ਚੋਣਾਂ ’ਚ ਵਿਘਨ ਪਾਉਣ ਦੀ ਸਾਜ਼ਿਸ਼ ਰਚ ਰਿਹੈ ਪਾਕਿ, 15 ਦਿਨਾਂ ’ਚ ਫੜੇ 20 ਡਰੋਨ ਤੇ ਪਾਕਿਸਤਾਨੀ ਘੁਸਪੈਠੀਏ

Saturday, May 04, 2024 - 06:58 PM (IST)

ਅੰਮ੍ਰਿਤਸਰ (ਨੀਰਜ)- ਇਕ ਪਾਸੇ ਜਿੱਥੇ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਲੋਕ ਸਭਾ ਚੋਣਾਂ ਨੂੰ ਸ਼ਾਂਤੀਪੂਰਵਕ ਨਾਲ ਕਰਵਾਉਣ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ ਅਤੇ ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਸਵੀਪ ਮੁਹਿੰਮ ਤਹਿਤ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਪ੍ਰੇਰਿਤ ਕਰ ਰਿਹਾ ਹੈ ਤਾਂ ਉਥੇ ਦੂਜੇ ਪਾਸੇ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਚੋਣਾਂ ਵਿਚ ਵਿਘਨ ਪਾਉਣ ਦੀਆਂ ਸਾਜ਼ਿਸ਼ਾਂ ਰਚ ਰਹੀਆਂ ਹਨ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਚੋਣਾਂ ਵਿਚ ਵਿਘਨ ਪਾਇਆ ਜਾ ਸਕੇ। ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਿ ਪਿਛਲੇ 15 ਦਿਨਾਂ ਦੌਰਾਨ ਬੀ. ਐੱਸ. ਐੱਫ. ਵੱਲੋਂ ਇਕ, ਦੋ ਜਾਂ ਤਿੰਨ ਨਹੀਂ ਸਗੋਂ 20 ਡਰੋਨ ਫੜੇ ਗਏ ਹਨ ਅਤੇ ਇਕ ਪਾਕਿਸਤਾਨੀ ਅਤੇ ਚਾਰ ਭਾਰਤੀ ਸਮੱਗਲਰ ਹਥਿਆਰਾਂ ਸਮੇਤ 15 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਦੇ ਨਾਲ 15 ਕਿਲੋ ਹੈਰੋਇਨ ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ 75 ਕਰੋੜ ਰੁਪਏ, 37 ਗੋਲੀਆਂ, ਇਕ 30 ਬੋਰ ਪਿਸਟਲ ਅਤੇ ਹੋਰ ਸਾਮਾਨ ਬਰਾਮਦ ਕੀਤਾ ਜਾ ਚੁੱਕਿਆ ਹੈ। ਬੀਤੇ ਦਿਨ ਅਟਾਰੀ ਸਰਹੱਦ ਦੇ ਨਾਲ ਲੱਗਦੇ ਸਰਹੱਦੀ ਪਿੰਡ ਮੋਦੇ ਵਿਚ ਛਾਪੇਮਾਰੀ ਕਰ ਕੇ 26 ਕਰੋੜ ਦੀ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ, ਜਿਸ ਨੂੰ ਵੱਡੇ ਡਰੋਨ ਰਾਹੀਂ ਸੁੱਟਿਆ ਗਿਆ ਸੀ, ਮਤਲਬ ਕਿ ਪਾਕਿਸਤਾਨ ਮਿੰਨੀ ਡਰੋਨ ਦੇ ਨਾਲ-ਨਾਲ ਇਸ ਸਮੇਂ ਵੱਡੇ ਡਰੋਨਾਂ ਦੀ ਵਰਤੋਂ ਕਰ ਰਿਹਾ ਹੈ।

