ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਬੰਬੀਹਾ ਗਰੁੱਪ ਦੇ 3 ਸ਼ੂਟਰ ਹਥਿਆਰਾਂ ਸਮੇਤ ਗ੍ਰਿਫ਼ਤਾਰ
Saturday, Feb 18, 2023 - 08:03 PM (IST)
ਬਠਿੰਡਾ (ਸੁਖਵਿੰਦਰ) : ਜ਼ਿਲ੍ਹਾ ਪੁਲਸ ਵਲੋਂ ਅਪਰਾਧਕ ਤੱਤਾਂ ਖਿਲਾਫ਼ ਕਾਰਵਾਈ ਕਰਦਿਆਂ ਬੰਬੀਹਾ ਗਰੁੱਪ ਦੇ 3 ਸੂਟਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਜਾਣਕਾਰੀ ਦਿੰਦਿਆ ਐੱਸ.ਐੱਸ.ਪੀ. ਜੇ ਐਲਨਚੇਜੀਅਨ ਨੇ ਦੱਸਿਆ ਕਿ ਸੀ.ਆਈ .ਏ ਦੇ ਇੰਜਾਰਜ ਤਰਜਿੰਦਰ ਸਿੰਘ ਨੂੰ ਉਕਤ ਸ਼ੂਟਰਾਂ ਦੇ ਬਾਰੇ ਸੂਚਨਾ ਮਿਲੀ ਸੀ। ਸੂਚਨਾ ਦੇ ਆਧਾਰ 'ਤੇ ਪੁਲਸ ਨੇ ਰਿੰਗ ਰੋਡ ਧੋਬੀਆਣਾ ਨਜ਼ਦੀਕ ਨਾਕੇਬੰਦੀ ਕਰਕੇ ਮੁਲਜ਼ਮ ਹਨੀ ਉਰਫ਼ ਕੇਕੜਾ, ਹੇਮੰਤ ਅਤੇ ਹੀਰਾ ਲਾਲ ਉਰਫ਼ ਲੱਡੂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਮੋਟਰਸਾਈਕਲ 'ਤੇ ਸਵਾਰ ਹੋ ਕਿ ਜਾ ਰਹੇ ਸਨ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ 1 ਪਿਸਤੌਲ 30 ਬੋਰ ਅਤੇ 15 ਕਾਰਤੂਸ , ਇਕ ਪਿਸਤੌਲ ਗਲੋਕ ਅਤੇ 13 ਕਾਰਤੂਸ ਅਤੇ ਇਕ ਰਿਵਾਲਵਰ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ : ਭਾਰਤ 'ਚ 4G/5G ਤਕਨੀਕ ਤਿਆਰ, ਤਿੰਨ ਸਾਲਾਂ 'ਚ ਦੇਸ਼ ਬਣ ਜਾਵੇਗਾ ਟੈਲੀਕਾਮ ਤਕਨਾਲੋਜੀ ਦਾ ਨਿਰਯਾਤਕ : ਵੈਸ਼ਨਵ
ਐੱਸ.ਐੱਸ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਨੇ ਮੰਨਿਆ ਕਿ ਉਹ ਬੰਬੀਹਾ ਗਰੁੱਪ ਨਾਲ ਬਤੌਰ ਸ਼ੂਟਰ ਕੰਮ ਕਰਦੇ ਹਨ। ਉਨ੍ਹਾਂ ਮੰਨਿਆ ਕਿ ਗਰੁੱਪ ਦੇ ਮੈਂਬਰ ਸਰਦੂਲ ਸਿੰਘ ਉਰਫ਼ ਸੁੱਖਾ ਦੁੱਨੇਕਾ, ਬਲਜੀਤ ਸਿੰਘ ਵਾਸੀ ਦੁੱਬਈ ਅਤੇ ਹਰਜੀਤ ਸਿੰਘ ਵਾਸੀ ਮੌੜ ਦੇ ਕਹਿਣ 'ਤੇ ਕਿਸੇ ਵਿਅਕਤੀ ਨੂੰ ਮਾਰਨ ਲਈ ਆਏ ਸਨ। ਐੱਸ.ਐੱਸ.ਪੀ. ਨੇ ਦੱਸਿਆ ਕਿ ਉਕਤ ਹਰਜੀਤ ਸਿੰਘ ਹੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਅਤੇ ਮਨਪ੍ਰੀਤ ਸਿੰਘ ਉਰਫ਼ ਛੱਲਾ ਦੇ ਕਤਲ ਦਾ ਮੁੱਖ ਮੁਲਜ਼ਮ ਹੈ ਜੋ ਭਗੌੜਾ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਸ਼ੂਟਰਾਂ ਵਿੱਚ 2 ਰੰਗ ਰੋਗਨ ਦਾ ਕੰਮ ਕਰਦੇ ਹਨ ਜਦਕਿ ਇਕ ਹੇਅਰ ਡਰੈਸਰ ਹੈ। ਮੁਲਜ਼ਮਾਂ ਦੇ ਖਿਲਾਫ਼ ਥਾਣਾ ਸਿਵਲ ਲਾਈਨ ਵਿੱਚ ਕੇਸ ਦਰਜ ਕਰ ਲਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।