ਮੋਗਾ ਪੁਲਸ ਨੂੰ ਮਿਲੀ ਵੱਡੀ ਸਫਲਤਾ, 25 ਭਗੌੜੇ ਅਪਰਾਧੀ ਗ੍ਰਿਫ਼ਤਾਰ

Friday, Feb 09, 2024 - 06:30 PM (IST)

ਮੋਗਾ ਪੁਲਸ ਨੂੰ ਮਿਲੀ ਵੱਡੀ ਸਫਲਤਾ, 25 ਭਗੌੜੇ ਅਪਰਾਧੀ ਗ੍ਰਿਫ਼ਤਾਰ

ਮੋਗਾ (ਆਜ਼ਾਦ) : ਪੰਜਾਬ ਸਰਕਾਰ ਵੱਲੋਂ ਅਪਰਾਧ ਅਤੇ ਅਪਰਾਧੀਆਂ ਨਾਲ ਸਖ਼ਤੀ ਨਾਲ ਨਜਿੱਠਣ ਬਾਰੇ ਦਿੱਤੇ ਹੁਕਮਾਂ ਦੀ ਪਾਲਣਾ ਹਿੱਤ ਮੋਗਾ ਪੁਲਸ ਨੂੰ ਵੱਖ-ਵੱਖ ਕੇਸਾਂ ਵਿਚ ਲੋੜੀਂਦੇ 25 ਭਗੌੜੇ ਗ੍ਰਿਫਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਹੋਈ ਹੈ। ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਸ ਮੋਗਾ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕਾਂ ਨੂੰ ਪ੍ਰਭਾਵਸ਼ਾਲੀ ਪੁਲਸ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਡਾਇਰੈਕਟਰ ਜਨਰਲ ਪੁਲਸ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਵਿਚ ਭਗੌੜੇ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਵੀ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਜ਼ਿਲ੍ਹਾ ਮੋਗਾ ਦੀ ਪੁਲਸ ਵੱਲੋਂ ਅੱਜ 25 ਭਗੌੜੇ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਇਨ੍ਹਾਂ ਵਿੱਚੋਂ 24 ਭਗੌੜਿਆਂ ਨੂੰ ਪੰਜਾਬ ਰੈਗੂਲੇਸ਼ਨ ਐਕਟ ਤਹਿਤ ਅਤੇ ਇਕ ਭਗੌੜੇ ਅਪਰਾਧੀ ਨੂੰ ਹੋਰ ਮੁਕੱਦਮੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਸਕਰਾਂ, ਭਗੌੜਿਆਂ, ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ ਉੱਪਰ ਬਖਸ਼ਿਆ ਨਹੀਂ ਜਾ ਰਿਹਾ, ਕਾਨੂੰਨ ਤੋੜਨ ਵਾਲਿਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੋਗਾ ਪੁਲਸ ਵੱਲੋਂ 1 ਜਨਵਰੀ 2024 ਤੋਂ ਹੁਣ ਤੱਕ 76 ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ 3 ਭਗੌੜਿਆਂ ਨੂੰ ਖਾਰਜ ਕਰਵਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਅੱਜ ਫੜੇ ਗਏ ਭਗੌੜਿਆਂ ਵਿਚ ਮੁਖਤਿਆਰ ਸਿੰਘ, ਮੇਜਰ ਸਿੰਘ, ਗੁਰਦੇਵ ਸਿੰਘ, ਸੁਖਦੀਸ਼ ਸਿੰਘ ਉਰਫ਼ ਸੀਪਾ, ਸੁੱਖ ਸਿੰਘ, ਰਾਮ ਸਿੰਘ, ਗੁਰਜੰਟ ਸਿੰਘ, ਬਲਵੀਰ ਸਿੰਘ ਉਰਫ਼ ਬੇਰੀ, ਬਲਵਿੰਦਰ ਸਿੰਘ ਉਰਫ਼ ਬਿੰਦਰ, ਕੁਲਵਿੰਦਰ ਸਿੰਘ, ਦਰਸ਼ਨ ਸਿੰਘ, ਮੋਹਨ ਸਿੰਘ, ਜਗਦੀਪ ਸਿੰਘ, ਮਹਿੰਦਰ ਸਿੰਘ, ਸੁਖਮੰਦਰ ਸਿੰਘ, ਬਿੱਕਰ ਸਿੰਘ, ਪਰਮਜੀਤ ਸਿੰਘ, ਠਾਕਰ ਸਿੰਘ, ਦਰਸ਼ਨ ਸਿੰਘ, ਕੁੰਦਨ ਸਿੰਘ, ਭਜਨ ਸਿੰਘ, ਸ਼ੁਵਿੰਦਰ ਸਿੰਘ ਉਰਫ਼ ਸ਼ਮਿੰਦਰ ਸਿੰਘ, ਧੀਰਾ ਸਿੰਘ, ਗੱਜਣ ਸਿੰਘ, ਰਾਮਧਰ ਸਾਹਨੀ ਸ਼ਾਮਲ ਹਨ, ਉਕਤ ’ਚੋਂ 24 ਭਗੌੜੇ ਅ/ਧ 299 ਸੀ.ਆਰ.ਪੀ.ਸੀ. ਦੇ ਮੁਕੱਦਮਾ ਨੰਬਰ 11 ਮਿਤੀ 3.01.2023 ਅ/ਧ 420/477 ਭ:ਦ 13 ਪੰਜਾਬ ਰੈਗੂਲੇਸ਼ਨ ਐਕਟ ਥਾਣਾ ਸਦਰ ਮੋਗਾ ਤਹਿਤ ਅਤੇ ਇਕ ਭਗੌੜੇ ਅਪਰਾਧੀ ਨੂੰ ਮੁਕੱਦਮਾ ਨੰਬਰ 113 ਮਿਤੀ 20.06.2020 ਅ/ਧ 188 ਭ:ਦ ਥਾਣਾ ਸਿਟੀ ਮੋਗਾ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਲ੍ਹਾ ਪੁਲਸ ਮੁਖੀ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਵੱਖ-ਵੱਖ ਮਾਮਲਿਆਂ ਵਿਚ ਸ਼ਾਮਲ ਭਗੌੜੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਸ ਦੀਆਂ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। 


author

Gurminder Singh

Content Editor

Related News