ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 247 ਨਵੇਂ ਮਰੀਜ਼ਾਂ ਦੀ ਪੁਸ਼ਟੀ, 14 ਦੀ ਹੋਈ ਮੌਤ

Tuesday, Sep 08, 2020 - 12:00 AM (IST)

ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 247 ਨਵੇਂ ਮਰੀਜ਼ਾਂ ਦੀ ਪੁਸ਼ਟੀ, 14 ਦੀ ਹੋਈ ਮੌਤ

ਲੁਧਿਆਣਾ,(ਸਹਿਗਲ)- ਮਹਾਨਗਰ ’ਚ ਕੋਰੋਨਾ ਵਾਇਰਸ ਨਾਲ 509 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 12 ਹਜ਼ਾਰ ਤੋਂ ਜ਼ਿਆਦਾ ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਦੂਜੇ ਜ਼ਿਲਿਆਂ ਦੇ ਮਰੀਜ਼ਾਂ ਨੂੰ ਵੀ ਸ਼ਾਮਲ ਕਰ ਲਿਆ ਜਾਵੇ ਤਾਂ ਕੋਰੋਨਾ ਨਾਲ ਹੁਣ ਤੱਕ 636 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 13,297 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ।

ਅੱਜ ਮਹਾਨਗਰ ਵਿਚ 247 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਦੋਂਕਿ 14 ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਮੁਤਾਬਕ 14 ਵਿਚੋਂ 8 ਮਰੀਜ਼ ਜ਼ਿਲੇ ਦੇ ਰਹਿਣ ਵਾਲੇ, ਜਦੋਂਕਿ 6 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਇਸੇ ਤਰ੍ਹਾਂ 214 ਪਾਜ਼ੇਟਿਵ ਜ਼ਿਲੇ ਨਾਲ ਸਬੰਧਤ ਹਨ, ਜਦੋਂਕਿ 33 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ। ਚੰਡੀਗੜ੍ਹ ਤੋਂ ਜਾਰੀ ਬੁਲੇਟਿਨ ਮੁਤਾਬਕ ਮਹਾਨਗਰ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 12,201 ਹੋ ਗਈ ਹੈ। 1988 ਐਕਟਿਵ ਮਰੀਜ਼ ਹਨ। 9754 ਰਿਕਵਰ ਹੋ ਚੁੱਕੇ ਹਨ। ਇਨ੍ਹਾਂ ਮਰੀਜ਼ਾਂ ਵਿਚ 509 ਜ਼ਿਲੇ ਦੇ, ਜਦੋਂਕਿ 129 ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ। ਜ਼ਿਲੇ ਦੇ ਹਸਪਤਾਲਾਂ ਵਿਚ ਹੁਣ ਤੱਕ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 13,297 ਹੋ ਗਈ ਹੈ। ਇਨ੍ਹਾਂ ’ਚੋਂ 1299 ਦੂਜੇ ਜ਼ਿਲਿਆਂ ਅਤੇ ਸੂਬਿਆਂ ਦੇ ਰਹਿਣ ਵਾਲੇ ਹਨ।

3847 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਜ਼ਿਲਾ ਸਿਹਤ ਵਿਭਾਗ ਨੇ ਅੱਜ 3847 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦੋਂਕਿ 1527 ਸੈਂਪਲਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ।

387 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ

ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਜਾਂਚ ਤੋਂ ਬਾਅਦ 387 ਵਿਅਕਤੀਆਂ ਨੂੰ ਆਈਸੋਲੇਸ਼ਨ ਵਿਚ ਭੇਜ ਦਿੱਤਾ ਹੈ। ਮੌਜੂਦਾ ਸਮੇਂ ’ਚ 5127 ਵਿਅਕਤੀ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।

