ਟ੍ਰਾਈਸਿਟੀ ਚੰਡੀਗਡ਼੍ਹ ''ਚ ਕੋਰੋਨਾ ਕਾਰਨ 9 ਦੀ ਮੌਤ, 239 ਨਵੇਂ ਕੇਸ ਆਏ ਸਾਹਮਣੇ

Thursday, Sep 03, 2020 - 01:20 AM (IST)

ਟ੍ਰਾਈਸਿਟੀ ਚੰਡੀਗਡ਼੍ਹ ''ਚ ਕੋਰੋਨਾ ਕਾਰਨ 9 ਦੀ ਮੌਤ, 239 ਨਵੇਂ ਕੇਸ ਆਏ ਸਾਹਮਣੇ

ਚੰਡੀਗੜ੍ਹ/ਪੰਚਕੂਲਾ, (ਪਾਲ/ਆਸ਼ੀਸ਼)- ਟ੍ਰਾਈਸਿਟੀ ਵਿਚ ਕੋਰੋਨਾ ਨਾਲ ਬੁੱਧਵਾਰ ਨੂੰ 9 ਲੋਕਾਂ ਦੀ ਮੌਤ ਹੋ ਗਈ ਉਥੇ ਹੀ 534 ਨਵੇਂ ਕੇਸ ਆਏ ਹਨ। ਚੰਡੀਗੜ੍ਹ ਵਿਚ ਇਕ ਦਿਨ ਵਿਚ 239 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪੰਚਕੂਲਾ ਵਿਚ 135 ਤਾਂ ਮੋਹਾਲੀ ਵਿਚ 160 ਨਵੇਂ ਕੇਸ ਆਏ ਹਨ। ਜੀ. ਐੱਮ. ਸੀ. ਐੱਚ. ਵਿਚ 27 ਸਾਲਾ ਕੋਰੋਨਾ ਮਰੀਜ਼ ਦੀ ਮੌਤ 1 ਸਤੰਬਰ ਨੂੰ ਹੋਈ। ਮਰੀਜ਼ ਸੈਕਟਰ-44 ਦਾ ਰਹਿਣ ਵਾਲਾ ਸੀ, ਉਸ ਨੂੰ ਡਾਈਬਿਟੀਜ਼ ਸੀ। ਦੂਜੀ ਮੌਤ 75 ਸਾਲਾ ਬਜ਼ੁਰਗ ਦੀ ਹੋਈ ਹੈ, ਮਰੀਜ਼ ਸੈਕਟਰ-23 ਦਾ ਰਹਿਣ ਵਾਲਾ ਸੀ। ਉਹ ਜੀ. ਐੱਮ. ਸੀ. ਐੱਚ.-32 ਵਿਚ ਦਾਖਲ ਸੀ। ਮਰੀਜ਼ ਦੀ ਹਾਈਪਰਟੈਂਸ਼ਨ ਦੀ ਹਿਸਟਰੀ ਸੀ। 29 ਅਗਸਤ ਨੂੰ ਮਰੀਜ਼ ਵਿਚ ਵਾਇਰਸ ਦੀ ਪੁਸ਼ਟੀ ਹੋਈ ਸੀ। ਮੰਗਲਵਾਰ ਨੂੰ ਉਸ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 59 ਹੋ ਗਈ ਹੈ।

