ਭਾਰਤ-ਪਾਕਿ ਸਰਹੱਦ ਤੋਂ 30 ਕਰੋੜ ਦੀ ਹੈਰੋਇਨ ਬਰਾਮਦ
Friday, May 01, 2020 - 08:47 PM (IST)
ਮੋਗਾ, (ਆਜ਼ਾਦ)— ਜ਼ਿਲ੍ਹਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ 'ਚ ਨਸ਼ੇ ਵਾਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਹਰਿੰਦਰਪਾਲ ਸਿੰਘ ਪਰਮਾਰ ਐੱਸ. ਪੀ. ਆਈ. ਅਤੇ ਜੰਗਜੀਤ ਸਿੰਘ ਡੀ. ਐੱਸ. ਪੀ. ਡੀ. ਮੋਗਾ 'ਤੇ ਆਧਾਰਿਤ ਵਿਸ਼ੇਸ਼ ਟੀਮ ਗਠਿਤ ਕੀਤੀ ਗਈ, ਟੀਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦ ਮੋਗਾ ਪੁਲਸ ਨੇ ਭਾਰਤ-ਪਾਕਿ ਬਾਰਡਰ ਤੋਂ 30 ਕਰੋੜ ਰੁਪਏ ਦੀ ਅੰਤਰਰਾਸ਼ਟਰੀ ਮੁੱਲ ਦੀ 5 ਕਿੱਲੋ 944 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਆਈ. ਹਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਬੀਤੀ 30 ਅਪ੍ਰੈਲ ਨੂੰ ਸੀ.ਆਈ.ਏ ਸਟਾਫ ਧਰਮਕੋਟ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਨੂੰ ਗੁਪਤ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀ. ਐੱਸ. ਐੱਫ. ਦੀ ਸਹਾਇਤਾ ਨਾਲ ਜਦ ਜ਼ੀਰੋ ਲਾਈਨ 'ਤੇ ਸਥਿਤ ਦੱਸੀ ਗਈ ਜਗ੍ਹਾ ਬੀ. ਓ. ਪੀ. ਡੀ. ਟੀ. ਮੱਲ ਕੰਟੀਲੀ ਤਾਰਾਂ ਦੇ ਪਾਰ ਜਾਂਚ ਕੀਤੀ, ਤਾਂ ਪੁਲਸ ਨੂੰ ਕੰਟੀਲੀ ਤਾਰਾਂ ਦੇ ਪਾਰ ਭਾਰਤੀ ਇਲਾਕੇ 'ਚ ਰੱਖੀ ਗਈ 5 ਕਿੱਲੋ 944 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਪਰ ਕੋਈ ਤਸਕਰ ਪੁਲਸ ਦੇ ਕਾਬੂ ਨਹੀਂ ਆ ਸਕਿਆ।
ਐੱਸ. ਪੀ. ਆਈ. ਨੇ ਦੱਸਿਆ ਕਿ ਉਕਤ ਹੈਰੋਇਨ ਨੂੰ ਮੰਗਵਾਉਣ 'ਚ ਵੱਡੇ ਤਸਕਰਾਂ ਦਾ ਹੱਥ ਹੋਣ ਦੀ ਸੰਭਾਵਨਾ ਹੈ। ਇਸ ਸਬੰਧ 'ਚ ਧਰਮਕੋਟ ਪੁਲਸ ਵੱਲੋਂ ਅਣਪਛਾਤੇ ਤਸਕਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦ ਹੀ ਤਸਕਰਾਂ ਦਾ ਸੁਰਾਗ ਮਿਲ ਜਾਣ ਦੀ ਸੰਭਾਵਨਾਂ ਹੈ।