ਹੱਥ-ਪੈਰ ਸੁੰਨ ਕਰਨ ਵਾਲੀ ਠੰਡ 'ਚ 'ਨਿੱਘ ਦਾ ਅਹਿਸਾਸ'

Tuesday, Feb 12, 2019 - 04:03 PM (IST)

ਹੱਥ-ਪੈਰ ਸੁੰਨ ਕਰਨ ਵਾਲੀ ਠੰਡ 'ਚ 'ਨਿੱਘ ਦਾ ਅਹਿਸਾਸ'

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਉਸ ਦਿਨ ਲਗਾਤਾਰ ਬਾਰਸ਼ ਪੈ ਰਹੀ ਸੀ, ਜੋ ਸਵੇਰੇ ਤੜਕਸਾਰ ਸ਼ੁਰੂ ਹੋਈ ਅਤੇ ਫਿਰ ਰੁਕਣ ਦਾ ਨਾਂ-ਨਿਸ਼ਾਨ ਨਹੀਂ। ਹੱਦ ਦੀ ਗੱਲ ਉਦੋਂ  ਹੋਈ, ਜਦੋਂ ਬਰਫ ਵੀ ਪੈਣ ਲੱਗ  ਪਈ। ਸਰੀਰ ਨੂੰ ਕਾਂਬਾ ਛੇੜਨ ਵਾਲੀ ਠੰਡ ਸੀ, ਜਿਸ ਵਿਚ ਹੱਥ-ਪੈਰ ਸੁੰਨ ਹੁੰਦੇ ਜਾਂਦੇ ਸਨ। ਮਕਾਨ ਦੀ ਉੱਪਰਲੀ ਮੰਜ਼ਿਲ 'ਤੇ ਬਣਿਆ ਇਕ ਬਰਾਂਡਾ, ਜਿਸ ਦਾ ਗਲੀ ਵਾਲਾ ਪਾਸਾ ਪਰਦੇ ਲਾ ਕੇ ਢਕਿਆ ਹੋਇਆ ਸੀ, ਤਾਂ ਜੋ ਵਾਛੜ ਅੰਦਰ ਨਾ ਆ ਸਕੇ। ਅੰਦਰ ਮੌਜੂਦ ਸਨ ਕੁਝ ਬੇਬਸ ਅਤੇ ਲਾਚਾਰ ਲੋਕ, ਜਿਹੜੇ ਇਹ ਆਸ ਲੈ ਕੇ ਉਥੇ ਆਏ ਸਨ ਕਿ ਜ਼ਿੰਦਗੀ ਨੂੰ ਸਹਾਰਾ ਦੇਣ ਲਈ ਕੁਝ ਹਾਸਲ ਹੋਵੇਗਾ।

ਇਹ ਦ੍ਰਿਸ਼ ਰਾਜੌਰੀ ਜ਼ਿਲੇ ਦੇ ਭੀਂਬਰ ਗਲੀ ਨਾਮੀ ਸਥਾਨ ਦਾ ਹੈ, ਜਿੱਥੇ ਪੰਜਾਬ ਕੇਸਰੀ ਦੀ ਟੀਮ ਰਾਹਤ ਸਮੱਗਰੀ ਦਾ 495ਵਾਂ ਟਰੱਕ ਲੈ ਕੇ ਪੁੱਜੀ ਸੀ। ਇਹ ਟਰੱਕ ਰਾਜ ਜੈਨ ਫੈਬਰਿਕਸ ਪਰਿਵਾਰ ਲੁਧਿਆਣਾ ਨੇ ਭਿਜਵਾਇਆ ਸੀ ਅਤੇ ਇਸ ਵਿਚ ਸ਼ਾਮਲ ਸਨ 325 ਰਜਾਈਆਂ ਤਾਂ ਜੋ ਠੰਡ ਵਿਚ ਠਰਦੇ ਕੁਝ ਪਰਿਵਾਰਾਂ ਨੂੰ 'ਨਿੱਘ ਦਾ ਅਹਿਸਾਸ' ਕਰਵਾਇਆ ਜਾ ਸਕੇ।
ਇਸ ਰਾਹਤ ਵੰਡ ਕਾਰਜ ਵਿਚ ਸਹਿਯੋਗ ਕਰ ਰਹੇ ਸਥਾਨਕ ਭਾਜਪਾ ਨੇਤਾ ਜਨਾਬ ਨਿਸਾਰ ਹੁਸੈਨ ਸ਼ਾਹ ਨੇ ਬੜੇ ਸਪੱਸ਼ਟ ਸ਼ਬਦਾਂ ਵਿਚ ਦੱਸਿਆ ਕਿ ਭੀਂਬਰ ਗਲੀ ਅਤੇ ਇਸ ਨਾਲ ਸਬੰਧਤ ਇਲਾਕੇ ਅਜਿਹੇ ਹਨ, ਜਿੱਥੇ ਵੋਟਾਂ ਵਾਲੇ ਦਿਨਾਂ 'ਚ ਹੀ ਬੜੀ ਮੁਸ਼ਕਿਲ ਨਾਲ ਕੁਝ ਨੇਤਾ ਪਹੁੰਚਦੇ ਹਨ, ਬਾਅਦ ਵਿਚ 5 ਸਾਲ ਇਥੇ ਕੋਈ ਨਹੀਂ ਪਹੁੰਚਦਾ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀ ਵੀ ਕਿਸੇ ਖਾਸ ਮੌਕੇ 'ਤੇ ਹੀ ਇਨ੍ਹਾਂ ਪਿੰਡਾਂ ਦਾ ਚੱਕਰ ਲਾਉਂਦੇ ਹਨ ਪਰ ਉਨ੍ਹਾਂ ਕੋਲ ਵੀ ਇਥੋਂ ਦੇ ਲੋਕਾਂ ਦੀ ਸਹੂਲਤ ਲਈ ਕੁਝ ਨਹੀਂ ਹੁੰਦਾ।

