ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 2 ਕਾਰਾਂ ''ਚੋਂ 20 ਪੇਟੀਆਂ ਨਾਜਾਇਜ਼ ਸ਼ਰਾਬ ਫੜੀ, 2 ਕਾਬੂ

Thursday, Jul 28, 2022 - 07:18 PM (IST)

ਚੰਡੀਗੜ੍ਹ : ਪੰਜਾਬ ਦੇ ਆਬਕਾਰੀ ਅਤੇ ਕਰ, ਵਿੱਤ, ਯੋਜਨਾ ਤੇ ਪ੍ਰੋਗਰਾਮ ਲਾਗੂ ਕਰਨ ਮੰਤਰੀ ਹਰਪਾਲ ਸਿੰਘ ਚੀਮਾ ਦੇ ਸਖ਼ਤ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਆਬਕਾਰੀ ਡਿਊਟੀ ਦੀ ਅਦਾਇਗੀ ਕੀਤੇ ਬਿਨਾਂ ਸਕਾਚ ਵਿਸਕੀ ਦੀ ਤਸਕਰੀ ਕਰਨ ਵਾਲੇ ਸ਼ਰਾਬ ਮਾਫ਼ੀਆ ਖ਼ਿਲਾਫ਼ ਸਖ਼ਤੀ ਕਰਦਿਆਂ ਆਬਕਾਰੀ ਵਿਭਾਗ ਲੁਧਿਆਣਾ ਦੀ ਟੀਮ ਵੱਲੋਂ ਭਾਰਤ ਨਗਰ ਚੌਕ ਲੁਧਿਆਣਾ ਵਿਖੇ 2 ਕਾਰਾਂ 'ਚੋਂ 20 ਪੇਟੀਆਂ ਪ੍ਰੀਮੀਅਮ ਬ੍ਰਾਂਡ ਸ਼ਰਾਬ ਦੀਆਂ ਬਰਾਮਦ ਕੀਤੀਆਂ ਅਤੇ 2 ਮੁਲਜ਼ਮਾਂ ਨੂੰ ਵੀ ਕਾਬੂ ਕੀਤਾ।

ਇਹ ਵੀ ਪੜ੍ਹੋ : ਭਾਰਤੀ ਵਿਲੱਖਣ ਪਛਾਣ ਅਥਾਰਟੀ ਵੱਲੋਂ 'ਆਧਾਰ' ਦੀ ਵਰਤੋਂ ਨੂੰ ਸਰਲ ਬਣਾਉਣ ਸਬੰਧੀ ਰਾਜ ਪੱਧਰੀ ਵਰਕਸ਼ਾਪ ਆਯੋਜਿਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਦੀ ਤਸਕਰੀ ਕਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਗੁਪਤ ਸੂਚਨਾ ਦੇ ਆਧਾਰ 'ਤੇ ਸਥਾਨਕ ਭਾਰਤ ਨਗਰ ਚੌਕ ਲੁਧਿਆਣਾ ਵਿਖੇ ਚੈਕਿੰਗ ਪੁਆਇੰਟ ਲਗਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਆਬਕਾਰੀ ਟੀਮ ਨੇ 2 ਕਾਰਾਂ ਨੂੰ ਰੋਕ ਕੇ ਵਿੱਚੋਂ 20 ਪੇਟੀਆਂ ਨਾਜਾਇਜ਼ ਸ਼ਰਾਬ ਅਤੇ 83 ਨਕਲੀ ਹੋਲੋਗ੍ਰਾਮ (ਐਕਸਾਈਜ਼ ਲੇਬਲ) ਬਰਾਮਦ ਕਰਕੇ ਇਨ੍ਹਾਂ 'ਚ ਸਵਾਰ ਵਿਅਕਤੀਆਂ ਜਿਨ੍ਹਾਂ ਵਿੱਚ ਲੁਧਿਆਣਾ ਦੇ ਵਿਨੀਤ ਕੁਮਾਰ ਤੇ ਤਨਵੀਰ ਸਿੰਘ ਚੰਡੀਗੜ੍ਹ ਸ਼ਾਮਲ ਹਨ, ਨੂੰ ਕਾਬੂ ਕਰ ਲਿਆ। ਮੁਲਜ਼ਮਾਂ 'ਚੋਂ ਇਕ ਚੰਡੀਗੜ੍ਹ ਵਾਸੀ ਪ੍ਰਿੰਸ ਕੁਕਰੇਜਾ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਦੋਵਾਂ ਮੁਲਜ਼ਮਾਂ ਨੂੰ ਥਾਣਾ ਡਵੀਜ਼ਨ ਨੰਬਰ 5 ਲੁਧਿਆਣਾ ਲਿਜਾਇਆ ਗਿਆ ਤੇ ਉਨ੍ਹਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ।

ਇਹ ਵੀ ਪੜ੍ਹੋ : DGP ਪੰਜਾਬ ਵੱਲੋਂ ਜ਼ਿਲ੍ਹਿਆਂ 'ਚ 50 ਫ਼ੀਸਦੀ ਪੁਲਸ ਫੋਰਸ ਨੂੰ ਥਾਣਿਆਂ 'ਚ ਤਾਇਨਾਤ ਕਰਨ ਦੇ ਹੁਕਮ

ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਪੰਜਾਬ ਵਿੱਚ ਮਹਿੰਗੀ ਸਕਾਚ ਵਿਸਕੀ ਦੀ ਤਸਕਰੀ ਕਰਨ ਦੇ ਇਕ ਵੱਡੇ ਰੈਕੇਟ ਦਾ ਹਿੱਸਾ ਹਨ ਅਤੇ ਟੀਮਾਂ ਸ਼ਰਾਬ ਦੇ ਸਰੋਤ ਦਾ ਪਤਾ ਲਗਾਉਣ ਲਈ ਕੰਮ ਕਰ ਰਹੀਆਂ ਹਨ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਮਾਨ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਕੋਈ ਵੀ ਆਬਕਾਰੀ ਐਕਟ ਦੀ ਉਲੰਘਣਾ ਨਾ ਕਰੇ। ਚੀਮਾ ਨੇ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਨਾਜਾਇਜ਼ ਸ਼ਰਾਬ ਖ਼ਿਲਾਫ਼ ਸ਼ਿਕੰਜਾ ਹੋਰ ਕੱਸਿਆ ਜਾਵੇਗਾ ਅਤੇ ਇਸ ਵਿੱਚ ਸ਼ਾਮਲ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News