ਕਮਿਸ਼ਨਰੇਟ ਪੁਲਸ ਜਲੰਧਰ ਵਲੋਂ ਰੇਲਵੇ ਸਟੇਸ਼ਨਾਂ ‘ਤੇ ਵਿਸ਼ੇਸ਼ CASO ਓਪਰੇਸ਼ਨ ਚਲਾਇਆ ਗਿਆ
Thursday, Aug 28, 2025 - 08:31 PM (IST)

ਜਲੰਧਰ (ਕੁੰਦਨ/ਪੰਕਜ) -ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ ਪੁਲਿਸ ਕਮਿਸ਼ਨਰ ਜਲੰਧਰ ਸ੍ਰੀਮਤੀ ਧਨਪ੍ਰੀਤ ਕੌਰ, ਜੋਇੰਟ ਸੀ.ਪੀ. ਸ਼੍ਰੀ ਸੰਦੀਪ ਸ਼ਰਮਾ, ਏ.ਡੀ.ਸੀ.ਪੀ ਸਿਟੀ-1 ਅਤੇ ਏ.ਡੀ.ਸੀ.ਪੀ ਸਿਟੀ-2 ਦੀ ਨਿਗਰਾਨੀ ਵਿੱਚ ਸਿਟੀ ਰੇਲਵੇ ਸਟੇਸ਼ਨ ਅਤੇ ਕੈਂਟ ਰੇਲਵੇ ਸਟੇਸ਼ਨ ‘ਤੇ ਵਿਸ਼ੇਸ਼ ਕਾਸੋ ਓਪਰੇਸ਼ਨ ਚਲਾਇਆ ਗਿਆ। ਇਹ ਕਾਰਵਾਈ ਰਾਜ-ਪੱਧਰੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦਾ ਹਿੱਸਾ ਹੈ, ਇਸ ਕਾਰਵਾਈ ਦਾ ਉਦੇਸ਼ ਯਾਤਰਾ ਸਾਧਨਾਂ ਰਾਹੀਂ ਕੀਤੇ ਜਾ ਰਹੇ ਨਸ਼ੇ ਦੀ ਸਪਲਾਈ ‘ਤੇ ਨੱਥ ਪਾਉਣਾ ਅਤੇ ਜਨਤਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨਾ ਹੈ।
ਓਪਰੇਸ਼ਨ ਦੀ ਅਗਵਾਈ ਏ.ਸੀ.ਪੀ ਨਾਰਥ ਅਤੇ ਏ.ਸੀ.ਪੀ ਕੈਂਟ ਵੱਲੋਂ ਅਤੇ ਉਹਨਾਂ ਅਧੀਨ ਥਾਣਾ ਇੰਚਾਰਜ ਵੱਲੋ ਕੀਤੀ ਗਈ, ਜਿਸ ਵਿੱਚ ਕੁੱਲ 110 ਪੁਲਸ ਕਰਮਚਾਰੀ ਦੀਆਂ ਵੱਖ-ਵੱਖ ਟੀਮਾਂ ਬਣਾਇਆ ਗਈਆ। ਇਸ ਕਾਰਵਾਈ ਵਿੱਚ ਐਂਟੀ-ਸੈਬੋਟਾਜ਼ ਟੀਮਾਂ, ਐਂਟੀ-ਰਾਇਟ ਪੁਲਸ, GRP ਅਤੇ ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਦੀ ਵੀ ਸ਼ਮੂਲੀਅਤ ਰਹੀ। ਟੀਮਾਂ ਨੂੰ ਆਧੁਨਿਕ ਤਲਾਸ਼ੀ ਉਪਕਰਣਾਂ ਜਿਵੇਂ ਕਿ ਮੈਟਲ ਡਿਟੈਕਟਰ, ਹੈਂਡਹੈਲਡ ਸਕੈਨਰ ਅਤੇ ਹੋਰ ਵਿਸ਼ੇਸ਼ ਯੰਤਰਾਂ ਨਾਲ ਲੈਸ ਕੀਤਾ ਗਿਆ ਸੀ, ਤਾਂ ਜੋ ਤਲਾਸ਼ੀ ਪ੍ਰਕਿਰਿਆ ਹੋਰ ਪ੍ਰਭਾਵਸ਼ਾਲੀ ਬਣ ਸਕੇ।
ਕਾਰਵਾਈ ਦੌਰਾਨ ਸ਼ੱਕੀ ਵਿਅਕਤੀਆਂ ਦੇ ਕਰਾਇਮ ਰਿਕਾਰਡ ਦੀ ਪੁਸ਼ਟੀ ਲਈ PIAS ਐਪ ਦੀ ਵਰਤੋਂ ਕੀਤੀ ਗਈ। ਇਸ ਤੋਂ ਇਲਾਵਾ ਸੁਰੱਖਿਆ ਪ੍ਰਬੰਧਾਂ ਦੇ ਹਿੱਸੇ ਵਜੋਂ CCTV ਕੈਮਰਿਆਂ ਦੀ ਕਾਰਗੁਜ਼ਾਰੀ, ਯਾਤਰੀਆਂ ਦੇ ਸਾਮਾਨ ਅਤੇ ਰੇਲਵੇ ਸਟੇਸ਼ਨਾਂ ਦੀਆਂ ਦੁਕਾਨਾਂ ਚੈਕਿੰਗ ਕੀਤੀ ਗਈ। ਇਸੇ ਤਰ੍ਹਾਂ, ਰੇਲਵੇ ਸਟੇਸ਼ਨਾਂ ਦੇ ਪਾਰਕਿੰਗ ਏਰੀਆ ਦੀ ਵਿਸਤ੍ਰਿਤ ਜਾਂਚ ਕੀਤੀ ਗਈ ਅਤੇ VAHAN ਐਪ ਰਾਹੀਂ ਵਾਹਨਾਂ ਦੇ ਅਸਲ ਮਾਲਕਾਂ ਦੀ ਪੁਸ਼ਟੀ ਕੀਤੀ ਗਈ।
ਇਹ ਕਾਰਵਾਈ ਪਬਲਿਕ ਸਥਾਨਾਂ ‘ਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ‘ਤੇ ਰੋਕ ਲਗਾਉਣ ਲਈ ਕੀਤੀ ਗਈ। ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਜਿਹੇ ਕਾਸੋ ਆਪਰੇਸ਼ਨਾਂ ਦੌਰਾਨ ਪੁਲਸ ਨਾਲ ਪੂਰਾ ਸਹਿਯੋਗ ਕਰਨ ਅਤੇ ਜੇਕਰ ਉਹਨਾਂ ਦੇ ਧਿਆਨ ਵਿੱਚ ਕਿਸੇ ਵੀ ਪ੍ਰਕਾਰ ਦੀ ਗੈਰ-ਕਾਨੂੰਨੀ ਗਤੀਵਿਧੀ ਆਉਂਦੀ ਹੈ ਤਾਂ ਉਸ ਦੀ ਤੁਰੰਤ ਸੂਚਨਾ ਪੁਲਿਸ ਹੈਲਪਲਾਈਨ 112 ‘ਤੇ ਦੇਣ।