ਭਾਜਪਾ ਨੇਤਾ ਨੇ ਕਿਹਾ ਕਿ ਇਸ ਖੇਤਰ ਦੇ ਲੋਕਾਂ ਨੂੰ ਫੌਜ ਅਤੇ ਸੁਰੱਖਿਆ ਫੋਰਸਾਂ ਦਾ ਹੀ ਸਹਾਰਾ ਹੈ, ਜੋ ਉਨ੍ਹਾਂ ਦੇ ਜਾਨ-ਮਾਲ ਦੀ ਰਾਖੀ ਵੀ ਕਰਦੀਆਂ ਹਨ ਅਤੇ ਦੁੱਖ-ਸੁੱਖ 'ਚ ਵੀ ਸ਼ਾਮਲ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਹੁਣ ਪੰਜਾਬ ਕੇਸਰੀ ਪੱਤਰ ਸਮੂਹ ਨੇ ਵੀ ਸਾਡਾ ਦੁੱਖ-ਦਰਦ ਪਛਾਣਨਾ ਅਤੇ ਵੰਡਾਉਣਾ ਸ਼ੁਰੂ ਕੀਤਾ ਹੈ ਅਤੇ ਲਾਚਾਰ ਲੋਕਾਂ ਲਈ ਰਜਾਈਆਂ ਦਾ ਟਰੱਕ ਭਿਜਵਾਇਆ ਹੈ। ਇਸ ਨਾਲ ਪੀੜਤ ਪਰਿਵਾਰਾਂ ਨੂੰ ਬਹੁਤ ਹੌਸਲਾ ਮਿਲੇਗਾ।

ਇਲਾਕੇ ਦੇ ਸਰਪੰਚ ਜਨਾਬ ਫਾਰੂਖ਼ ਸਾਹਿਬ ਨੇ ਸਹਾਇਤਾ ਲੈਣ ਲਈ ਜੁੜੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਥੇ ਫੌਜ ਪਾਕਿਸਤਾਨ ਦੀਆਂ ਸਾਜ਼ਿਸ਼ਾਂ ਅਤੇ ਹਮਲਿਆਂ ਦਾ ਜੁਆਬ ਦੇਣ ਲਈ ਲੜਾਈ ਲੜ ਰਹੀ ਹੈ, ਜਦੋਂਕਿ ਇਥੋਂ ਦੇ ਲੋਕ ਹਾਲਾਤ ਨਾਲ ਲੜ ਰਹੇ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਭੀਂਬਰ ਗਲੀ, ਮੇਂਢਰ ਅਤੇ ਹੋਰ ਪਹਾੜੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਵੱਧ ਤੋਂ ਵੱਧ ਮਦਦ ਭਿਜਵਾਈ ਜਾਵੇ।