ਹੁਣ ਹੋਮ ਆਈਸੋਲੇਸ਼ਨ ਦੌਰਾਨ ਘਰ ਦੇ ਬਾਹਰ ਨਹੀਂ ਲੱਗੇਗਾ ਸਟਿੱਕਰ

ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਿਯਮਾਂ ’ਤੇ ਜ਼ਿਲਾ ਪ੍ਰਸ਼ਾਸਨ ਨੇ ਅਮਲ ਸ਼ੁਰੂ ਕਰ ਦਿੱਤਾ ਹੈ। ਹੁਣ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਲੋਕਾਂ ਦੇ ਘਰਾਂ ਦੇ ਬਾਹਰ ਸਿਹਤ ਵਿਭਾਗ ਵੱਲੋਂ ਸਟਿੱਕਰ ਨਹੀਂ ਲਾਇਆ ਜਾਵੇਗਾ। ਸਿਹਤ ਨਿਰਦੇਸ਼ਕ ਵੱਲੋਂ ਅੱਜ ਜਾਰੀ ਪੱਤਰ ਵਿਚ ਸਾਰੇ ਜ਼ਿਲਿਆਂ ਦੇ ਸਿਵਲ ਸਰਜਨਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਸੂਚਿਤ ਕਰਦੇ ਹੋਏ ਕਿਹਾ ਗਿਆ ਹੈ ਕਿ ਜਿਨ੍ਹਾਂ ਵਿਅਕਤੀਆਂ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਕੋਈ ਲੱਛਣ ਨਹੀਂ ਹੈ ਜਾਂ ਕੋਈ ਗੰਭੀਰ ਸਥਿਤੀ ਨਹੀਂ ਹੈ ਤਾਂ ਉਸ ਨੂੰ ਘਰਾਂ ਵਿਚ ਇਕਾਂਤਵਾਸ ਲਈ ਭੇਜਿਆ ਜਾ ਸਕਦਾ ਹੈ। ਹੈਲਥ ਸਟਾਫ ਅਜਿਹੇ ਲੋਕਾਂ ਦੀ ਲਗਾਤਾਰ ਨਿਗਰਾਨੀ ਕਰੇਗਾ। ਹੁਣ ਨਵੇਂ ਨਿਯਮਾਂ ਦੇ ਮੁਤਾਬਕ ਪਾਜ਼ੇਟਿਵ ਮਰੀਜ਼ ਨੂੰ ਹਸਪਤਾਲ ਨਹੀਂ ਆਉਣਾ ਪਵੇਗਾ। ਵਿਭਾਗ ਦੀ ਚੈਕਿੰਗ ਟੀਮ ਉਸ ਨਾਲ ਸੰਪਰਕ ਕਰੇਗੀ। ਜੇਕਰ ਮਰੀਜ਼ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਜਾਂ ਉਸ ਦਾ ਕੇਅਰ ਟੇਕਰ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕਰੇਗਾ।

ਗੰਭੀਰ ਸਥਿਤੀ ਦੌਰਾਨ ਇਨ੍ਹਾਂ ਲੱਛਣਾਂ ’ਤੇ ਰੱਖਿਆ ਜਾਵੇ ਧਿਆਨ

-ਮਰੀਜ਼ ਨੂੰ ਸਾਹ ਲੈਣ ਵਿਚ ਮੁਸ਼ਕਲ

-ਆਕਸੀਜ਼ਨ ਦਾ ਪੱਧਰ 95 ਫੀਸਦੀ ਤੋਂ ਘੱਟ ਹੋਵੇ

-ਛਾਤੀ ਵਿਚ ਦਬਾਅ ਜਾਂ ਦਰਦ

-ਮਾਨਸਿਕ ਭਰਮ ਦੇ ਹਾਲਾਤ

-ਬੋਲਣ ਵਿਚ ਮੁਸ਼ਕਲ ਜਾਂ ਦੌਰਾ ਪੈਣਾ

-ਸਰੀਰ ਦੇ ਕਿਸੇ ਅੰਗ ਵਿਚ ਜਾਂ ਚਿਹਰੇ ਵਿਚ ਸੁੰਨਾਪਨ

-ਚਿਹਰੇ ਜਾਂ ਬੁੱਲਾਂ ਦਾ ਰੰਗ ਨੀਲਾ ਪੈਣਾ ਆਦਿ ਮੁੱਖ ਲੱਛਣ ਹਨ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ

ਇਲਾਕਾ        ਉਮਰ        ਹਸਪਤਾਲ

ਜਮਾਲਪੁਰ        60 ਸਾਲਾ ਮਰੀਜ਼        ਦੀਪ       

ਹੈਬੋਵਾਲ ਕਲਾਂ        82 ਸਾਲਾ ਮਰੀਜ਼        ਜੀ. ਟੀ. ਬੀ.

ਹੈਬੋਵਾਲ ਕਲਾਂ        78 ਸਾਲਾ ਪੁਰਸ਼        ਜੀ. ਟੀ. ਬੀ.

ਮਾਡਲ ਟਾਊਨ        72 ਸਾਲਾ ਮਰੀਜ਼        ਐੱਸ. ਪੀ. ਐੱਸ.

ਸਮਰਾਲਾ        40 ਸਾਲਾ ਮਰੀਜ਼        ਰਜਿੰਦਰਾ ਹਸਪਤਾਲ ਪਟਿਆਲਾ ਅਰਬਨ

ਇੰਦਰਾ ਨਗਰ        58 ਸਾਲਾ ਮਰੀਜ਼        ਐੱਸ. ਪੀ. ਐੱਸ.

ਲੁਧਿਆਣਾ        77 ਸਾਲਾ ਮਰੀਜ਼        ਜੀ. ਟੀ. ਬੀ.

ਮਹਾਵੀਰ ਕਾਲੋਨੀ        51 ਸਾਲਾ ਮਰੀਜ਼        ਐੱਸ. ਪੀ. ਐੱਸ.


author

Bharat Thapa

Content Editor

Related News