ਜ਼ਿਲਾ ਪੰਚਕੂਲਾ ਵਿਚ ਬੁੱਧਵਾਰ ਨੂੰ 3 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ। ਪਿੰਜੌਰ ਦੇ ਬਿਟਨਾ ਕਾਲੋਨੀ ਨਿਵਾਸੀ 47 ਸਾਲਾ ਮਰੀਜ਼ ਦੀ ਕੋਰੋਨਾ ਨਾਲ ਮੌਤ ਹੋਈ ਹੈ। ਮਰੀਜ਼ ਨੂੰ ਪੰਚਕੂਲਾ ਦੇ ਸਿਵਲ ਹਸਪਤਾਲ ਵਿਚ ਮ੍ਰਿਤ ਹਾਲਤ ਵਿਚ ਹੀ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਕੋਵਿਡ ਟੈਸਟ ਵਿਚ ਮ੍ਰਿਤਕ ਵਿਚ ਕੋਰੋਨਾ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਮ੍ਰਿਤਕ ਕਰੋਨਿਕ ਕਿਡਨੀ ਦਾ ਮਰੀਜ਼ ਸੀ ਅਤੇ ਉਹ ਡਾਈਲਿਸਿਸ ’ਤੇ ਸੀ। ਅੰਬਾਲਾ ਅਤੇ ਕਰਨਾਲ ਤੋਂ ਵੀ ਇਕ-ਇਕ ਮਰੀਜ਼ ਦੀ ਕੋਰੋਨਾ ਨਾਲ ਮੌਤ ਹੋਈ ਹੈ। ਮੋਹਾਲੀ ਜ਼ਿਲੇ ਵਿਚ ਬੁੱਧਵਾਰ ਨੂੰ 4 ਲੋਕਾਂ ਦੀ ਮੌਤ ਹੋਈ। ਇਨ੍ਹਾਂ ਵਿਚ ਲਾਲੜੂ ਦੀ 20 ਸਾਲਾ ਲੜਕੀ ਜੀ. ਐੱਮ. ਸੀ. ਐੱਚ.-32 ਵਿਚ ਭਰਤੀ ਸੀ। ਡੇਰਾਬੱਸੀ ਨਿਵਾਸੀ 49 ਸਾਲਾ ਵਿਅਕਤੀ ਪੀ. ਜੀ. ਆਈ. ਵਿਚ ਭਰਤੀ ਸੀ। ਉਸ ਨੂੰ ਕਿਡਨੀ ਦੀ ਸਮੱਸਿਆ ਸੀ। ਨਵਾਂਗਰਾਓਂ ਦੀ 45 ਸਾਲਾ ਔਰਤ ਦੀ ਮੌਤ ਗਿਆਨ ਸਾਗਰ ਹਸਪਤਾਲ ਵਿਚ ਹੋਈ ਹੈ। ਉਹ ਕੈਂਸਰ ਨਾਲ ਪੀੜਤ ਸੀ। ਉਥੇ ਹੀ ਫੇਜ਼-10 ਨਿਵਾਸੀ 58 ਸਾਲਾ ਔਰਤ ਦੀ ਮੌਤ ਵੀ ਗਿਆਨ ਸਾਗਰ ਹਸਪਤਾਲ ਵਿਚ ਹੋਈ ਹੈ। ਉਹ ਡਾਈਬਿਟੀਜ ਅਤੇ ਹਾਈਪਰਟੈਂਸ਼ਨ ਦੀ ਬਿਮਾਰੀ ਨਾਲ ਜੂਝ ਰਹੀ ਸੀ।

ਚੰਡੀਗੜ੍ਹ ਵਿਚ ਰਿਕਾਰਡ ਕੇਸ, 119 ਡਿਸਚਾਰਜ ਵੀ:

ਚੰਡੀਗੜ੍ਹ ਵਿਚ ਇਕ ਵਾਰ ਫੇਰ ਬੁੱਧਵਾਰ ਨੂੰ ਰਿਕਾਰਡ ਤੋੜ ਮਰੀਜ਼ਾਂ ਦੀ ਪੁਸ਼ਟੀ ਹੋਏ। ਪਹਿਲੀ ਵਾਰ 239 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ। 5 ਮਹੀਨਿਆਂ ਵਿਚ ਇਹ ਸਭ ਤੋਂ ਵੱਡਾ ਅੰਕੜਾ ਹੈ। ਇਸ ਵਿਚੋਂ 191 ਲੋਕਾਂ ਦੀ ਆਰ. ਟੀ. ਪੀ. ਸੀ. ਆਰ. ਟੈਸਟਿੰਗ ਹੋਈ, ਜਦਕਿ 48 ਲੋਕਾਂ ਦੀ ਐਂਟੀਜਨ ਟੈਸਟਿੰਗ ਹੋਈ। ਸ਼ਹਿਰ ਵਿਚ ਕੁਲ ਮਰੀਜ਼ਾਂ ਦੀ ਗਿਣਤੀ ਹੁਣ 4789 ਹੋ ਗਈ ਹੈ। 119 ਮਰੀਜ਼ ਠੀਕ ਹੋ ਕੇ ਡਿਸਚਾਰਜ ਵੀ ਹੋਏ। ਐਕਟਿਵ ਕੇਸ ਹੁਣ 2057 ਹੋ ਗਏ ਹਨ।

ਸੈਕਟਰ-16 ਦੇ ਪਰਿਵਾਰ ਵਿਚੋਂ 4 ਲੋਕ ਪਾਜ਼ੇਟਿਵ:

