ਹੁਸ਼ਿਆਰਪੁਰ ਦੇ ਇਨ੍ਹਾਂ 5 ਪੰਜਾਬੀਆਂ ਨੇ ਕੈਨੇਡਾ ਚੋਣਾਂ 'ਚ ਮਾਰੀਆਂ ਮੱਲਾਂ

10/22/2019 9:39:27 PM

ਹੁਸ਼ਿਆਰਪੁਰ,(ਅਮਰਿੰਦਰ): ਕੈਨੇਡਾ 'ਚ ਹੋਈਆਂ ਸੰਸਦੀ ਚੋਣਾਂ 'ਚ ਕੁੱਲ 388 'ਚੋਂ 157 ਸੀਟਾਂ ਜਿੱਤਣ ਵਾਲੀ ਲਿਬਰਲ ਪਾਰਟੀ ਦੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਦੁਬਾਰਾ ਬਣਨ ਜਾ ਰਹੀ ਹੈ। ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਪਿਛਲੀ ਸਰਕਾਰ ਵਿਚ 16 ਦੇ ਮੁਕਾਬਲੇ ਇਸ ਵਾਰ 18 ਪੰਜਾਬੀ ਸੰਸਦ ਮੈਂਬਰ ਚੁਣੇ ਗਏ ਹਨ, ਜਿਨ੍ਹਾਂ ਵਿਚੋਂ 5 ਹੁਸ਼ਿਆਰਪੁਰ ਜ਼ਿਲੇ ਨਾਲ ਸਬੰਧਤ ਹਨ। ਇਹ ਪਹਿਲਾ ਮੌਕਾ ਹੈ ਜਦੋਂ ਇੰਨੀ ਵੱਡੀ ਗਿਣਤੀ ਵਿਚ ਭਾਰਤੀ ਕੈਨੇਡਾ ਦੀ ਸੰਸਦ ਮੈਂਬਰ ਵਿਚ ਪਹੁੰਚੇ ਹਨ।

PunjabKesari

ਮਾਹਿਲਪੁਰ ਨਾਲ ਲੱਗਦੇ ਪਿੰਡ ਬਬੇਲੀ ਦੇ ਰਹਿਣ ਵਾਲੇ ਲੈਫਟੀਨੈਂਟ ਕਰਨਲ ਹਰਜੀਤ ਸਿੰਘ ਸੱਜਣ ਲਗਾਤਾਰ ਦੂਜੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਇਹੀ ਨਹੀਂ ਮੂਲ ਰੂਪ ਵਿਚ ਲੁਧਿਆਣਾ ਦੇ ਰਹਿਣ ਵਾਲੇ ਤੇ ਹੁਸ਼ਿਆਰਪੁਰ ਦੇ ਤਲਵਾੜਾ ਦੇ ਸਰਕਾਰੀ ਸਕੂਲ ਤੋਂ ਬਾਅਦ ਗੌਰਮਿੰਟ ਕਾਲਜ ਹੁਸ਼ਿਆਰਪੁਰ ਵਿਚੋਂ ਉੱਚ ਸਿੱਖਿਆ ਹਾਸਲ ਕਰਨ ਵਾਲੇ ਸੁੱਖ ਧਾਲੀਵਾਲ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਇਸ ਦੇ ਨਾਲ ਹੀ ਮਾਹਿਲਪੁਰ ਦੇ ਹੀ ਰਹਿਣ ਵਾਲੇ ਅਤੇ ਬਾਅਦ ਵਿਚ ਸ਼੍ਰੀਗੰਗਾਨਗਰ (ਰਾਜਸਥਾਨ) ਸ਼ਿਫਟ ਹੋਣ ਉਪਰੰਤ ਕੈਨੇਡਾ ਪੁੱਜੇ ਨਵਦੀਪ ਸਿੰਘ ਬੈਂਸ ਵੀ ਸੰਸਦ ਮੈਂਬਰ ਚੁਣੇ ਗਏ ਹਨ। ਹੁਸ਼ਿਆਰਪੁਰ ਦੇ ਮੁਹੱਲਾ ਵਿਜੇ ਨਗਰ ਦੀ ਰਹਿਣ ਵਾਲੀ ਰੂਬੀ ਸਹੋਤਾ ਨੇ ਬਰੈਂਪਟਨ ਨਾਰਥ ਸੀਟ ਅਤੇ ਗੜ੍ਹਦੀਵਾਲਾ ਤੋਂ 7 ਕਿਲੋਮੀਟਰ ਦੂਰ ਕੰਢੀ ਖੇਤਰ ਦੇ ਪਿੰਡ ਦਾਰਾਪੁਰ ਧਰਮਕੋਟ ਦੀ ਧੀ ਅੰਜੂ ਢਿੱਲੋਂ ਮਾਂਟਰੀਅਲ ਸਟੇਟ ਦੀ ਡੋਰਵਲ ਲਸੀਨ ਸੀਟ ਤੋਂ ਲਗਾਤਾਰ ਦੂਜੀ ਵਾਰ ਲਿਬਰਲ ਸੰਸਦ ਮੈਂਬਰ ਚੁਣੀ ਗਈ ਹੈ।