ਖੇਤਰ ਦੇ ਨੌਜਵਾਨ ਆਗੂ ਤੌਸੀਫ ਅਹਿਮਦ ਨੇ ਬੜੇ ਜੋਸ਼ ਭਰੇ ਅੰਦਾਜ਼ ਵਿਚ ਕਿਹਾ ਕਿ ਇਸ ਖੇਤਰ ਵਿਚ ਫੌਜ ਦੀ ਮੌਜੂਦਗੀ ਕਾਰਨ ਹੀ ਲੋਕ ਸੁਰੱਖਿਅਤ ਹਨ ਅਤੇ ਇਨ੍ਹਾਂ ਲੋਕਾਂ ਕਾਰਨ ਹੀ ਜੰਮੂ-ਕਸ਼ਮੀਰ ਅਤੇ ਬਾਕੀ ਦੇਸ਼ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਅਸਿੱਧੀ ਜੰਗ ਜਾਰੀ ਹੈ, ਜਿਸ ਨੂੰ ਲੋਕ ਆਪਣੇ ਬਲਬੂਤੇ ਸਹਿਣ ਕਰ ਰਹੇ ਹਨ। ਨੇਤਾ ਲੋਕ ਤਾਂ ਵੋਟਾਂ ਲੈ ਕੇ ਦੌੜ ਜਾਂਦੇ ਹਨ ਅਤੇ ਫਿਰ ਮੂੰਹ ਵੀ ਨਹੀਂ ਵਿਖਾਉਂਦੇ।

ਪਾਕਿਸਤਾਨੀ ਹਰਕਤਾਂ ਨੇ ਜੰਨਤ ਨੂੰ ਦੋਜਖ਼ ਬਣਾ ਦਿੱਤੈ–ਵਰਿੰਦਰ ਸ਼ਰਮਾ
ਰਾਹਤ ਵੰਡ ਟੀਮ ਦੀ ਅਗਵਾਈ ਕਰਨ ਵਾਲੇ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਧਰਤੀ ਦਾ ਸਵਰਗ ਅਰਥਾਤ ਜੰਨਤ ਕਿਹਾ ਜਾਂਦਾ ਹੈ ਪਰ ਪਾਕਿਸਤਾਨ ਦੀਆਂ ਹਰਕਤਾਂ ਨੇ ਇਸ ਨੂੰ ਦੋਜਖ਼ (ਨਰਕ) ਬਣਾ ਦਿੱਤਾ ਹੈ। ਇਹ ਸੂਬਾ ਦੇਸ਼ ਦੀ ਵੰਡ ਸਮੇਂ ਤੋਂ ਹੀ ਪਾਕਿਸਤਾਨ ਦੀ ਬਦਨੀਤੀ ਦਾ ਸ਼ਿਕਾਰ ਬਣਦਾ ਆ ਰਿਹਾ ਹੈ। ਹੁਣ ਤਾਂ ਇਥੋਂ ਦੇ ਲੋਕਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਕਦੇ ਪਾਕਿਸਤਾਨ ਸਿੱਧੇ ਹਮਲੇ ਕਰਨ ਲੱਗਦਾ ਹੈ ਅਤੇ ਕਦੇ ਅੱਤਵਾਦ ਰੂਪੀ ਅਸਿੱਧੀ ਜੰਗ ਦੇ ਭਾਂਬੜ ਤੇਜ਼ ਕਰ ਦਿੰਦਾ ਹੈ। 

ਸ਼੍ਰੀ ਸ਼ਰਮਾ ਨੇ ਕਿਹਾ ਕਿ ਗੋਲੀਬਾਰੀ, ਮੋਰਟਾਰ, ਬੰਬ ਸਹਿਣ ਕਰਨ ਦੇ ਨਾਲ-ਨਾਲ ਲੋਕਾਂ ਨੂੰ ਗੁਰਬਤ, ਬੇਰੋਜ਼ਗਾਰੀ ਅਤੇ ਸਹੂਲਤਾਂ ਦੀ ਘਾਟ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਇਸ ਸੂਬੇ ਦੀਆਂ ਸਿਆਸੀ ਜਮਾਤਾਂ ਜਾਂ ਸਰਕਾਰਾਂ ਨੇ ਸੰਕਟ ਦੇ ਸ਼ਿਕਾਰ ਲੋਕਾਂ ਦੀ ਮਦਦ ਲਈ ਕੁਝ ਨਹੀਂ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਰਾਹਤ ਮੁਹਿੰਮ ਦਾ ਕਿਸੇ ਸਿਆਸੀ ਪਾਰਟੀ ਜਾਂ ਨੇਤਾ ਨਾਲ ਕੋਈ ਸਬੰਧ ਨਹੀਂ ਹੈ। ਅਸੀਂ ਉਸ ਦੇ ਨਾਲ ਖੜ੍ਹੇ ਹੋਵਾਂਗੇ, ਜਿਹੜਾ ਇਨਸਾਨੀਅਤ ਦੀ ਮਦਦ ਲਈ ਅੱਗੇ ਆਵੇਗਾ। ਉਨ੍ਹਾਂ ਪ੍ਰਭਾਵਿਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਵੀ ਉਨ੍ਹਾਂ ਨੂੰ ਹੋਰ ਸਹਾਇਤਾ ਪਹੁੰਚਾਈ ਜਾਵੇਗੀ। 
ਜੰਮੂ-ਕਸ਼ਮੀਰ ਪੁਲਸ ਦੇ ਇੰਸਪੈਕਟਰ ਜਾਵੇਦ ਨੇ ਇਲਾਕੇ ਦੇ ਮੁਸ਼ਕਲ ਹਾਲਾਤ ਦਾ ਜ਼ਿਕਰ ਕਰਦਿਆਂ ਇਕ ਸ਼ੇਅਰ ਪੇਸ਼ ਕੀਤਾ :

ਕਭੀ ਸਰਦੀ ਕਭੀ ਗਰਮੀ ਕੁਦਰਤ ਕੇ ਨਜ਼ਾਰੇ ਹੈਂ
ਪਿਆਸੇ ਵੋ ਭੀ ਹੈ ਜੋ ਸਮੁੰਦਰ ਕੇ ਕਿਨਾਰੇ ਹੈਂ

ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਲੋਕ ਬਹੁਤ ਮਿਹਨਤੀ ਹਨ ਪਰ ਸਹੂਲਤਾਂ ਨਾਮਾਤਰ ਹਨ। ਅੱਜ ਵੀ ਬਹੁਤੀਆਂ ਔਰਤਾਂ ਚੁੱਲ੍ਹੇ 'ਚ ਲੱਕੜਾਂ ਬਾਲ ਕੇ ਰੋਟੀ ਬਣਾਉਂਦੀਆਂ ਹਨ ਅਤੇ 100 ਘਰਾਂ 'ਚੋਂ ਸਿਰਫ 10 ਕੋਲ ਹੀ ਗੈਸ ਸਿਲੰਡਰ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੀ ਖੇਤੀਬਾੜੀ ਬਹੁਤ ਸੀਮਤ ਹੈ ਅਤੇ ਲੋਕਾਂ ਕੋਲ  ਲੋੜ ਲਈ ਵੀ ਅਨਾਜ ਨਹੀਂ ਹੁੰਦਾ। ਉਨ੍ਹਾਂ ਰਾਹਤ ਸਮੱਗਰੀ ਭਿਜਵਾਉਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਲੁਧਿਆਣਾ ਤੋਂ ਸਮੱਗਰੀ ਦਾ ਟਰੱਕ ਲੈ ਕੇ ਆਏ ਸ਼੍ਰੀ ਵਿਪਨ-ਰੇਨੂ ਜੈਨ, ਅਨਮੋਲ-ਤਨੀਸ਼ਾ ਜੈਨ, ਰਾਜੇਸ਼ ਜੈਨ, ਰਮਾ ਜੈਨ, ਸਥਾਨਕ ਸਮਾਜਸੇਵੀ ਹੈੱਡਮਾਸਟਰ ਮੁਨੱਵਰ ਹੁਸੈਨ, ਖਾਕੀ ਨਜੀਰ ਹੁਸੈਨ,  ਲੁਧਿਆਣਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਰਾਜਨ ਚੋਪੜਾ, ਸੰਜੀਵ ਮੋਹਿਨੀ, ਜੰਮੂ ਤੋਂ ਪੰਜਾਬ ਕੇਸਰੀ ਦੇ ਸ਼੍ਰੀ ਬਲਰਾਮ ਸੈਣੀ, ਪੁੰਛ ਤੋਂ ਪ੍ਰਤੀਨਿਧੀ ਧਨੁਜ ਸ਼ਰਮਾ, ਰਾਜੌਰੀ ਦੇ ਅਮੀਸ਼ ਮਲਹੋਤਰਾ, ਡਾ. ਸ਼ਕੀਲ ਅਹਿਮਦ ਅਤੇ ਰਜਿੰਦਰ ਸ਼ਰਮਾ (ਭੋਲਾ) ਵੀ ਮੌਜੂਦ ਸਨ।

ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰੋ–ਰਾਕੇਸ਼ ਜੈਨ
ਲੁਧਿਆਣਾ ਤੋਂ ਵਿਸ਼ੇਸ਼ ਤੌਰ 'ਤੇ ਸਮੱਗਰੀ ਦੀ ਵੰਡ ਲਈ ਪੁੱਜੇ ਭਗਵਾਨ ਮਹਾਵੀਰ ਸੇਵਾ ਸੰਸਥਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਿਰਫ ਉਸ ਵਿਅਕਤੀ ਨੂੰ ਹੀ ਵੋਟ ਦਿਓ, ਜਿਹੜਾ ਤੁਹਾਡਾ ਦੁੱਖ-ਸੁੱਖ ਵੰਡਾਵੇ ਅਤੇ ਖੇਤਰ ਦੀ ਤਰੱਕੀ ਲਈ ਕੰਮ ਕਰੇ। 

