), ਗੌਤਮ ਸ਼ਰਮਾ ਵਾਸੀ ਇਸਲਾਮਗੰਜ ਜਲੰਧਰ, ਰਜਿੰਦਰ ਮੀਨਾ ਵਾਸੀ ਭਾਵਕਾ ਗੁੱਡਾ ਜ਼ਿਲ੍ਹਾ ਭੀਲਵਾੜਾ (ਰਾਜਸਥਾਨ), ਸਰਦਾਰ ਗੁੱਜਰ ਵਾਸੀ ਜ਼ਿਲ੍ਹਾ ਜੈਪੁਰ (ਰਾਜਸਥਾਨ) ਅਤੇ ਤਕਦੀਰ ਸਿੰਘ ਵਾਸੀ ਸਿੰਘਨੂਰ ਥਾਣਾ ਗੋਆਵਾਂ ਜ਼ਿਲ੍ਹਾ ਖਰਗੋਨ (ਮੱਧ ਪ੍ਰਦੇਸ਼) ਵਜੋਂ ਹੋਈ।
ਇਹ ਵੀ ਪੜ੍ਹੋ : ਸੁਨੀਲ ਜਾਖੜ ਨੂੰ ਪੰਜਾਬ ਦੀ ਕਮਾਨ ਮਿਲਣ 'ਤੇ ਕਈ ਭਾਜਪਾ ਆਗੂ ਨਿਰਾਸ਼!
ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਐੱਸ. ਪੀ.(ਆਈ) ਡਾ. ਪ੍ਰੱਗਿਆ ਜੈਨ ਅਤੇ ਸੀ. ਆਈ. ਏ. ਸਟਾਫ਼ ਇੰਚਾਰਜ ਅਮਨਦੀਪ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨਾਕਾਬੰਦੀ ਦੌਰਾਨ ਅਮਲੋਹ ਚੌਂਕ ਨੇੜੇ ਮੌਜੂਦ ਸੀ। ਪੁਲਸ ਨੂੰ ਸੂਚਨਾ ਮਿਲੀ ਕਿ ਗੌਤਮ ਸ਼ਰਮਾ ਉਰਫ਼ ਗੋਰੂ, ਰਜਿੰਦਰ ਮੀਨਾ, ਸੁਰੇਸ਼ ਕੁਮਾਰ ਅਤੇ ਸਰਦਾਰ ਗੁੱਜਰ ਪੰਜਾਬ ਅਤੇ ਹੋਰ ਕਈ ਰਾਜਾਂ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦੇ ਹਨ। ਇਹ ਚਾਰੋ ਲੁੱਟੀ ਹੋਈ ਰਾਜਸਥਾਨ ਨੰਬਰ ਦੀ ਕਾਰ 'ਚ ਰਾਜਸਥਾਨ ਤੋਂ ਜਲੰਧਰ ਆ ਰਹੇ ਹਨ। ਇਨ੍ਹਾਂ ਕੋਲ ਨਾਜਾਇਜ਼ ਹਥਿਆਰ ਵੀ ਹਨ ਅਤੇ ਇਹ ਪੰਜਾਬ 'ਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ, ਜਾਣੋ ਕੀ ਹੈ ਪੂਰਾ ਮਾਮਲਾ
ਸੀ. ਆਈ. ਏ. ਸਟਾਫ਼ ਦੀ ਟੀਮ ਨੇ ਫੋਕਲ ਪੁਆਇੰਟ ਨੇੜੇ ਸਰਵਿਸ ਰੋਡ ’ਤੇ ਨਾਕਾਬੰਦੀ ਕਰਕੇ ਕਾਰ 'ਚ ਸਵਾਰ 4 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਸੁਰੇਸ਼ ਕੋਲੋਂ 1 ਮੈਗਜ਼ੀਨ ਤੇ 32 ਬੋਰ ਦਾ ਪਿਸਤੌਲ, ਗੌਤਮ ਕੋਲੋਂ 1 ਦੇਸੀ ਪਿਸਤੌਲ ਤੇ 1 ਮੈਗਜ਼ੀਨ, ਸਰਦਾਰ ਗੁੱਜਰ ਕੋਲੋਂ 1 ਲੋਹੇ ਦੀ ਕਿਰਚ ਬਰਾਮਦ ਹੋਈ। ਮੁਲਜ਼ਮ ਜਿਸ ਕਾਰ 'ਚ ਸਵਾਰ ਸਨ, ਉਹ ਵੀ ਲੁੱਟ ਦੀ ਨਿਕਲੀ। ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਕਿ ਇਹ ਚਾਰੇ ਮੁਲਜ਼ਮ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਤਕਦੀਰ ਸਿੰਘ ਤੋਂ ਨਾਜਾਇਜ਼ ਹਥਿਆਰ ਖ਼ਰੀਦਦੇ ਸਨ। ਖੰਨਾ ਪੁਲਸ ਨੇ ਮੱਧ ਪ੍ਰਦੇਸ਼ 'ਚ ਛਾਪਾ ਮਾਰ ਕੇ ਤਕਦੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ, ਜਿਸ ਕੋਲੋਂ 4 ਪਿਸਤੌਲ 32 ਬੋਰ ਅਤੇ 8 ਮੈਗਜ਼ੀਨ ਬਰਾਮਦ ਹੋਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