PunjabKesari

ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ 'ਚ ਰੱਖਿਆ ਮੰਤਰੀ ਵਜੋਂ ਆਪਣੀ ਖਾਸ ਪਛਾਣ ਬਣਾਉਣ ਵਾਲੇ ਲੈਫਟੀਨੈਂਟ ਕਰਨਲ ਹਰਜੀਤ ਸਿੰਘ ਸੱਜਣ ਪਹਿਲੇ ਪਗੜੀਧਾਰੀ ਫੌਜ ਅਧਿਕਾਰੀ ਹਨ, ਜੋ ਕੈਨੇਡਾ ਦੀ ਫੌਜ ਦੇ ਸਰਬਉੱਚ ਸਨਮਾਨ 'ਆਰਡਰ ਆਫ ਮਿਲਟਰੀ' ਨਾਲ ਨਿਵਾਜੇ ਜਾ ਚੁੱਕੇ ਹਨ। ਉਨ੍ਹਾਂ ਨੂੰ ਅਫਗਾਨਿਸਤਾਨ ਵਿਚ ਪੱਛਮੀ ਫੌਜ ਨੂੰ ਲੀਡ ਕਰਨ ਦਾ ਸਨਮਾਨ ਵੀ ਪ੍ਰਾਪਤ ਹੈ। ਉਹ ਕੈਨੇਡਾ ਦੀ ਫੌਜ 'ਚ 1989 ਵਿਚ ਭਰਤੀ ਹੋਏ ਸਨ। 1995 ਵਿਚ ਪਹਿਲਾਂ ਕੈਪਟਨ ਤੇ ਸਾਲ 2005 'ਚ ਉਹ ਮੇਜਰ ਰੈਂਕ 'ਤੇ ਪੁੱਜੇ ਸਨ। ਇਸ ਚੋਣ ਵਿਚ ਉਹ ਵੈਨਕੂਵਰ ਸਾਊਥ (ਬ੍ਰਿਟਿਸ਼ ਕੋਲੰਬੀਆ) ਤੋਂ ਲਗਾਤਾਰ ਦੂਜੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਮਾਹਿਲਪੁਰ ਦੇ ਪਿੰਡ ਲੈਹਲੀ ਕਲਾਂ ਦੇ ਰਹਿਣ ਵਾਲੇ ਨਵਦੀਪ ਸਿੰਘ ਬੈਂਸ ਵੀ ਲਿਬਰਲ ਪਾਰਟੀ ਵੱਲੋਂ ਮਿਸੀਸਾਗਾ ਮਾਲਟਨ (ਓਨਟਾਰੀਓ) ਸੀਟ ਤੋਂ ਚੋਣ ਜਿੱਤ ਕੇ ਸੰਸਦ ਵਿਚ ਪਹੁੰਚੇ ਹਨ।

PunjabKesari

PunjabKesari

ਕੈਨੇਡੀਅਨ ਸੰਸਦ 'ਚ ਪੁੱਜਣ ਵਾਲੇ 18 ਪੰਜਾਬੀ

ਸੁੱਖ ਧਾਲੀਵਾਲ, ਹਰਜੀਤ ਸਿੰਘ ਸੱਜਣ, ਅੰਜੂ ਢਿੱਲੋਂ, ਨਵਦੀਪ ਸਿੰਘ ਬੈਂਸ, ਰੂਬੀ ਸਹੋਤਾ, ਬਰਦੀਸ਼ ਚੱਗਰ, ਜਗਮੀਤ ਸਿੰਘ, ਜਸਰਾਜ ਸਿੰਘ ਹੱਲਣ, ਜਗ ਸਹੋਤਾ, ਬੌਬ ਸਰੋਆ, ਗਗਨ ਸਿਕੰਦ, ਰਣਦੀਪ ਸਿੰਘ ਸਰਾਏ, ਰਾਮੇਸ਼ਵਰ ਸਿੰਘ ਸੰਘਾ, ਮਨਿੰਦਰ ਸਿੰਘ ਸਿੱਧੂ, ਕਮਲ ਖਹਿਰਾ, ਸੋਨੀਆ ਸਿੱਧੂ, ਰਾਜ ਸੈਣੀ ਅਤੇ ਟਿਮ ਉੱਪਲ।



 


Related News