ਪੰਜਾਬ ’ਚ ਲੂ ਦਾ ਕਹਿਰ, ਗਰਮੀ ਦੀ ਤਪਸ਼ ਨਾਲ 8 ਸਾਲਾ ਮਾਸੂਮ ਦੀ ਮੌਤ
Tuesday, May 17, 2022 - 03:22 PM (IST)
ਲੌਂਗੋਵਾਲ (ਵਸ਼ਿਸ਼ਟ) : ਅੱਤ ਦੀ ਪੈ ਰਹੀ ਗਰਮੀ ਦੀ ਤਪਸ਼ ਨੇ ਅੱਜ ਇੱਥੇ ਇਕ ਮਾਸੂਮ ਬੱਚੇ ਦੀ ਜਾਨ ਲੈ ਲਈ। ਸਥਾਨਕ ਪੱਤੀ ਦੁੱਲਟ ਦੇ ਵਸਨੀਕ ਪ੍ਰਗਟ ਸਿੰਘ ਦਾ ਪੁੱਤਰ ਮਹਿਕਪ੍ਰੀਤ ਸਿੰਘ (8) ਜੋ ਕਿ ਇਥੋਂ ਦੀ ਜੈਦ ਪੱਤੀ ਵਿਖੇ ਸਥਿਤ ਸਰਕਾਰੀ ਸਕੂਲ ’ਚ ਚੌਥੀ ਜਮਾਤ ਦਾ ਵਿਦਿਆਰਥੀ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਕੁਲਦੀਪ ਸਿੰਘ ਦੂਲੋ ਨੇ ਦੱਸਿਆ ਕਿ ਬੀਤੀ ਰਾਤ ਗਰਮੀ ਦੇ ਕਾਰਨ ਮਹਿਕਪ੍ਰੀਤ ਸਿੰਘ ਦੀ ਹਾਲਤ ਕਾਫੀ ਖ਼ਰਾਬ ਹੋ ਗਈ ਸੀ ਅਤੇ ਉਸ ਨੂੰ ਦਸਤ ਲੱਗ ਗਏ। ਜਿਸ ਦੇ ਚਲਦਿਆਂ ਮਹਿਕਪ੍ਰੀਤ ਨੂੰ ਇਥੇ ਇਕ ਪ੍ਰਾਈਵੇਟ ਡਾਕਟਰ ਕੋਲ ਲਿਜਾਇਆ ਗਿਆ। ਜਿੱਥੋਂ ਉਸ ਨੂੰ ਸੰਗਰੂਰ ਭੇਜ ਦਿੱਤਾ ਗਿਆ। ਜਦ ਸੰਗਰੂਰ ਹਸਪਤਾਲ ’ਚ ਚੈੱਕ ਕਰਵਾਇਆ ਤਾਂ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ। ਕੁਲਦੀਪ ਸਿੰਘ ਦੂਲੋਂ ਨੇ ਦੱਸਿਆ ਕਿ ਸੰਗਰੂਰ ਤੋਂ ਪਟਿਆਲਾ ਜਾਂਦਿਆਂ ਭਵਾਨੀਗੜ੍ਹ ਦੇ ਨਜ਼ਦੀਕ ਉਕਤ ਮਾਸੂਮ ਬੱਚੇ ਦੀ ਮੌਤ ਹੋ ਗਈ। ਬੱਚੇ ਦੇ ਪਿਤਾ ਪਰਗਟ ਸਿੰਘ ਅਤੇ ਮਾਤਾ ਪਰਮਜੀਤ ਕੌਰ ਸਮੇਤ ਪੂਰਾ ਪਰਿਵਾਰ ਰੋ-ਰੋ ਕੇ ਹਾਲੋਂ ਬੇਹਾਲ ਹੋ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਸਿਵਲ ਹਸਪਤਾਲ ਦੇ ਮੁਲਾਜ਼ਮ ਦੀ ਗੋਲੀ ਮਾਰ ਕੇ ਹੱਤਿਆ
ਮਾਸੂਮ ਬੱਚੇ ਦੀ ਮੌਤ ਦੇ ਕਾਰਨ ਕਸਬੇ ’ਚ ਸ਼ੋਕ ਅਤੇ ਮਾਪਿਆ ’ਚ ਸਹਿਮ ਦਾ ਮਾਹੌਲ ਹੈ। ਦੱਸ ਦਈਏ ਕਿ ਇਸ ਵਾਰ ਮਈ ਮਹੀਨੇ ’ਚ ਅੱਤ ਦੀ ਪੈ ਰਹੀ ਗਰਮੀ ਖ਼ਾਸਕਰ ਬੱਚਿਆਂ ਲਈ ਘਾਤਕ ਸਿੱਧ ਹੋ ਰਹੀ ਹੈ। ਇਸੇ ਘਾਤਕ ਗਰਮੀ ਨੂੰ ਦੇਖਦਿਆਂ ਪਹਿਲਾਂ ਸਰਕਾਰ ਨੇ 15 ਮਈ ਤੋਂ ਸਕੂਲੀ ਬੱਚਿਆਂ ਨੂੰ ਛੁੱਟੀਆਂ ਦਾ ਐਲਾਨ ਕਰ ਦਿੱਤਾ ਸੀ ਪਰ ਇਨ੍ਹਾਂ ਹੁਕਮਾਂ ਨੂੰ ਵਾਪਸ ਲੈ ਕੇ ਫਿਰ ਇੱਕ ਜੂਨ ਤੋਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਪਰ ਇਸ ਵਾਰ ਪੈ ਰਹੀ ਗਰਮੀ ਬਰਦਾਸ਼ਤ ਤੋਂ ਬਾਹਰ ਹੀ ਨਹੀਂ ਮਾਪਿਆਂ ਲਈ ਵੀ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ : ਜਾਖੜ ਤੋਂ ਬਾਅਦ ਕਾਂਗਰਸ ’ਚ ਨਵਾਂ ਘਮਸਾਣ, ਮਨਪ੍ਰੀਤ ਬਾਦਲ ਖੇਮੇ ਨੇ ਖੋਲ੍ਹਿਆ ਵੜਿੰਗ ਖ਼ਿਲਾਫ਼ ਮੋਰਚਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।