ਇਹ ਵੀ ਪੜ੍ਹੋ-  ਗੋਲਡਨ ਗੇਟ ਤੋਂ ਪੁਲਸ ਨੇ ਰੋਕੇ ਦੋ ਨੌਜਵਾਨ, ਜਦੋਂ ਤਲਾਸ਼ੀ ਲਈ ਉੱਡੇ ਹੋਸ਼

ਸਭ ਤੋਂ ਵੱਧ ਡਰੋਨ ਧਨੋਆ ਖੁਰਦ ਅਤੇ ਧਨੋਆ ਕਲਾਂ ’ਚ

ਕਣਕ ਦੀ ਵਾਢੀ ਦੌਰਾਨ ਕੰਡਿਆਲੀ ਤਾਰ ਦੇ ਨੇੜੇ ਖੇਤਾਂ ਵਿਚ ਆਏ ਦਿਨ ਲਾਵਾਰਿਸ ਹਾਲਤ ਵਿਚ ਡਰੋਨ ਡਿੱਗੇ ਹੋਏ ਮਿਲ ਰਹੇ ਹਨ, ਹਾਂਲਾਕਿ ਇਸ ਸਮੇਂ ਸਰਕਾਰ ਵਲੋਂ ਸਾਰੇ ਪਿੰਡਾਂ ਵਿਚ ਵਿਲੇਜ਼ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਵਲੋਂ ਆਏ ਦਿਨ ਸਾਂਝੇ ਆਪ੍ਰੇਸ਼ਨ ਚਲਾਏ ਜਾ ਰਹੇ ਹਨ, ਜਿਸ ਵਿਚ ਸਫਲਤਾ ਵੀ ਮਿਲ ਰਹੀ ਹੈ। ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਤਰਨਤਾਰਨ ਦੇ ਹਵੇਲੀਆਂ ਪਿੰਡ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਧਨੋਆ ਖੁਰਦ ਅਤੇ ਧਨੋਆ ਕਲਾਂ ਪਿੰਡ ਸਮੱਗਲਿੰਗ ਦੇ ਮਾਮਲੇ ਵਿਚ ਬਦਨਾਮ ਹੋ ਰਹੇ ਹਨ ਅਤੇ ਸਭ ਤੋਂ ਜ਼ਿਆਦਾ ਡਰੋਨ ਇਨ੍ਹਾਂ ਇਲਾਕਿਆਂ ਵਿਚ ਦੇਖੇ ਗਏ ਅਤੇ ਫੜੇ ਵੀ ਗਏ ਹਨ। ਬੀਤੇ ਦਿਨ ਵੀ ਬੀ. ਐੱਸ. ਐੱਫ. ਵਲੋਂ ਧਨੋਆ ਖੁਰਦ ਪਿੰਡ ਵਿਚ ਇਕ ਮਿੰਨੀ ਡਰੋਨ ਅਤੇ ਹੈਰੋਇਨ ਦਾ ਪੈਕੇਟ ਲਾਵਾਰਿਸ ਹਾਲਤ ਵਿਚ ਪਿਆ ਬਰਾਮਦ ਕੀਤਾ ਗਿਆ। ਕੁਝ ਦਿਨ ਪਹਿਲਾਂ ਪੁਲਸ ਵਲੋਂ ਤਿੰਨ ਕਿਲੋ ਹੈਰੋਇਨ ਨਾਲ ਸਰਬਜੀਤ ਨਾਂ ਦੇ ਸਮੱਗਲਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਧਨੋਖਾ ਖੁਰਦ ਪਿੰਡ ਦਾ ਹੀ ਵਾਸੀ ਹੈ।

ਇਹ ਵੀ ਪੜ੍ਹੋ- ਚੋਣ ਡਿਊਟੀ ’ਚ ਰੁੱਝੇ ਸਾਢੇ 5 ਹਜ਼ਾਰ ਅਧਿਆਪਕ, ਸਿੱਖਿਆ ਵਿਭਾਗ ਦੀ ਦਾਖ਼ਲਾ ਮੁਹਿੰਮ ਪਈ ਮੱਠੀ

