ਮੋਹਾਲੀ ''ਚ ਠੰਡ ਤੇ ਧੁੰਦ ਦਾ ਕਹਿਰ, 4 ਲੋਕਾਂ ਦੀ ਮੌਤ
Wednesday, Jan 03, 2018 - 09:28 AM (IST)
ਮੋਹਾਲੀ (ਰਾਣਾ) : ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਨੇ ਹਰ ਕਿਸੇ ਨੂੰ ਆਪਣੀ ਲਪੇਟ 'ਚ ਲਿਆ ਹੈ ਅਤੇ ਹਰ ਕੋਈ ਠੁਰ-ਠੁਰ ਕਰਦਾ ਨਜ਼ਰ ਆ ਰਿਹਾ ਹੈ। ਅਜਿਹੇ 'ਚ ਸੜਕਾਂ ਕਿਨਾਰੇ ਰਾਤਾਂ ਗੁਜ਼ਾਰਨ ਵਾਲੇ ਲੋਕਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਹਾਲੀ 'ਚ ਠੰਡ ਕਾਰਨ ਹੁਣ ਤੱਕ ਚੌਥੀ ਜਾਨ ਜਾ ਚੁੱਕੀ ਹੈ। ਬੀਤੇ ਦਿਨ ਵੀ ਸੜਕ ਕਿਨਾਰੇ ਪਏ ਇਕ ਵਿਅਕਤੀ ਦੀ ਠੰਡ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਦੀ ਹੱਦ ਨਾਲ ਲਗਦੇ ਫੇਜ਼-6 ਸਥਿਤ ਕਾਲੀ ਮਾਤਾ ਮੰਦਰ ਕੋਲ ਇਕ ਲਾਸ਼ ਪਈ ਸੀ, ਜਿਵੇਂ ਹੀ ਉਥੋਂ ਲੰਘ ਰਹੇ ਵਿਅਕਤੀ ਨੇ ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ 'ਤੇ ਦਿੱਤੀ ਤਾਂ ਪੁਲਸ ਨੂੰ ਭਾਜੜਾਂ ਪੈ ਗਈਆਂ। ਇਸ 'ਤੇ ਤੁਰੰਤ ਕੁਝ ਹੀ ਦੇਰ ਵਿਚ ਪੀ. ਸੀ. ਆਰ. ਮੌਕੇ 'ਤੇ ਪਹੁੰਚੀ ਪਰ ਉਹ ਵੀ ਕਾਫੀ ਦੇਰ ਤਕ ਇਹੀ ਵੇਖਦੀ ਰਹੀ ਕਿ ਇਹ ਏਰੀਆ ਚੰਡੀਗੜ੍ਹ ਜਾਂ ਮੋਹਾਲੀ ਦਾ ਹੈ। ਫਿਰ ਸਪੱਸ਼ਟ ਹੋਇਆ ਕਿ ਇਹ ਏਰੀਆ ਮੋਹਾਲੀ ਦਾ ਹੈ, ਜਿਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦਿਆਂ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ । ਮ੍ਰਿਤਕ ਵਿਅਕਤੀ ਪੂਰੀ ਰਾਤ ਠੰਡ ਤੇ ਧੁੰਦ ਵਿਚ ਸੜਕ ਦੇ ਕੋਲ ਹੀ ਪਿਆ ਰਿਹਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
