ਚੜ੍ਹਦੀ ਜਵਾਨੀ ’ਚ ਨਸ਼ੇ ਦੀ ਦਲ-ਦਲ ’ਚ ਫਸਿਆ ਮੁੰਡਾ, ਸੰਗਲਾਂ ਨਾਲ ਬੰਨ੍ਹਣ ਨੂੰ ਮਜਬੂਰ ਹੋਇਆ ਪਰਿਵਾਰ
Sunday, Jul 03, 2022 - 06:22 PM (IST)
ਮੋਗਾ( ਵਿਪਨ) : ਪੰਜਾਬ 'ਚ ਵੱਡੇ ਪੱਧਰ 'ਤੇ ਨੌਜਵਾਨ ਨਸ਼ੇ ਦਾ ਸ਼ਿਕਾਰ ਹੋਏ ਹਨ। ਅਜਿਹਾ ਹੀ ਇਕ ਮਾਮਲਾ ਮੋਗਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ 23 ਸਾਲਾ ਦਾ ਇਕ ਨੌਜਵਾਨ ਜਿਸਦਾ ਨਾਮ ਜਗਦੇਵ ਸਿੰਘ ਹੈ , ਪਿਛਲੇ 5-6 ਸਾਲਾਂ ਤੋਂ ਨਸ਼ਾ ਦੇ ਲਪੇਟ 'ਚ ਆਇਆ ਹੋਇਆ ਹੈ। ਜਿਸ ਦੀ ਨਸ਼ਾ ਕਰਨ ਦੀ ਆਦਤ ਨੂੰ ਦੇਖਦੇ ਹੋਏ ਪਰਿਵਾਰ ਵਾਲਿਆਂ ਨੇ ਉਸ ਨੂੰ 8 ਦਿਨਾਂ ਤੋਂ ਸੰਗਲ ਨਾਲ ਬੰਨ੍ਹਿਆ ਹੋਇਆ ਹੈ। ਇਹ ਨੌਜਵਾਨ ਮਜ਼ਦੂਰੀ ਕਰਨ ਵਾਲੇ ਪਰਿਵਾਰ ਨਾਲ ਸਬੰਧ ਰੱਖਦਾ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਨੂੰ ਸੰਗਲ ਨਾਲ ਇਸ ਕਾਰਨ ਬੰਨ੍ਹਿਆ ਹੈ ਤਾਂ ਜੋ ਉਹ ਘਰੋ ਬਾਹਰ ਨਾ ਜਾ ਸਕੇ ਅਤੇ ਆਪਣੀ ਨਸ਼ਾ ਕਰਨ ਦੀ ਆਦਤ ਨੂੰ ਕਾਬੂ ਕਰ ਸਕੇ। ਇਸ ਸਬੰਧੀ ਗੱਲ ਕਰਦਿਆਂ ਪਿੰਡ ਦੀ ਪੰਚਾਇਤ ਦੇ ਸਾਬਕਾ ਮੈਂਬਰ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਮੁੰਡੇ ਦੇ ਚਾਚੇ ਨੇ ਉਸ ਦਾ ਇਲਾਜ ਕਰਵਾਉਣਾ ਸ਼ੁਰੂ ਕਰਵਾਇਆ ਹੈ ਤਾਂ ਜੋ ਨੌਜਵਾਨ ਇਸ ਨਸ਼ੇ ਦੀ ਦਲ-ਦਲ 'ਚੋਂ ਬਾਹਰ ਆ ਸਕੇ।
ਇਹ ਵੀ ਪੜ੍ਹੋ- ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਭਲਕੇ, ਇਨ੍ਹਾਂ ਵਿਧਾਇਕਾਂ ਦਾ ਮੰਤਰੀ ਬਣਨਾ ਲਗਭਗ ਤੈਅ
ਜਾਣਕਾਰੀ ਦਿੰਦਿਆਂ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਉਹ ਕਦੀ-ਕਦੀ ਆਪਣੇ ਮੁੰਡੇ ਦਾ ਸੰਗਲ ਖੋਲ੍ਹ ਕੇ ਉਸ ਨੂੰ ਛੱਡ ਵੀ ਦਿੰਦੀ ਹੈ ਅਤੇ ਆਪਣੇ ਨਾਲ ਕੰਮ ਕਰਨ ਲਈ ਲੈ ਵੀ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਨੌਜਵਾਨ ਨਸ਼ੇ ਦਾ ਇੰਨਾ ਆਦੀ ਹੈ ਕਿ ਉਹ ਰੋਜ਼ਾਨਾ 800 ਰੁਪਏ ਦੇ ਨਸ਼ੇ ਦੇ ਟੀਕੇ ਲਗਾ ਲੈਂਦਾ ਹੈ ਅਤੇ ਉਹ ਪਿਛਲੇ 5-6 ਸਾਲਾਂ ਤੋਂ ਨਸ਼ਾ ਕਰ ਰਿਹਾ ਹੈ। ਨੌਜਵਾਨ ਦੀ ਮਾਂ ਨੇ ਦੱਸਿਆ ਕਿ ਨਸ਼ੇ ਦੀ ਲਪੇਟ 'ਚ ਆਉਣ ਤੋਂ ਪਹਿਲਾਂ ਉਹ ਵੀ ਮਜ਼ਦੂਰੀ ਕਰਦਾ ਸੀ ਅਤੇ ਜੋ ਪੈਸੇ ਮਿਲਦੇ ਸਨ ਉਹ ਸਾਰੇ ਨਸ਼ੇ 'ਤੇ ਬਰਬਾਦ ਕਰ ਦਿੰਦਾ ਸੀ। ਇੰਨਾ ਹੀ ਨਹੀਂ ਕਈ ਵਾਰ ਤਾਂ ਉਹ ਨਸ਼ਾ ਕਰਨ ਲਈ ਘਰ ਦਾ ਸਾਮਾਨ ਚੋਰੀ ਕਰਕੇ ਵੇਚ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਨੌਜਵਾਨ ਦੇ ਪਿਤਾ ਅਤੇ ਭਰਾ ਦੋਵੇਂ ਮਜ਼ਦੂਰੀ ਕਰਦੇ ਹਨ ਅਤੇ ਉਨ੍ਹਾਂ ਸਹਾਰੇ ਹੀ ਘਰ ਦਾ ਗੁਜ਼ਾਰਾ ਚੱਲਦਾ ਹੈ। ਪਰਿਵਾਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦੇ ਮੁੰਡੇ ਦੇ ਵਿਗੜਦੇ ਹਾਲਾਤ ਨੂੰ ਦੇਖ ਕੇ ਉਸ ਨੂੰ 8 ਦਿਨਾਂ ਤੋਂ ਸੰਗਲ ਨਾਲ ਬੰਨ ਕੇ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਉਸ ਨੂੰ ਨਸ਼ਾ ਕਰਨ ਲਈ ਘਰੋਂ ਪੈਸੇ ਨਹੀਂ ਦਿੱਤੇ ਜਾਂਦੇ ਤਾਂ ਉਹ ਪਰਿਵਾਰ ਵਾਲਿਆਂ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੰਦਾ ਹੈ। ਆਪਣੇ ਮੁੰਡੇ ਤੋਂ ਤੰਗ ਹੋ ਕੇ ਉਹ ਕਈ ਵਾਰ ਸਾਰੇ ਘਰ ਨੂੰ ਜਿੰਦੇ ਲਾ ਦਿੰਦੇ ਹਨ ਪਰ ਨੌਜਵਾਨ ਵੱਲੋਂ ਪਰਿਵਾਰ ਵਾਲਿਆਂ ਨੂੰ ਉਸੇ ਤਰ੍ਹਾਂ ਪਰੇਸ਼ਾਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਸ ਨੂੰ ਰਾਤ ਨੂੰ ਵੀ ਸੰਗਲ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਤਾਂ ਜੋ ਉਹ ਰਾਤ ਨੂੰ ਕਿਤੇ ਬਾਹਰ ਨਾ ਚਲਾ ਜਾਵੇ। ਉਨ੍ਹਾਂ ਕਿਹਾ ਕਿ ਹੁਣ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਸਾਨੂੰ ਉਮੀਦ ਹੈ ਕਿ ਉਹ ਠੀਕ ਹੋ ਜਾਵੇਗਾ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿਚ ਸ਼ਰੇਆਮ ਨਸ਼ਾ ਵਿਕਦਾ ਹੈ ਅਤੇ ਉਹ ਸਰਕਾਰ ਕੋਲੋਂ ਮੰਗ ਕਰਦੇ ਹਨ ਕਿ ਸਰਕਾਰ ਇਨ੍ਹਾਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਤਾਂ ਜੋ ਨਸ਼ੇ 'ਤੇ ਰੋਕ ਲਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।