ਨਾਜਾਇਜ਼ ਮਾਈਨਿੰਗ ਦੇ ਦੋਸ਼ ''ਚ 2 ਟਰੈਕਟਰ-ਟਰਾਲੀਆਂ ਜ਼ਬਤ
Wednesday, Sep 13, 2017 - 01:08 AM (IST)
ਕਾਠਗੜ੍ਹ, (ਰਾਜੇਸ਼)- ਕਾਠਗੜ੍ਹ ਪੁਲਸ ਨੇ ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ 2 ਰੇਤ ਨਾਲ ਭਰੀਆਂ ਟਰੈਕਟਰ-ਟਰਾਲੀਆਂ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕੀਤਾ ਹੈ। ਕਾਠਗੜ੍ਹ ਥਾਣੇ ਦੇ ਹੌਲਦਾਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪੁਲਸ ਪਾਰਟੀ ਨੂੰ ਗਸ਼ਤ ਦੌਰਾਨ ਪਿੰਡ ਸੁੱਧਾ ਮਾਜਰਾ ਤੋਂ ਇਕ ਰੇਤ ਨਾਲ ਭਰੀ ਟਰੈਕਟਰ-ਟਰਾਲੀ ਜੋ ਬਲਾਚੌਰ ਵੱਲ ਨੂੰ ਜਾ ਰਹੀ ਸੀ, ਦਿਖਾਈ ਦਿੱਤੀ ਤਾਂ ਉਸ ਨੂੰ ਰੋਕ ਕੇ ਮਾਈਨਿੰਗ ਸਬੰਧੀ ਕਾਗਜ਼ ਮੰਗੇ ਪਰ ਕਾਗਜ਼ ਪੱਤਰ ਪੂਰੇ ਨਾ ਹੋਣ 'ਤੇ ਟਰੈਕਟਰ ਚਾਲਕ ਸੁਖਵਿੰਦਰ ਸਿੰਘ ਪੁੱਤਰ ਕੇਰ ਸਿੰਘ ਵਾਸੀ ਜੱਟਾਂਪੁਰ 'ਤੇ ਮੁਕੱਦਮਾ ਦਰਜ ਕਰ ਕੇ ਟਰੈਕਟਰ-ਟਰਾਲੀ ਜ਼ਬਤ ਕਰ ਲਈ ਹੈ। ਇਸੇ ਤਰ੍ਹਾਂ ਪਿੰਡ ਜਗਤੇਵਾਲ ਦੇ ਏ. ਐੱਸ. ਆਈ. ਪੁਸ਼ਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਨਾਕੇ ਦੌਰਾਨ ਇਕ ਰੇਤ ਨਾਲ ਭਰੀ ਟਰੈਕਟਰ-ਟਰਾਲੀ ਮੰਡ ਵੱਲ ਤੋਂ ਜਗਤੇਵਾਲ ਨੂੰ ਜਾਂਦੀ ਦੇਖੀ ਅਤੇ ਰੁਕਣ ਲਈ ਆਖਿਆ ਤਾਂ ਪੁਲਸ ਪਾਰਟੀ ਨੂੰ ਦੇਖ ਕੇ ਟਰੈਕਟਰ ਚਾਲਕ ਟਰੈਕਟਰ-ਟਰਾਲੀ ਛੱਡ ਕੇ ਫਰਾਰ ਹੋ ਗਿਆ। ਟਰੈਕਟਰ-ਟਰਾਲੀ ਕਬਜ਼ੇ 'ਚ ਲੈ ਕੇ ਮਾਈਨਿੰਗ ਤਹਿਤ ਮਾਮਲਾ ਦਰਜ ਕੀਤਾ ਹੈ।
