30 ਬੋਰੀਆਂ ਚੂਰਾ-ਪੋਸਤ ਸਣੇ 3 ਸਮੱਗਲਰ ਕਾਬੂ, 5 ਫਰਾਰ
Monday, Jun 12, 2017 - 02:12 AM (IST)
ਮੋਗਾ, (ਆਜ਼ਾਦ)- ਸਥਾਨਕ ਪੁਲਸ ਵੱਲੋਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਨਸ਼ੀਲੇ ਪਾਊਡਰ ਦੀ ਸਮੱਗਲਿੰਗ ਕਰਨ ਵਾਲਿਆਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਥਾਣਾ ਸਿਟੀ-1 ਥਾਣਾ ਸਦਰ ਅਤੇ ਥਾਣਾ ਚੜਿੱਕ ਨੇ ਇਕ ਟਰੱਕ ਅਤੇ ਦੋ ਗੱਡੀਆਂ ਨੂੰ ਕਾਬੂ ਕਰ ਕੇ ਉਸ 'ਚੋਂ 30 ਬੋਰੀਆਂ ਚੂਰਾ-ਪੋਸਤ (ਕੁਲ 10 ਕੁਵਿੰਟਲ 50 ਕਿਲੋ) ਬਰਾਮਦ ਕਰਨ ਤੋਂ ਇਲਾਵਾ 3 ਸਮੱਗਲਰਾਂ ਨੂੰ ਕਾਬੂ ਕੀਤਾ, ਜਦਕਿ 5 ਭੱਜਣ 'ਚ ਸਫਲ ਹੋ ਗਏ।
ਪਹਿਲਾ ਮਾਮਲਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਥਾਣਾ ਸਿਟੀ ਮੋਗਾ ਦੇ ਮੁਖੀ ਰਜਿੰਦਰਪਾਲ ਸਿੰਘ ਅਤੇ ਸਹਾਇਕ ਥਾਣੇਦਾਰ ਹਰਜੀਤ ਸਿੰਘ ਪੁਲਸ ਪਾਰਟੀ ਨਾਲ ਇਲਾਕੇ 'ਚ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਇਲਾਕੇ 'ਚ ਇਨੋਵਾ ਗੱਡੀ ਵਿਚ ਸਵਾਰ ਸਮੱਗਲਰ ਭਾਰੀ ਮਾਤਰਾ 'ਚ ਚੂਰਾ-ਪੋਸਤ ਲਿਜਾ ਰਹੇ ਹਨ, ਜਿਸ 'ਤੇ ਉਨ੍ਹਾਂ ਬਾਈਪਾਸ ਨਹਿਰ ਲੌਹਾਰਾ 'ਤੇ ਨਾਕਾਬੰਦੀ ਕੀਤੀ ਤਾਂ ਪੁਲਸ ਪਾਰਟੀ ਨੇ ਜਦੋਂ ਸ਼ੱਕ ਦੇ ਆਧਾਰ 'ਤੇ ਇਕ ਇਨੋਵਾ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਪੁਲਸ ਪਾਰਟੀ ਨੂੰ ਦੇਖਦੇ ਹੀ ਚਾਲਕ ਘਬਰਾ ਗਿਆ ਅਤੇ ਉਸ ਨੇ ਕਾਰ ਦਰੱਖਤ 'ਚ ਜਾ ਮਾਰੀ। ਇਸ ਦੌਰਾਨ ਬਿੱਕਰ ਸਿੰਘ ਉਰਫ ਭੋਲਾ ਨਿਵਾਸੀ ਕਪੂਰਥਲਾ ਅਤੇ ਦੇਵਨ ਨਿਵਾਸੀ ਪਿੰਡ ਦੌਲੇਵਾਲਾ ਭੱਜਣ 'ਚ ਸਫਲ ਹੋ ਗਏ, ਜਦਕਿ ਸੁਰਿੰਦਰ ਸਿੰਘ ਛਿੰਦਾ ਨਿਵਾਸੀ ਬਾਕਰਵਾਲਾ (ਲਾਟੀਆਂਵਾਲੀ) ਕਪੂਰਥਲਾ ਨੂੰ ਪੁਲਸ ਨੇ ਕਾਬੂ ਕਰ ਲਿਆ। ਇਸ ਦੌਰਾਨ ਉਕਤ ਗੱਡੀ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ 10 ਬੋਰੀਆਂ ਚੂਰਾ-ਪੋਸਤ (3 ਕੁਵਿੰਟਲ 50 ਕਿਲੋ) ਬਰਾਮਦ ਹੋਇਆ। ਸਮੱਗਲਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੂਸਰਾ ਮਾਮਲਾ