ਸ਼੍ਰੀ ਰਾਕੇਸ਼ ਜੈਨ ਨੇ ਕਿਹਾ ਕਿ ਸਰਹੱਦੀ ਖੇਤਰਾਂ ਵਿਚ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਨ ਵਾਲੇ ਲੋਕ ਸਹੀ ਅਰਥਾਂ 'ਚ ਬਹਾਦਰ  ਹਨ, ਜਿਹੜੇ ਬਿਨਾਂ ਤਨਖਾਹ ਦੇ ਸਰਹੱਦਾਂ ਦੀ ਰਾਖੀ ਕਰ ਰਹੇ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪੀੜਤ ਅਤੇ ਲੋੜਵੰਦ ਪਰਿਵਾਰਾਂ  ਦੀ ਵਧ-ਚੜ੍ਹ ਕੇ ਮਦਦ ਕੀਤੀ ਜਾਵੇਗੀ। 

ਫੌਜੀ ਅਧਿਕਾਰੀ ਲੈਫਟੀਨੈਂਟ ਸ਼ੋਭਿਤ  ਪਾਂਡੇ ਨੇ ਕਿਹਾ ਕਿ ਫੌਜ ਇਸ ਖੇਤਰ ਵਿਚ ਲੋਕਾਂ ਦੀ ਹਰ ਸੰਭਵ ਸਹਾਇਤਾ ਕਰ ਰਹੀ ਹੈ। ਵੱਖ-ਵੱਖ ਇਲਾਕਿਆਂ ਵਿਚ ਮੈਡੀਕਲ ਕੈਂਪ ਲਾ ਕੇ ਲੋੜਵੰਦਾਂ ਨੂੰ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਵੀ ਦੁੱਖ-ਸੁੱਖ ਵੇਲੇ ਫੌਜ ਲੋਕਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਫੌਜ ਦੀਆਂ ਆਪਣੀਆਂ ਸੀਮਾਵਾਂ ਹਨ, ਇਸ ਲਈ ਹੋਰ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। 
ਸ਼੍ਰੀ ਪਾਂਡੇ ਨੇ ਇਹ ਵੀ ਕਿਹਾ ਕਿ ਫੌਜ ਦੀ ਵਧੀਆ ਭੂਮਿਕਾ ਕਾਰਨ ਹੀ ਆਮ ਲੋਕ ਅੱਜ ਫੌਜ ਦਾ ਵਧ-ਚੜ੍ਹ ਕੇ ਸਾਥ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਵਲੋਂ ਜੰਮੂ-ਕਸ਼ਮੀਰ ਲਈ ਚਲਾਈ ਜਾ ਰਹੀ ਰਾਹਤ ਮੁਹਿੰਮ ਇਕ ਵੱਡਾ ਸੇਵਾ-ਕਾਰਜ ਹੈ। 

ਇਸ ਰਾਹਤ-ਵੰਡ ਆਯੋਜਨ ਮੌਕੇ ਸੁਰੱਖਿਆ ਪ੍ਰਬੰਧਾਂ ਦੀ ਕਮਾਨ ਸੰਭਾਲ ਰਹੇ ਮੇਂਢਰ ਦੇ ਡੀ. ਐੱਸ. ਪੀ. ਸ਼੍ਰੀ ਨੀਰਜ ਪਡਿਆਰ ਨੇ ਕਿਹਾ ਕਿ ਪਹਾੜੀ ਖੇਤਰ ਦੇ ਲੋਕਾਂ ਨੂੰ ਇਕ ਤਾਂ ਸਹੂਲਤਾਂ ਦੀ ਘਾਟ ਹੁੰਦੀ ਹੈ, ਦੂਜਾ ਇਥੇ ਸੁਰੱਖਿਆ ਦਾ ਮੁੱਦਾ ਵੀ ਅਹਿਮ ਹੈ। ਅੱਤਵਾਦ ਦੇ ਨਾਲ-ਨਾਲ ਪਾਕਿਸਤਾਨ ਵਲੋਂ ਕੀਤੀ ਜਾਂਦੀ ਗੋਲੀਬਾਰੀ ਦਾ ਡਰ ਵੀ ਹਰ ਵੇਲੇ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ 'ਚ ਰਹਿਣ ਵਾਲੇ ਪ੍ਰਭਾਵਿਤ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ।


author

Shyna

Content Editor

Related News