ਪੁਲਸ ਵੱਲੋਂ ਲਗਾਤਾਰ ਚਲਾਏ ਜਾ ਰਹੇ ਨੇ ਸਰਚ ਅਭਿਆਨ

ਸਮਾਜ ਵਿਰੋਧੀ ਅਨਸਰਾਂ, ਅਪਰਾਧੀਆਂ ਅਤੇ ਗੈਂਗਸਟਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਦਿਹਾਤੀ ਅਤੇ ਸਿਟੀ ਪੁਲਸ ਵੱਲੋਂ ਲਗਾਤਾਰ ਸਰਚ ਅਭਿਆਨ ਚਲਾਏ ਜਾ ਰਹੇ ਹਨ ਅਤੇ ਅਤਿ-ਸੰਵੇਦਨਸ਼ੀਲ ਅਤੇ ਸੰਵੇਦਨਸ਼ੀਲ ਇਲਾਕਿਆਂ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੇਸ਼ਾਵਰ ਅਪਰਾਧੀ ਜੋ ਜ਼ਮਾਨਤ ’ਤੇ ਬਾਹਰ ਹਨ, ਉਨ੍ਹਾਂ ਨੂੰ ਰਾਊਂਡਅੱਪ ਕੀਤਾ ਜਾ ਚੁੱਕਾ ਹੈ ਅਤੇ ਜਿਨ੍ਹਾਂ ’ਤੇ ਚੋਣਾਂ ਵਿਚ ਵਿਘਨ ਪਾਉਣ ਦਾ ਸ਼ੱਕ ਹੈ, ਉਨ੍ਹਾਂ ਨੂੰ ਹਿਰਾਸਤ 'ਚ ਲਿਆ ਜਾ ਚੁੱਕਿਆ ਹੈ। ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਫੜੀ ਜਾ ਚੁੱਕੀ ਹੈ, ਜੋ ਚੋਣਾਂ ਦੌਰਾਨ ਵੰਡੀ ਜਾਣ ਦੀ ਸੰਭਾਵਨਾ ਸੀ।