ਇਸੇ ਤਰ੍ਹਾਂ ਥਾਣਾ ਸਦਰ ਮੋਗਾ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ, ਸਹਾਇਕ ਥਾਣੇਦਾਰ ਸੁਰਿੰਦਰਪਾਲ ਸਿੰਘ, ਸਹਾਇਕ ਥਾਣੇਦਾਰ ਤਾਰਾ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਕਰ ਰਹੇ ਸੀ ਅਤੇ ਇਸ ਦੌਰਾਨ ਜਦੋਂ ਪੁਲਸ ਪਾਰਟੀ ਨਿਧਾਂਵਾਲਾ-ਸਲੀਣਾ ਰੋਡ 'ਤੇ ਜਾ ਰਹੇ ਸੀ ਤਾਂ ਉਸ ਨੇ ਸ਼ੱਕ ਦੇ ਆਧਾਰ 'ਤੇ ਇਕ ਇਨੋਵਾ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਪੁਲਸ ਪਾਰਟੀ ਨੂੰ ਦੇਖਦੇ ਹੀ ਕਾਰ ਚਾਲਕ ਘਬਰਾ ਗਿਆ ਅਤੇ ਉਸ ਨੇ ਭੱਜਣ ਦਾ ਯਤਨ ਕੀਤਾ। ਇਸ ਦੌਰਾਨ ਕਾਰ ਦਰੱਖਤ ਨਾਲ ਜਾ ਟਕਰਾਈ। ਪੁਲਸ ਪਾਰਟੀ ਨੇ ਗੁਰਪ੍ਰੀਤ ਸਿੰਘ ਗੋਪੀ ਨਿਵਾਸੀ ਪਿੰਡ ਦੀਪਵਾਲਾ (ਕਪੂਰਥਲਾ) ਨੂੰ ਕਾਬੂ ਕਰ ਲਿਆ, ਜਦਕਿ ਬੂਟਾ ਸਿੰਘ ਨਿਵਾਸੀ ਪਿੰਡ ਦੌਲੇਵਾਲਾ ਅਤੇ ਗੁਰਦੇਵ ਸਿੰਘ ਨਿਵਾਸੀ ਕੋਟ ਈਸੇ ਖਾਂ ਭੱਜਣ 'ਚ ਸਫਲ ਹੋ ਗਏ। ਇਸ ਦੌਰਾਨ ਉਕਤ ਗੱਡੀ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ 10 ਬੋਰੀਆਂ ਚੂਰਾ-ਪੋਸਤ (3 ਕੁਇੰਟਲ 50 ਕਿਲੋ) ਬਰਾਮਦ ਕੀਤਾ ਗਿਆ। ਸਮੱਗਲਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਤੀਸਰਾ ਮਾਮਲਾ
ਉਧਰ, ਥਾਣਾ ਚੜਿੱਕ ਦੇ ਮੁਖੀ ਇੰਸਪੈਕਟਰ ਜਗਦੇਵ ਸਿੰਘ ਪੁਲਸ ਪਾਰਟੀ ਨਾਲ ਇਲਾਕੇ 'ਚ ਗਸ਼ਤ ਕਰ ਰਹੇ ਸੀ ਤਾਂ ਇਸ ਦੌਰਾਨ ਜਦੋਂ ਉਹ ਚੜਿੱਕ ਪੁਲ ਸੂਆ 'ਤੇ ਪੁੱਜੇ ਤਾਂ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਜਦੋਂ ਇਕ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਪੁਲਸ ਪਾਰਟੀ ਨੂੰ ਦੇਖਦੇ ਹੀ ਇਕ ਵਿਅਕਤੀ ਫਰਾਰ ਹੋ ਗਿਆ, ਜਦਕਿ ਟਰੱਕ ਚਾਲਕ ਸਤਨਾਮ ਸਿੰਘ ਨਿਵਾਸੀ ਪਿੰਡ ਭੰਮੀਪੁਰਾ (ਜਗਰਾਓਂ) ਨੂੰ ਕਾਬੂ ਕਰ ਲਿਆ ਗਿਆ। ਟਰੱਕ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ 10 ਬੋਰੀਆਂ ਚੂਰਾ-ਪੋਸਤ (3 ਕੁਵਿੰਟਲ 50 ਕਿਲੋ) ਬਰਾਮਦ ਹੋਇਆ। ਇਸ ਸਬੰਧੀ ਥਾਣਾ ਸਿਟੀ ਸਾਊਥ ਵੱਲੋਂ ਸਮੱਗਲਰਾਂ ਖਿਲਾਫ ਮਾਮਲੇ ਦਰਜ ਕਰ ਲਏ ਗਏ ਹਨ।
