ਪੰਜਾਬ ਪੁਲਸ ਦੇ 3 ਭਗੌੜੇ ਮੁਲਾਜ਼ਮ ਊਨਾ ਤੋਂ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
Thursday, Jul 28, 2022 - 10:55 AM (IST)
ਨੰਗਲ (ਗੁਰਭਾਗ ਸਿੰਘ)- ਪੰਜਾਬ ਦੇ ਫਿਰੋਜ਼ਪੁਰ ਥਾਣੇ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਇਕ ਵਿਅਕਤੀ ਖ਼ਿਲਾਫ਼ ਝੂਠਾ ਕੇਸ ਦਰਜ ਕਰਨ ਮਗਰੋਂ ਹਿਮਾਚਲ ਦੇ ਊਨਾ ਜ਼ਿਲ੍ਹੇ ’ਚੋਂ ਭਗੌੜੇ ਐਲਾਨੇ ਗਏ ਪੰਜਾਬ ਪੁਲਸ ਦੇ ਤਿੰਨ ਪੁਲਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਫੜਨ ਵਿਚ ਹਿਮਾਚਲ ਪੁਲਸ ਨੇ ਅਹਿਮ ਭੂਮਿਕਾ ਨਿਭਾਈ ਹੈ। ਊਨਾ ਪੁਲਸ ਦੀ ਮਦਦ ਨਾਲ ਪੰਜਾਬ ਪੁਲਸ ਨੇ ਊਨਾ ਹੈੱਡਕੁਆਰਟਰ ਦੇ ਰੈੱਡ ਲਾਈਟ ਚੌਂਕ ਨੇੜਿਓਂ ਤਿੰਨ ਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਹਨ। ਦੱਸਣਯੋਗ ਹੈ ਕਿ ਫਿਰੋਜ਼ਪੁਰ ਵਿਚ ਨਾਰਕੋਟਿਕਸ ਟੀਮ ਵੱਲੋਂ ਇਕ ਵਿਅਕਤੀ ਖ਼ਿਲਾਫ਼ ਹੈਰੋਇਨ ਸਮੇਤ ਪੰਜ ਲੱਖ ਰੁਪਏ ਦੀ ਨਕਦੀ ਬਰਾਮਦ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਪਾਵਰਕਾਮ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੇਗਾ 600 ਯੂਨਿਟ ਮੁਫ਼ਤ ਬਿਜਲੀ ਤੋਂ ਉਪਰ ਦਾ ਲਾਭ, ਜਾਣੋ ਹੋਰ ਸ਼ਰਤਾਂ ਬਾਰੇ
ਜਾਂਚ ਦੌਰਾਨ ਉਕਤ ਮਾਮਲਾ ਝੂਠਾ ਪਾਇਆ ਗਿਆ। ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਨਾਰਕੋਟਿਕਸ ਟੀਮ ਦੇ ਉਕਤ ਪੁਲਸ ਮੁਲਾਜ਼ਮ ਉਕਤ ਮਾਮਲੇ ਨੂੰ ਲੁਕਾਉਣ ਲਈ ਮੋਟੀ ਰਕਮ ਦੀ ਮੰਗ ਕਰ ਰਹੇ ਸਨ। ਪੰਜਾਬ ਪੁਲਸ ਦੇ ਡੀ. ਜੀ. ਪੀ. ਗੋਰਵ ਯਾਦਵ ਵੱਲੋਂ ਉਕਤ ਮਾਮਲੇ ਦੀ ਜਾਂਚ ਮਗਰੋਂ ਚਾਰ ਪੁਲਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਉਕਤ ਚਾਰਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਨੰਗਲ ਵਿਖੇ ਭਾਖੜਾ ਨਹਿਰ ’ਚ ਤਰਦੀਆਂ ਮਾਂ-ਧੀ ਦੀਆਂ ਲਾਸ਼ਾਂ ਬਰਾਮਦ, ਫ਼ੈਲੀ ਸਨਸਨੀ
ਉਦੋਂ ਤੋਂ ਨਾਰਕੋਟਿਕਸ ਟੀਮ ਵਿਚ ਤਾਇਨਾਤ ਚਾਰ ਪੁਲਸ ਮੁਲਾਜ਼ਮ ਹਥਿਆਰਾਂ ਸਮੇਤ ਫਰਾਰ ਹੋ ਗਏ। ਪੁਲਸ ਨੇ ਉਨ੍ਹਾਂ ਨੂੰ ਭਗੌੜਾ ਐਲਾਨ ਦਿੱਤਾ ਸੀ। ਪੰਜਾਬ ਪੁਲਸ ਦੀ ਟੀਮ ਕਾਫ਼ੀ ਸਮੇਂ ਤੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਵਿਚ ਲੱਗੀ ਹੋਈ ਸੀ। ਬੁੱਧਵਾਰ ਨੂੰ ਤਿੰਨ ਦੋਸ਼ੀ ਸਕਾਰਪੀਓ ਕਾਰ ’ਚ ਊਨਾ ਪਹੁੰਚੇ, ਜਿੱਥੇ ਪੰਜਾਬ ਦੇ ਡੀ. ਐੱਸ. ਪੀ. ਯਾਦਵਿੰਦਰ ਸਿੰਘ ’ਤੇ ਆਧਾਰਿਤ ਟੀਮ ਨੇ ਤਿੰਨ ਦੋਸ਼ੀਆਂ ਜੋਗਿੰਦਰ ਸਿੰਘ, ਅੰਗਰੇਜ ਸਿੰਘ ਅਤੇ ਰਾਜਪਾਲ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਇਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਹਨ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਸ ਦੇ ਤਿੰਨ ਮੁਲਾਜ਼ਮ ਝੂਠੇ ਕੇਸ ਵਿਚ ਡਿਊਟੀ ’ਤੇ ਨਹੀਂ ਆ ਰਹੇ ਸਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਵੱਡਾ ਧਮਾਕਾ, 80 ਤੋਂ ਵਧੇਰੇ ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