3 ਕਰੋੜ ਦੀ ਹੈਰੋਇਨ ਸਣੇ ਜੱਜ ਦਾ ਸਟੈਨੋ ਤੇ ਉਸ ਦਾ ਸਾਥੀ ਗ੍ਰਿਫਤਾਰ
Sunday, Jul 12, 2020 - 11:58 PM (IST)
ਲੁਧਿਆਣਾ, (ਅਨਿਲ)- ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਲੁਧਿਆਣਾ ਯੂਨਿਟ ਨੇ ਅੱਜ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਸਿਰਸਾ ਦੇ ਇਕ ਜੱਜ ਦੇ ਸਟੈਨੋ ਨੂੰ ਉਸ ਦੇ ਸਾਥੀ ਸਮੇਤ 3 ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਅੱਜ ਐੱਸ. ਟੀ. ਐੱਫ. ਦੇ ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਸ ਨੂੰ ਅੱਜ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਕਿ ਦੋ ਨਸ਼ਾ ਸਮੱਗਲਰ ਦਿੱਲੀ ਤੋਂ ਲੁਧਿਆਣਾ ਹੈਰੋਇਨ ਦੀ ਖੇਪ ਲੈ ਕੇ ਗਾਹਕਾਂ ਨੂੰ ਸਪਲਾਈ ਕਰਨ ਸਾਹਨੇਵਾਲ ਆ ਰਹੇ ਹਨ। ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ’ਤੇ ਥਾਣੇਦਾਰ ਨਰੇਸ਼ ਕੁਮਾਰ ਦੀ ਟੀਮ ਨੂੰ ਭੇਜਿਆ ਗਿਆ। ਇਥੇ ਪੁਲਸ ਟੀਮ ਨੇ ਸ਼ੱਕ ਦੇ ਅਧਾਰ ’ਤੇ ਦੋ ਵਿਅਕਤੀਆਂ ਨੂੰ ਚੈਕਿੰਗ ਲਈ ਰੋਕਿਆ। ਜਿਸ ’ਚੋਂ ਇਕ ਵਿਅਕਤੀ ਧੀਰਜ ਕੁਮਾਰ (41) ਵਾਸੀ ਸਿਰਸਾ ਕੋਲੋਂ 280 ਗ੍ਰਾਮ ਹੈਰੋਇਨ ਅਤੇ ਦੂਜੇ ਵਿਅਕਤੀ ਸੰਜੇ ਨਾਗਪਾਲ (27) ਅਸ਼ੋਕ ਕੁਮਾਰ ਵਾਸੀ ਰਾਮ ਕਾਲੋਨੀ ਸਿਰਸਾ ਕੋਲੋਂ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜਿਸ ਤੋਂ ਬਾਅਦ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਐੱਸ. ਟੀ. ਐੱਫ. ਮੋਹਾਲੀ ਥਾਣੇ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
3 ਸਾਲਾਂ ਤੋਂ ਸਾਥੀ ਨਾਲ ਮਿਲ ਕੇ ਵੇਚ ਰਿਹਾ ਸੀ ਨਸ਼ਾ
ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਧੀਰਜ ਕੁਮਾਰ ਹਰਿਆਣਾ ਦੇ ਸਿਰਸਾ ’ਚ ਇਕ ਜੱਜ ਦੇ ਨਾਲ ਨਵੀਂ ਕਚਿਹਰੀ ’ਚ ਪਿਛਲੇ 10 ਸਾਲ ਤੋਂ ਸਟੈਨੋ ਦੀ ਨੌਕਰੀ ਕਰ ਰਿਹਾ ਹੈ ਅਤੇ ਉਸ ਦਾ ਸਾਥੀ ਸੰਜੇ ਨਾਗਪਾਲ ਪਹਿਲਾਂ ਤੋਂ ਹੀ ਹੈਰੋਇਨ ਵੇਚਣ ਦਾ ਕੰਮ ਕਰਦਾ ਸੀ। ਉਪਰੋਕਤ ਦੋਵੇਂ ਦੋਸ਼ੀ ਪਿਛਲੇ 3 ਸਾਲਾਂ ਤੋਂ ਮਿਲ ਪੈਸੇ ਲਗਾ ਕੇ ਹੈਰੋਇਨ ਖਰੀਦ ਕੇ ਲਿਆਂਉਦੇ ਸੀ, ਫਿਰ ਉਸ ਨੂੰ ਗਾਹਕਾਂ ਨੂੰ ਮਹਿੰਗੇ ਰੇਟ ’ਤੇ ਵੇਚ ਕੇ ਜੋ ਮੁਨਾਫਾ ਕਮਾਉਂਦੇ ਸੀ, ਉਸ ਨੂੰ ਅੱਧਾ-ਅੱਧਾ ਵੰਡ ਲੈਂਦੇ ਸੀ। ਦੋਸ਼ੀ ਸੰਜੇ ਨਾਗਪਾਲ ’ਤੇ ਸਰਹਿੰਦ ਵਿਚ ਪਹਿਲਾਂ ਵੀ ਨਸ਼ਾ ਸਮੱਗਲਿੰਗ ਦਾ ਮਾਮਲਾ ਦਰਜ ਹੈ। ਜਿਸ ਵਿਚ ਦੋਸ਼ੀ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਹੈ। ਦੋਸ਼ੀ ਸੰਜੇ ਖੁਦ ਵੀ ਨਸ਼ਾ ਕਰਨ ਦਾ ਆਦੀ ਹੈ। ਦੋਸ਼ੀ ਹੈਰੋਇਨ ਦੀ ਖੇਪ ਦਿੱਲੀ ਦੇ ਦਵਾਰਕਾ ਦੇ ਰਹਿਣ ਵਾਲੇ ਰਾਹੁਲ ਨਾਮਕ ਵਿਅਕਤੀ ਤੋਂ ਸਸਤੇ ਰੇਟ ’ਤੇ ਖਰੀਦ ਕੇ ਲਿਆਉਂਦੇ ਸੀ।