ਇਹ ਵੀ ਪੜ੍ਹੋ- ਅਕਾਲੀ ਦਲ ਨੂੰ ਵੱਡਾ ਝਟਕਾ, ਤਲਬੀਰ ਸਿੰਘ ਗਿੱਲ ਆਮ ਆਦਮੀ ਪਾਰਟੀ 'ਚ ਸ਼ਾਮਲ

ਲੰਮੇ ਸਮੇਂ ਬਾਅਦ ਇੰਟੈਲੀਜੈਂਸ ਅਤੇ ਪੁਲਸ ਸਪੈਸ਼ਲ ਸੈੱਲ ਦੇ ਸਫ਼ਲ ਆਪ੍ਰੇਸ਼ਨ

ਸਮੱਗਲਰਾਂ ਦੇ ਇਰਾਦਿਆਂ ਨੂੰ ਨਾਕਾਮ ਕਰਨ ਲਈ ਲੰਬੇ ਸਮੇਂ ਤੋਂ ਬਾਅਦ ਬੀ. ਐੱਸ. ਐੱਫ. ਦੇ ਇੰਟੈਲੀਜੈਂਸ ਵਿੰਗ ਅਤੇ ਪੰਜਾਬ ਪੁਲਸ ਦਿਹਾਤੀ ਦੇ ਸਪੈਸ਼ਲ ਸੈੱਲ ਵੱਲੋਂ ਸਖ਼ਤ ਯਤਨ ਕੀਤੇ ਜਾ ਰਹੇ ਹਨ ਅਤੇ ਆਪਸ ਵਿਚ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕਰ ਕੇ ਸਾਂਝੇ ਤੌਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ। ਕੁਝ ਦਿਨ ਪਹਿਲਾਂ ਹੀ ਬੀ. ਐੱਸ. ਐੱਫ. ਦੇ ਇੰਟੈਲੀਜੈਂਸ ਵਿੰਗ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਅਜਨਾਲਾ ਇਲਾਕੇ ਵਿਚੋਂ ਇਕ ਹਿਸਟਰੀ ਸ਼ੀਟਰ ਸਮੱਗਲਰ ਨੂੰ ਕਾਬੂ ਕੀਤਾ ਗਿਆ ਸੀ ਅਤੇ ਸਮੱਗਲਰ ਦੀ ਨਿਸ਼ਾਨਦੇਹੀ ਤੋਂ ਬਾਅਦ ਗੁਰਦਾਸਪੁਰ ਦੇ ਸਮਰਾਏ ਇਲਾਕੇ ਵਿਚ 1 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਸੀ। ਫੜੇ ਗਏ ਸਮੱਗਲਰ ਵੱਲੋਂ ਕਈ ਅਹਿਮ ਖੁਲਾਸੇ ਵੀ ਕੀਤੇ ਗਏ ਹਨ, ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਚੰਗੀ ਸਫਲਤਾ ਹਾਸਲ ਹੋ ਸਕਦੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਦੀ ਵੱਡੀ ਕਾਰਵਾਈ, 4 ਕਿਲੋ ਆਈਸ ਤੇ 1 ਕਿਲੋ ਹੈਰੋਇਨ ਸਣੇ ਇਕ ਵਿਅਕਤੀ ਗ੍ਰਿਫ਼ਤਾਰ

ਨਹੀਂ ਟੁੱਟ ਰਿਹਾ ਜੇਲਾਂ ਤੋਂ ਚੱਲ ਰਿਹਾ ਨੈੱਟਵਰਕ

ਲੋਕ ਸਭਾ ਚੋਣਾਂ ਵਿਚ ਵੀ ਆਏ ਦਿਨ ਜੇਲ੍ਹਾਂ ਅੰਦਰੋ ਮੋਬਾਈਲ ਫੋਨਾਂ ਅਤੇ ਨਸ਼ੀਲੇ ਪਦਾਰਥਾਂ ਦਾ ਮਿਲਣਾ ਜਾਰੀ ਹੈ। ਸੁਰੱਖਿਆ ਏਜੰਸੀਆਂ ਵਲੋਂ ਇਹ ਖੁਲਾਸਾ ਵੀ ਕੀਤਾ ਜਾ ਚੁੱਕਿਆ ਹੈ ਕਿ ਜੇਲ੍ਹਾਂ 'ਚ ਕੈਦ ਪੁਰਾਣੇ ਸਮੱਗਲਰ ਅਤੇ ਗੈਂਗਸਟਰ ਅੰਦਰੋਂ ਹੀ ਆਪਣੇ ਗੁਰਗਿਆਂ ਨੂੰ ਦਿਸ਼ਾਂ-ਨਿਰਦੇਸ਼ ਦੇ ਰਹੇ ਹਨ ਅਤੇ ਸਮੱਗਲਿੰਗ ਕਰਵਾ ਰਹੇ ਹਨ। ਪਿਛਲੇ ਹਫਤੇ ਵੀ ਕੇਂਦਰੀ ਜੇਲ ਅੰਦਰੋਂ ਮੋਬਾਈਲ ਅਤੇ ਇਤਰਾਜਯੋਗ ਸਾਮਾਨ ਮਿਲਿਆ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਦਾ ਦਾਅਵਾ ਰਹਿੰਦਾ ਹੈ ਕਿ ਜੇਲ੍ਹਾਂ 'ਚ ਜੈਮਰ ਲਗਾਏ ਜਾ ਰਹੇ ਹਨ, ਜਿਸ ਨਾਲ ਕੋਈ ਵੀ ਫੋਨ ਜੇਲ੍ਹ ਅੰਦਰ ਨਹੀਂ ਚੱਲ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News