ਨਸ਼ੀਲੇ ਪਦਾਰਥਾਂ ਸਣੇ 4 ਗ੍ਰਿਫਤਾਰ
Saturday, Nov 25, 2017 - 06:49 AM (IST)

ਤਰਨਤਾਰਨ, (ਰਾਜੂ,ਸੌਰਭ)- ਜ਼ਿਲਾ ਤਰਨਤਾਰਨ ਦੀ ਪੁਲਸ ਨੇ ਵੱਖ-ਵੱਖ ਥਾਣਿਆਂ ਅਧੀਨ ਆਉਂਦੇ ਖੇਤਰਾਂ ਵਿਚ ਛਾਪੇਮਾਰੀ ਕਰ ਕੇ ਨਸ਼ੀਲੇ ਪਦਾਰਥਾਂ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਤੇ 2 ਵਿਅਕਤੀਆਂ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਥਾਣਾ ਸਰਾਏ ਅਮਾਨਤ ਖਾਂ ਦੇ ਏ. ਐੱਸ. ਆਈ. ਅੰਗਰੇਜ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਗਸ਼ਤ ਦੇ ਸਬੰਧ ਵਿਚ ਗੰਡੀਵਿੰਡ, ਚੀਮਾ ਸ਼ੁਕਰਚੱਕ ਆਦਿ ਨੂੰ ਜਾ ਰਹੇ ਸੀ। ਇਸ ਦੌਰਾਨ ਜਦੋਂ ਅਸੀਂ ਡਰੇਨ ਚੀਮਾ ਸ਼ੁਕਰਚੱਕ ਪਹੁੰਚੇ ਤਾਂ ਇਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਸਾਨੂੰ ਵੇਖ ਘਬਰਾ ਕੇ ਪਿੱਛੇ ਨੂੰ ਮੁੜ ਗਿਆ, ਜਿਸ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਨਾਂ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਹਰਜੀਤ ਸਿੰਘ ਪੁੱਤਰ ਵੱਸਣ ਸਿੰਘ ਵਾਸੀ ਗੰਡੀਵਿੰਡ ਪੱਤੀ ਗਾਗੀਆ ਦੱਸਿਆ, ਜਿਸ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 110 ਨਸ਼ੀਲੇ ਕੈਪਸੂਲ ਬਰਾਮਦ ਹੋਏ।
ਥਾਣਾ ਸਿਟੀ ਪੱਟੀ ਦੇ ਐੱਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੇ ਸਬੰਧ ਵਿਚ ਸਿਵਲ ਹਸਪਤਾਲ ਪੱਟੀ ਤੋਂ ਸਰਹਾਲੀ ਰੋਡ ਜਾ ਰਹੇ ਸੀ ਕਿ ਜਦੋਂ ਅਸੀਂ ਨਦੋਹਰ ਚੌਕ ਪਹੁੰਚੇ ਤਾਂ ਸਾਹਮਣਿਓਂ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ ਜੋ ਸਾਨੂੰ ਵੇਖ ਕੇ ਘਬਰਾ ਗਿਆ ਤੇ ਪਿੱਛੇ ਨੂੰ ਮੁੜ ਪਿਆ, ਜਿਸ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਨਾਂ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਬਲਬੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਵਾਰਡ ਨੰਬਰ-6 ਪੱਟੀ ਦੱਸਿਆ। ਤਲਾਸ਼ੀ ਲੈਣ 'ਤੇ ਉਸ ਕੋਲੋਂ 2 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸੇ ਤਰ੍ਹਾਂ ਥਾਣਾ ਸਦਰ ਪੱਟੀ ਦੇ ਐੱਸ. ਆਈ. ਸੁਖਚੈਨ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਗਸ਼ਤ ਦੇ ਸਬੰਧ ਵਿਚ ਪੁਲ ਸੁਆ ਚੂਸਲੇਵੜ ਨਜ਼ਦੀਕ ਜਾ ਰਹੇ ਸੀ ਕਿ ਸਾਹਮਣੇ ਵੱਲੋਂ ਇਕ ਨੌਜਵਾਨ ਆਉਂਦਾ ਦਿਖਾਈ ਦਿੱਤਾ, ਜਿਸ ਨੇ ਆਪਣੇ ਹੱਥ ਵਿਚ ਕੁੱਝ ਫੜਿਆ ਹੋਇਆ ਸੀ, ਜੋ ਸਾਨੂੰ ਵੇਖ ਕੇ ਆਪਣੇ ਹੱਥ ਵਾਲੀ ਚੀਜ਼ ਸੁੱਟ ਕੇ ਪਿੱਛੇ ਨੂੰ ਦੌੜ ਗਿਆ। ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਦੌੜਨ ਵਿਚ ਸਫਲ ਹੋ ਗਿਆ, ਜਿਸ ਦੀ ਪਛਾਣ ਲਖਵਿੰਦਰ ਸਿੰਘ ਪੁੱਤਰ ਮੱਸਾ ਸਿੰਘ ਵਾਸੀ ਵਾਰਡ ਨੰਬਰ-10 ਪੱਟੀ ਵਜੋਂ ਹੋਈ। ਦੋਸ਼ੀ ਵੱਲੋਂ ਸੁੱਟੀ ਹੋਈ ਚੀਜ਼ ਚੈੱਕ ਕੀਤੀ ਗਈ ਤਾਂ ਉਸ 'ਚੋਂ 250 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਇਸੇ ਤਰ੍ਹਾਂ ਥਾਣਾ ਵਲਟੋਹਾ ਦੇ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਪਿੰਡ ਘਰਿਆਲੀ ਰਾੜੇ ਵਾਲੀ ਨੂੰ ਜਾ ਰਹੇ ਸੀ। ਜਦੋਂ ਅਸੀਂ ਪੁਲ ਸੂਆ ਘਰਿਆਲੀ ਰਾੜੀ ਵਾਲੀ ਪੁੱਜੇ ਤਾਂ ਸਾਹਮਣੇ ਤੋਂ ਇਕ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਅਸੀਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਚਾਲਕ ਨੇ ਸਾਨੂੰ ਵੇਖ ਕੇ ਮੋਟਰਸਾਈਕਲ ਪਿੱਛੇ ਹੀ ਰੋਕ ਦਿੱਤਾ, ਜਿਨ੍ਹਾਂ 'ਚੋਂ ਲਖਵਿੰਦਰ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਪੂਲਾ ਭੱਜਣ ਵਿਚ ਕਾਮਯਾਬ ਹੋ ਗਿਆ ਤੇ ਬਾਕੀ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਪ੍ਰਿੰਸਪਾਲ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪੂਲਾ ਕੋਲੋਂ 10 ਗ੍ਰਾਮ ਹੈਰੋਇਨ ਅਤੇ 250 ਨਸ਼ੀਲੀਆਂ ਗੋਲੀਆਂ ਅਤੇ ਵਿਕਰਮਜੀਤ ਪੁੱਤਰ ਬਾਜ ਸਿੰਘ ਵਾਸੀ ਪੂਲਾ ਕੋਲੋਂ 355 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਇਸ ਸਬੰਧ 'ਚ ਉਕਤ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।