ਨਾਕਾਬੰਦੀ ਦੌਰਾਨ 5 ਕਰੋੜ ਦੀ ਹੈਰੋਇਨ ਸਣੇ 4 ਸਮੱਗਲਰ ਗ੍ਰਿਫਤਾਰ

06/24/2020 10:57:15 AM

ਕਪੂਰਥਲਾ (ਭੂਸ਼ਣ)— ਥਾਣਾ ਕੋਤਵਾਲੀ ਦੀ ਪੁਲਸ ਨੇ ਸੁਭਾਨਪੁਰ ਮਾਰਗ 'ਤੇ ਨਾਕਾਬੰਦੀ ਦੌਰਾਨ ਇਕ ਸਵਿੱਫਟ ਕਾਰ 'ਚੋਂ ਤਲਾਸ਼ੀ ਦੌਰਾਨ 5 ਕਰੋੜ ਰੁਪਏ ਮੁੱਲ ਦੀ ਹੈਰੋਇਨ ਦੀ ਖੇਪ ਸਣੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. (ਸਬ ਡਵੀਜ਼ਨ) ਸੁਰਿੰਦਰ ਸਿੰਘ ਨੇ ਦੱਸਿਆ ਕਿ ਐੱਸ. ਐੱਚ. ਓ. ਇੰਸ. ਨਵਦੀਪ ਸਿੰਘ ਨੇ ਚੌਕੀ ਬਾਦਸ਼ਾਹਪੁਰ ਦੇ ਇੰਚਾਰਜ ਅਮਨਦੀਪ ਕੁਮਾਰ ਨਾਲ ਸੁਭਾਨਪੁਰ ਮਾਰਗ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਨਿਜਾਮਪੁਰ ਮੋੜ ਨੇੜੇ ਇਕ ਤੇਜ਼ ਰਫਤਾਰ ਸਵਿੱਫਟ ਡੀਜ਼ਾਇਰ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਾਰ ਚਾਲਕ ਨੇ ਫਰਾਰ ਹੋਣ ਦੇ ਚੱਕਰ 'ਚ ਕਾਰ ਦੀ ਦਰੱਖਤ 'ਚ ਮਾਰ ਦਿੱਤੀ। ਜਿਸ ਦੌਰਾਨ ਪੁਲਸ ਟੀਮ ਨੇ ਘੇਰਾਬੰਦੀ ਕਰਕੇ ਕਾਰ 'ਚ ਮੌਜੂਦ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ।

PunjabKesari

ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਆਪਣੇ ਨਾਮ ਅਦਿੱਤਿਆ ਕਪੂਰ ਉਰਫ ਮੱਖਣ ਵਾਸੀ ਲਾਹੌਰੀ ਗੇਟ ਅੰਮ੍ਰਿਤਸਰ, ਮਨਪ੍ਰੀਤ ਉਰਫ ਮੋਨੂੰ ਵਾਸੀ ਕਬੀਰ ਨਗਰ ਮੁਹੱਲਾ ਨਿਊ ਅਮਨ ਨਗਰ ਲੁਧਿਆਣਾ, ਰਾਜਵੀਰ ਗਿੱਲ ਵਾਸੀ ਲੁਧਿਆਣਾ ਅਤੇ ਜਪਨੀਤ ਸਿੰਘ ਉਰਫ ਜਪ ਵਾਸੀ ਪਿੰਡ ਸਰੀਂਹ ਥਾਣਾ ਡੇਹਲੋਂ ਜ਼ਿਲਾ ਲੁਧਿਆਣਾ ਦੱਸਿਆ। ਮੁਲਜ਼ਮਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 1 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਬਰਾਮਦ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ 5 ਕਰੋੜ ਰੁਪਏ ਹੈ। ਕਾਬੂ ਕੀਤੇ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ 'ਚ ਕਈ ਮਾਮਲੇ ਦਰਜ ਹਨ।

ਡੀ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਨੂੰ ਥਾਣਾ ਕੋਤਵਾਲੀ ਦੀ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ, ਜਿਥੇ ਪੁਲਸ ਟੀਮ ਨੇ ਮੁਲਜ਼ਮਾਂ ਲਈ 5 ਦਿਨ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ। ਜਿਸ ਦੌਰਾਨ ਅਦਾਲਤ ਨੇ ਮੁਲਜ਼ਮਾਂ ਨੂੰ 3 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ।


shivani attri

Content Editor

Related News