ਸੈਕਟਰ-16 ਦੇ ਇਕ ਪਰਿਵਾਰ ਤੋਂ 4 ਲੋਕ ਪਾਜ਼ੇਟਿਵ ਆਏ ਹਨ। ਇਨ੍ਹਾਂ ਵਿਚ ਇਕ 12 ਸਾਲਾ ਬੱਚਾ ਵੀ ਹੈ। ਸੈਕਟਰ-21 ਤੋਂ ਵੀ ਇਕ ਪਰਿਵਾਰ ਤੋਂ 4 ਲੋਕਾਂ ਵਿਚ ਵਾਇਰਸ ਮਿਲਿਆ ਹੈ। ਮਰੀਜ਼ਾਂ ਵਿਚ 4 ਸਾਲਾ ਬੱਚਾ ਵੀ ਸ਼ਾਮਲ ਹੈ। ਸੈਕਟਰ-43 ਦੇ ਪਰਿਵਾਰ ਤੋਂ 4 ਲੋਕ ਪਾਜ਼ੇਟਿਵ ਹਨ। ਮਰੀਜ਼ਾਂ ਵਿਚ 4, 3 ਸਾਲ ਦੇ ਦੋ ਬੱਚੇ ਅਤੇ 2 ਸਾਲ ਦੀ ਇਕ ਬੱਚੀ ਵੀ ਹੈ। ਬਾਪੂਧਾਮ ਦੇ ਪਰਿਵਾਰ ਤੋਂ 5 ਲੋਕ ਪਾਜ਼ੇਟਿਵ ਹਨ। ਰਾਮ ਦਰਬਾਰ ਦੀ ਫੈਮਿਲੀ ਤੋਂ 4 ਲੋਕ ਪਾਜ਼ੇਟਿਵ ਆਏ ਹਨ।

ਜੀ. ਐੱਮ. ਸੀ. ਐੱਚ.-32 ਦਾ ਰੈਜ਼ੀਡੈਂਟ ਵੀ ਲਪੇਟ ਵਿਚ:

ਜੀ. ਐੱਮ. ਸੀ. ਐੱਚ.-32 ਤੋਂ ਇਕ ਰੈਜ਼ੀਡੈਂਟ ਡਾਕਟਰ ਅਤੇ 44 ਸਾਲਾ ਇਕ ਹੈਲਥ ਸਟਾਫ਼ ਵੀ ਪਾਜ਼ੇਟਿਵ ਆਇਆ ਹੈ। ਉਥੇ ਹੀ ਪੀ. ਜੀ. ਆਈ. ਕੈਂਪਸ ਤੋਂ 39 ਸਾਲਾ ਇਕ ਹੈਲਥ ਸਟਾਫ਼ ਵੀ ਪਾਜ਼ੇਟਿਵ ਹੈ।

ਪੀ. ਐੱਨ. ਬੀ. ਦੀਆਂ ਦੋ ਬ੍ਰਾਂਚਾਂ ਵਿਚ 15 ਨੂੰ ਕੋਰੋਨਾ:

ਸੈਕਟਰ-37 ਅਤੇ 17 ਦੀ ਪੀ. ਐੱਨ. ਬੀ. ਬ੍ਰਾਂਚ ਵਿਚ 15 ਸਟਾਫ਼ ਮੈਂਬਰ ਪਾਜ਼ੇਟਿਵ ਹਨ। ਸਟਾਫ਼ ਮੁਤਾਬਿਕ ਅਜੇ ਸਰਕੁਲਰ ਆਫ਼ਿਸ, ਜਨਰਲ ਆਫ਼ਿਸ ਅਤੇ ਕਰੰਸੀ ਚੈਸਟ ਡਿਪਾਰਟਮੈਂਟ ਤੋਂ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਸਟਾਫ਼ ਮੁਤਾਬਿਕ ਇੰਨੀ ਵੱਡੀ ਗਿਣਤੀ ਵਿਚ ਮਰੀਜ਼ ਸਾਹਮਣੇ ਆ ਰਹੇ ਹਨ, ਇਸ ਦੇ ਬਾਵਜੂਦ ਨਾ ਸਿਹਤ ਵਿਭਾਗ ਤੇ ਨਾ ਹੀ ਆਫ਼ਿਸ ਤੋਂ ਕਿਸੇ ਤਰ੍ਹਾਂ ਦੀ ਟ੍ਰੇਸਿੰਗ ਕੀਤੀ ਜਾ ਰਹੀ ਹੈ।


author

Bharat Thapa

Content Editor

Related News