ਨਸ਼ੇ ਨੇ ਇਕ ਹੋਰ ਘਰ 'ਚ ਪੁਆਏ ਵੈਣ, ਮੁਕਤਸਰ ਸਾਹਿਬ 'ਚ 20 ਸਾਲਾ ਗੱਭਰੂ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ
Thursday, Sep 15, 2022 - 01:20 PM (IST)
ਦੋਦਾ (ਲਖਵੀਰ, ਕੁਲਦੀਪ) : ਪਿੰਡ ਭੁੱਲਰ ਨੇੜੇ ਸ੍ਰੀ ਮੁਕਤਸਰ ਸਹਿਬ-ਬਠਿੰਡਾ ਰੋਡ ’ਤੇ ਲੰਘਦੀਆਂ ਜੁੜਵੀਆਂ ਰਾਜਸਥਾਨ ਅਤੇ ਸਰਹੰਦ ਨਹਿਰਾਂ ਦੀ ਵਿਚਲੀ ਪੱਟੜੀ ’ਤੇ ਇਕ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਵਿੱਕੀ ਸਿੰਘ (20) ਪੁੱਤਰ ਪਰਮਜੀਤ ਸਿੰਘ ਵਾਸੀ ਕਾਉਣੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਉਸ ਦੀ ਖੱਬੀ ਬਾਂਹ ’ਚੋਂ ਖੂਨ ਨਿਕਲਿਆ ਹੋਇਆ ਸੀ ਅਤੇ ਥੋੜ੍ਹੀ ਦੂਰ ਖੂਨ ਨਾਲ ਲਿਬੜੀ ਸਰਿੰਜ ਵੀ ਪਈ ਹੋਈ ਸੀ। ਜਿਸ ਤੋਂ ਇਹ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਸ ਨੌਜਵਾਨ ਦੀ ਮੌਤ ਚਿੱਟੇ ਦੀ ਓਵਰਡੋਜ਼ ਨਾਲ ਹੋਈ ਹੈ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਅਮਰਗੜ੍ਹ ਵਿਖੇ 3 ਮਹੀਨਿਆਂ ਦੇ ਮਾਸੂਮ ਬੱਚੇ ਦੀ ਸੱਪ ਦੇ ਡੰਗਣ ਨਾਲ ਮੌਤ
ਮ੍ਰਿਤਕ ਨੌਜਵਾਨ ਦੇ ਪਿਤਾ ਪਰਮਜੀਤ ਸਿੰਘ ਨੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਬੀਤੇ ਕੁਝ ਮਹੀਨਿਆਂ ਤੋਂ ਹੀ ਨਸ਼ਾ ਕਰ ਰਿਹਾ ਸੀ ਅਤੇ ਇਸ ਦਾ ਆਦੀ ਹੋ ਚੁੱਕਿਆ ਸੀ। ਨਸ਼ਾ ਲਈ ਉਹ ਘਰੋਂ ਕਣਕ ਅਤੇ ਹੋਰ ਸਾਮਾਨ ਵੀ ਚੋਰੀ ਕਰਦਾ ਸੀ। ਬੀਤੇ ਸਵੇਰ ਉਹ ਘਰੋਂ ਚੱਲ ਗਿਆ ਅਤੇ ਕੁਝ ਸਮੇਂ ਬਾਅਦ ਪਿੰਡ ਦੇ ਕਿਸੇ ਵਿਅਕਤੀ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਮੁੰਡੇ ਦੀ ਲਾਸ਼ ਨਹਿਰ ਕਿਨਾਰੇ ਪਈ ਹੈ। ਇਸ ਤੋਂ ਇਲਾਵਾ ਪਿਤਾ ਨੇ ਦੋਸ਼ ਲਾਇਆ ਕਿ ਪਿੰਡ ਦੇ ਹੀ ਕੁਝ ਵਿਅਕਤੀ ਚਿੱਟਾ ਵੇਚਣ ਦਾ ਕੰਮ ਕਰਦੇ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਦਾ ਮੁੰਡਾ ਵੀ ਇਸ ਨਸ਼ੇ ਦੀ ਦਲਦਲ 'ਚ ਫਸਿਆ ਸੀ। ਸਥਾਨਕ ਪੁਲਸ ਨੇ ਮੌਕੇ 'ਤੇ ਆ ਕੇ ਪਰਿਵਾਰ ਵਾਲਿਆਂ ਦੇ ਬਿਆਨਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।