ਕੋਰੋਨਾ ਕਾਲ ’ਚ ਬਰਡ ਫਲੂ ਦਾ ਖ਼ਦਸ਼ਾ, 40360 ਮੁਰਗੇ-ਮੁਰਗੀਆਂ ਮਾਰੇ

Wednesday, May 12, 2021 - 04:15 PM (IST)

ਡੇਹਲੋਂ (ਡਾ. ਪ੍ਰਦੀਪ) : ਡੇਹਲੋਂ ਨੇੜੇ ਕਿਲਾ ਰਾਏਪੁਰ ਸਥਿਤ ਸੂਬਾ ਸਿੰਘ ਪੋਲਟਰੀ ਫਾਰਮ ’ਚ ਮੁਰਗੇ-ਮੁਰਗੀਆਂ ’ਚ ਬਰਡ ਫਲੂ ਪਾਏ ਜਾਣ ਤੋਂ ਬਾਅਦ ਪਸ਼ੂ ਪਾਲਣ ਮਹਿਕਮੇ ਦੀਆਂ ਰੈਪਿਡ ਰਿਸਪਾਂਸ ਟੀਮਾਂ ਵੱਲੋਂ ਮੁਰਗੇ-ਮੁਰਗੀਆਂ ਨੂੰ ਮਾਰ ਕੇ ਦੱਬਣ ਦਾ ਆਪ੍ਰੇਸ਼ਨ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਮਹਿਕਮੇ ਦੇ ਡਿਪਟੀ ਡਾਇਰੈਕਟਰ ਡਾ. ਪਰਮਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਅੱਜ ਵੀ ਪੋਲਟਰੀ ਫਾਰਮ ਦੇ ਅੰਦਰ ਹੀ ਜੇ. ਸੀ. ਬੀ. ਨਾਲ ਮੁਰਗੇ-ਮੁਰਗੀਆਂ ਨੂੰ ਮਾਰਨ ਤੋਂ ਬਾਅਦ ਬੋਰੀਆਂ ’ਚ ਪਾ ਕੇ ਅਤੇ ਅੰਡਿਆਂ ਨੂੰ ਟੋਇਆਂ ’ਚ ਦੱਬਿਆ ਗਿਆ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਤੱਕ 31600 ਮੁਰਗੇ-ਮੁਰਗੀਆਂ ਨੂੰ ਮਾਰ ਕੇ ਦੱਬਿਆ ਗਿਆ ਸੀ ਅਤੇ ਅੱਜ ਰੈਪਿਡ ਰਿਸਪਾਂਸ ਟੀਮਾਂ ਵਲੋਂ 8760 ਮੁਰਗੇ-ਮੁਰਗੀਆਂ ਨੂੰ ਮਾਰ ਕੇ ਦੱਬਿਆ ਗਿਆ। ਇਸ ਤਰ੍ਹਾਂ ਹੁਣ ਤੱਕ 40 ਹਜ਼ਾਰ 360 ਮੁਰਗੇ-ਮੁਰਗੀਆਂ ਨੂੰ ਮਾਰ ਕੇ ਦੱਬਿਆ ਜਾ ਚੁੱਕਾ ਹੈ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਅੱਜ 4110 ਅੰਡਿਆਂ ਨੂੰ ਵੀ ਨਸ਼ਟ ਕੀਤਾ ਗਿਆ ਹੈ, ਜਦਕਿ ਕੱਲ 7200 ਅੰਡਿਆਂ ਨੂੰ ਨਸ਼ਟ ਕੀਤਾ ਗਿਆ ਸੀ ਅਤੇ ਹੁਣ ਤੱਕ 11310 ਅੰਡਿਆਂ ਨੂੰ ਨਸ਼ਟ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਅਗਲੇ ਥੋੜ੍ਹੇ ਦਿਨਾਂ ’ਚ ਸਾਰਾ ਆਪ੍ਰੇਸ਼ਨ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਰਗੀਆਂ ਦੀ ਫੀਡ ਅਤੇ ਬਿੱਠਾਂ ਨੂੰ ਵੀ ਨਸ਼ਟ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਅਮਿਤਾਭ ਬੱਚਨ ਵਲੋਂ ਦਿੱਤੀ 2 ਕਰੋੜ ਦੀ ਮਦਦ ’ਤੇ ਜਾਗੋ ਪਾਰਟੀ ਨੇ ਜਤਾਇਆ ਇਤਰਾਜ਼, ਜੀ. ਕੇ. ਨੇ ਕੀਤਾ ਵੱਡਾ ਐਲਾਨ

ਦੱਸਣਯੋਗ ਹੈ ਕਿ ਇਕ ਪਾਸੇ ਕੋਰੋਨਾ ਮਹਾਮਾਰੀ ਦੇ ਕਹਿਰ ਨਾਲ ਲੋਕ ਮਰ ਰਹੇ ਹਨ, ਦੂਜੇ ਪਾਸੇ ਕਿਲਾ ਰਾਏਪੁਰ ਦੇ ਅਧੀਨ ਪੈਂਦੇ ਡੇਹਲੋਂ ਬਲਾਕ ਦੇ ਇਕ ਪੋਲਟਰੀ ਫਾਰਮ ’ਚ ਬਰਡ ਫਲੂ ਦਾ ਕੇਸ ਸਾਹਮਣੇ ਆਇਆ। ਇਸ ਨਾਲ ਸਬੰਧਿਤ ਵਿਭਾਗਾਂ ਵਿਚ ਹਫੜਾ-ਦਫੜੀ ਮਚ ਗਈ ਹੈ। ਜਾਣਕਾਰੀ ਮੁਤਾਬਕ ਇਹ ਪੋਲਟਰੀ ਫਾਰਮ ਸੂਬਾ ਸਿੰਘ ਨਾਂ ਦੇ ਵਿਅਕਤੀ ਦਾ ਹੈ। ਇਸ ਕੇਸ ਸਬੰਧੀ ਸਰਕਾਰ ਦੇ ਹੁਕਮਾਂ ਤਹਿਤ ਇਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਵਿਚ ਏ. ਡੀ. ਸੀ. ਖੰਨਾ ਚੇਅਰਮੈਨ, ਐੱਸ. ਡੀ. ਐੱਮ. ਪਾਇਲ, ਏ. ਡੀ. ਸੀ. ਪੀ.-2 ਜਸਕਿਰਨ ਸਿੰਘ ਤੇਜਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਬੀ. ਡੀ. ਪੀ. ਓ. ਡੇਹਲੋਂ, ਜ਼ਿਲ੍ਹਾ ਵਣ ਅਫ਼ਸਰ ਲੁਧਿਆਣਾ, ਸੀਨੀਅਰ ਮੈਡੀਕਲ ਅਫ਼ਸਰ ਡੇਹਲੋਂ, ਨਾਇਬ ਤਹਿਸੀਲਦਾਰ ਡੇਹਲੋਂ ਅਤੇ ਆਦੇਸ਼ ਗੁਪਤਾ ਕਾਰਜਕਾਰੀ ਅਧਿਕਾਰੀ ਲੋਕ ਨਿਰਮਾਣ ਵਿਭਾਗ ਨੂੰ ਮੈਂਬਰ ਵੱਜੋਂ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਜਥੇਦਾਰ ਇੰਦਰਜੀਤ ਜ਼ੀਰਾ ਦੇ ਅਕਾਲ ਚਲਾਣੇ ’ਤੇ ਰੰਧਾਵਾ ਵਲੋਂ ਦੁੱਖ ਦਾ ਪ੍ਰਗਟਾਵਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Anuradha

Content Editor

Related News