ਫਗਵਾੜਾ ਸਾਈਬਰ ਫਰਾਡ ਮਾਮਲੇ ''ਚ ਕੁੱਲ 39 ਗ੍ਰਿਫਤਾਰ; 2.15 ਕਰੋੜ ਰੁਪਏ, 40 ਲੈਪਟਾਪ ਤੇ 67 ਮੋਬਾਈਲ ਬਰਾਮਦ
Tuesday, Sep 23, 2025 - 10:43 PM (IST)

ਫਗਵਾੜਾ (ਜਲੋਟਾ) – ਫਗਵਾੜਾ ਸਾਈਬਰ ਧੋਖਾਧੇਹੀ ਰੈਕੇਟ ਮਾਮਲੇ ਵਿੱਚ ਇਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਫਗਵਾੜਾ ਵਿੱਚ ਇੱਕ ਵੱਡੇ ਅੰਤਰਰਾਸ਼ਟਰੀ ਸਾਈਬਰ ਧੋਖਾਧੇਹੀ ਸਿੰਡੀਕੇਟ ਦਾ ਹਾਲ ਹੀ ਵਿੱਚ ਪਰਦਾਫਾਸ਼ ਕੀਤੇ ਜਾਣ ਤੋਂ ਬਾਅਦ ਜ਼ਿਲ੍ਹਾ ਕਪੂਰਥਲਾ ਪੁਲਸ ਨੇ ਲੁਧਿਆਣਾ ਤੋਂ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਦੇ ਕਬਜ਼ੇ ਵਿੱਚੋਂ 2.05 ਕਰੋੜ ਰੁਪਏ ਦੀ ਹਵਾਲਾ ਦੀ ਰਕਮ ਬਰਾਮਦ ਕੀਤੀ ਹੈ ਜਿਸ ਨਾਲ ਇਸ ਮਾਮਲੇ ਵਿੱਚ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 39 ਹੋ ਗਈ ਹੈ ਅਤੇ ਕੁੱਲ ਬਰਾਮਦ ਕੀਤੀ ਗਈ ਰਕਮ 2.15 ਕਰੋੜ ਰੁਪਏ ਹੋ ਗਈ ਹੈ। ਉਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਪਵਨ ਵਜੋਂ ਹੋਈ ਹੈ, ਜੋ ਰਾਜਸਥਾਨ ਦੇ ਬੀਕਾਨੇਰ ਦਾ ਰਹਿਣ ਵਾਲਾ ਹੈ।
ਜਾਣਕਾਰੀ ਮੁਤਾਬਕ ਜ਼ਿਲ੍ਹਾ ਕਪੂਰਥਲਾ ਪੁਲਸ ਨੇ ਫਗਵਾੜਾ ਵਿੱਚ ਸਾਈਬਰ ਧੋਖਾਧੇਹੀ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਸੀ, ਜਿਸ ਨੇ ਮੁੱਖ ਤੌਰ ''ਤੇ ਸਾਫਟਵੇਅਰ ਹੱਲ ਮੁਹੱਈਆ ਕਰਵਾਉਣ ਦੀ ਆੜ ਵਿੱਚ ਅਮਰੀਕਾ ਅਤੇ ਕੈਨੇਡਾ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾਇਆ ਸੀ, 38 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ 40 ਲੈਪਟਾਪ, 67 ਮੋਬਾਈਲ ਫੋਨ ਅਤੇ 10,00,000 ਰੁਪਏ ਦੀ ਨਕਦੀ ਬਰਾਮਦ ਕੀਤੀ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਸ ਟੀਮਾਂ ਵਲੋਂ ਲੁਧਿਆਣਾ ਦੇ ਹਵਾਲਾ ਆਪਰੇਟਰ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਲੈਣ-ਦੇਣ ਮੁੱਖ ਤੌਰ ''ਤੇ ਬਿਟਕੋਇਨ ਅਤੇ ਹਵਾਲਾ ਚੈਨਲ ਰਾਹੀਂ ਕੀਤਾ ਗਿਆ ਸੀ। ਡੀਜੀਪੀ ਯਾਦਵ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੂਰੇ ਗਠਜੋੜ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਆਪਰੇਸ਼ਨ ਵੇਰਵੇ ਸਾਂਝੀ ਕਰਦਿਆਂ ਐੱਸ ਐੱਪ ਪੀ ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਇਸ ਮਾਮਲੇ ਦੀ ਮਨੁੱਖੀ ਅਤੇ ਤਕਨੀਕੀ ਜਾਂਚ ਤੋਂ ਬਾਅਦ ਪੁਲਸ ਟੀਮਾਂ ਨੇ ਇਸ ਰੈਕੇਟ ਵਿੱਚ ਲੁਧਿਆਣਾ ਦੇ ਵਿਅਕਤੀ ਦੀ ਸ਼ਮੂਲੀਅਤ ਦਾ ਪਤਾ ਲਗਾਇਆ ਸੀ।
ਇਸ ਤੋਂ ਤੁਰੰਤ ਕਾਰਵਾਈ ਕਰਦਿਆਂ ਐੱਸਪੀ ਜਾਂਚ ਪ੍ਰਭਜੋਤ ਸਿੰਘ ਵਿਰਕ ਦੀ ਨਿਗਰਾਨੀ ਹੇਠ ਡੀਐੱਸਪੀ ਪਰਮਿੰਦਰ ਸਿੰਘ, ਇੰਚਾਰਜ ਸੀਆਈਏ ਜਰਨੈਲ ਸਿੰਘ ਅਤੇ ਐੱਸਐੱਚਓ ਸਾਈਬਰ ਕ੍ਰਾਈਮ ਅਮਨਦੀਪ ਕੌਰ ਦੀ ਅਗਵਾਈ ਹੇਠ ਪੁਲਸ ਟੀਮਾਂ ਨੇ ਲੁਧਿਆਣਾ ਵਿਖੇ ਹਵਾਲਾ ਆਪਰੇਟਰ ਦੇ ਅਹਾਤੇ ''ਤੇ ਛਾਪਾ ਮਾਰਿਆ, ਜਿੱਥੇ ਉਸ ਦੇ ਸਹਾਇਕ ਪਵਨ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ 2.05 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ।
ਐੱਸਐਸੱਪੀ ਨੇ ਦੱਸਿਆ ਕਿ ਇਹ ਰੈਕੇਟ ਅਮਰਿੰਦਰ ਸਿੰਘ ਉਰਫ ਸਾਭੀ ਟੌਰੀ ਵਜੋਂ ਪਛਾਣੇ ਗਏ ਸਥਾਨਕ ਵਿਅਕਤੀ ਵੱਲੋਂ ਚਲਾਇਆ ਜਾ ਰਿਹਾ ਸੀ, ਜਿਸ ਨੇ ਫਗਵਾੜਾ ਵਿੱਚ ਇਮਾਰਤ ਨੂੰ ਕਿਰਾਏ ''ਤੇ ਦਿੱਤਾ ਸੀ। ਉਸ ਦਾ ਸਬੰਧ ਦਿੱਲੀ ਦੇ ਸੂਰਜ ਨਾਲ ਹੈ, ਜਿਸ ਦਾ ਸਬੰਧ ਕੋਲਕਾਤਾ ਦੇ ਸ਼ੇਨ ਨਾਂ ਦੇ ਸ਼ੱਕੀ ਵਿਅਕਤੀ ਨਾਲ ਹੈ।
ਇਸ ਸਬੰਧ ਵਿੱਚ, ਪੁਲਿਸ ਸਟੇਸ਼ਨ ਸਾਈਬਰ ਕ੍ਰਾਈਮ ਕਪੂਰਥਲਾ ਵਿਖੇ ਐੱਫਆਈਆਰ ਨੰਬਰ 14 ਮਿਤੀ 19.09.2025 ਨੂੰ ਭਾਰਤੀ ਨਿਆਯ ਸੰਹਿਤਾ (ਬੀਐੱਨਐੱਸ) ਦੀ ਧਾਰਾ 111, 318 (4) ਅਤੇ 61 (2) ਅਤੇ ਸੂਚਨਾ ਤਕਨਾਲੋਜੀ (ਆਈਟੀ) ਐਕਟ ਦੀ ਧਾਰਾ 66 ਸੀ ਅਤੇ 66 ਡੀ ਤਹਿਤ ਪਹਿਲਾਂ ਹੀ ਦਰਜ ਕੀਤੀ ਜਾ ਚੁੱਕੀ ਹੈ। ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਜਾਰੀ ਹੈ।