ਝੂਠਾ ਨਿਕਲਿਆ ਲੁੱਟ ਦਾ ਡਰਾਮਾ, ਕੰਪਨੀ ਦੇ 2 ਮੁਲਾਜ਼ਮਾਂ ਸਣੇ 3 ਨਾਮਜ਼ਦ
Friday, Apr 13, 2018 - 12:18 AM (IST)

ਧੂਰੀ, (ਸੰਜੀਵ ਜੈਨ)- ਥਾਣਾ ਸਦਰ ਧੂਰੀ ਵਿਖੇ 3 ਵਿਅਕਤੀਆਂ ਖ਼ਿਲਾਫ਼ ਉਗਰਾਹੀ ਦੀ ਰਕਮ ਲੁੱਟੇ ਜਾਣ ਦਾ ਡਰਾਮਾ ਰਚਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਭਾਰਤ ਫਾਈਨਾਂਸ ਇਨਕਲਿਊਜ਼ਨ ਲਿਮ. ਹੈਦਰਾਬਾਦ ਦੀ ਬਰਨਾਲਾ ਸ਼ਾਖਾ ਦੇ ਮੈਨੇਜਰ ਜੈ ਸਿੰਘ ਵੱਲੋਂ ਦਰਜ ਕਰਵਾਏ ਗਏ ਮਾਮਲੇ ਅਨੁਸਾਰ ਉਨ੍ਹਾਂ ਦੀ ਕੰਪਨੀ ਲੋਕਾਂ ਨੂੰ ਵਿਆਜ 'ਤੇ ਪੈਸੇ ਦੇਣ ਦਾ ਕੰਮ ਕਰਦੀ ਹੈ। ਕੰਪਨੀ 'ਚ ਬਤੌਰ ਐੈੱਸ. ਐੈੱਮ. ਕੰਮ ਕਰਦਾ ਸਾਹਿਲ ਕੁਮਾਰ ਵਾਸੀ ਸਮਾਣਾ ਲੰਘੀ 10 ਅਪ੍ਰੈਲ ਨੂੰ ਪਿੰਡ ਸ਼ੇਰਪੁਰ, ਖੇੜੀ, ਚਹਿਲਾਂ ਅਤੇ ਫਰਵਾਹੀ ਵਿਖੇ ਮੀਟਿੰਗਾਂ 'ਤੇ ਗਿਆ ਸੀ। ਮੀਟਿੰਗ ਦੌਰਾਨ ਇਕੱਤਰ ਹੋਈ ਉਗਰਾਹੀ, ਜਿਸ ਦਾ ਕੁਨੈਕਸ਼ਨ ਟੈਬਲੇਟ ਰਾਹੀਂ ਕੰਪਨੀ ਦੇ ਹੈੱਡ ਕੁਆਰਟਰ ਨਾਲ ਹੁੰਦਾ ਹੈ, ਦੇ ਅਨੁਸਾਰ ਸਾਹਿਲ ਕੁਮਾਰ ਨੇ ਕਰੀਬ 1 ਲੱਖ 67 ਹਜ਼ਾਰ ਰੁਪਏ ਦੀ ਰਿਕਵਰੀ ਕੀਤੀ ਸੀ, ਜਿਸ ਤੋਂ ਬਾਅਦ ਸਾਹਿਲ ਕੁਮਾਰ ਨੇ ਕੰਪਨੀ ਨੂੰ ਇਤਲਾਹ ਦਿੱਤੀ ਕਿ ਜਦੋਂ ਉਹ ਰਿਕਵਰੀ ਕਰ ਕੇ ਮੋਟਰਸਾਈਕਲ 'ਤੇ ਵਾਪਸ ਆ ਰਿਹਾ ਸੀ ਤਾਂ ਬਾਹੱਦ ਪਿੰਡ ਚਾਂਗਲੀ ਵਿਖੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਉਸ ਤੋਂ ਨਕਦੀ ਅਤੇ ਟੈਬਲੇਟ ਖੋਹ ਲਿਆ ਹੈ। ਸ਼ਿਕਾਇਤਕਰਤਾ ਮੁਤਾਬਕ ਇਸ ਤੋਂ ਬਾਅਦ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਸਾਹਿਲ ਕੁਮਾਰ ਨੇ ਪਿਛਲੇ ਕੁਝ ਸਮੇਂ ਤੋਂ ਗ਼ੈਰ-ਹਾਜ਼ਰ ਚੱਲ ਰਹੇ ਕੰਪਨੀ ਦੇ ਇਕ ਹੋਰ ਮੁਲਾਜ਼ਮ ਰਕੇਸ਼ ਕੁਮਾਰ ਵਾਸੀ ਮਾਨਵਾਲਾ (ਬਠਿੰਡਾ) ਅਤੇ ਮਨਦੀਪ ਸਿੰਘ ਵਾਸੀ ਮਾਨਵਾਲਾ (ਬਠਿੰਡਾ) ਨਾਲ ਮਿਲ ਕੇ ਰਕਮ ਅਤੇ ਟੈਬਲੇਟ ਦੀ ਝੂਠੀ ਲੁੱਟ-ਖੋਹ ਹੋਣੀ ਦੱਸ ਕੇ ਬੇਈਮਾਨੀ ਨਾਲ ਕੰਪਨੀ ਦੇ 1 ਲੱਖ 67 ਹਜ਼ਾਰ ਰੁਪਏ ਹੜੱਪ ਲਏ ਹਨ। ਹੜੱਪ ਕਰਨ ਸਬੰਧੀ ਝੂਠੀ ਕਹਾਣੀ ਰਚ ਕੇ ਕੰਪਨੀ ਨਾਲ ਗਬਨ ਕਰਨ ਦੇ ਦੋਸ਼ ਹੇਠ ਉਕਤ ਤਿੰਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।