2 ਸਮੱਗਲਰ ਔਰਤਾਂ ਕਰੋੜਾਂ ਦੀ ਹੈਰੋਇਨ ਸਮੇਤ ਗ੍ਰਿਫਤਾਰ

08/12/2019 9:20:04 PM

ਪਟਿਆਲਾ (ਬਲਜਿੰਦਰ)-ਪਟਿਆਲਾ ਪੁਲਸ ਨੇ ਨਸ਼ਿਆਂ ਖਿਲਾਫ ਇਕ ਵੱਡੀ ਕਾਰਵਾਈ ਕਰਦਿਆਂ ਨਸ਼ਿਆਂ ਦੇ 'ਕਾਲੇ ਕਾਰੋਬਾਰ' ਵਿਚ ਲੰਮੇ ਸਮੇਂ ਤੋਂ ਲੱਗੀਆਂ 2 ਸਮੱਗਲਰ ਔਰਤਾਂ ਨੂੰ ਕਰੋੜਾਂ ਰੁਪਏ ਮੁੱਲ ਦੀ 850 ਗਰਾਮ ਹੈਰੋਇਨ ਅਤੇ 5 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੀਆਂ ਗਈਆਂ ਔਰਤਾਂ ਤੋਂ ਨਸ਼ਿਆਂ ਦੀ ਕਮਾਈ ਨਾਲ ਬਣਾਏ ਸਾਜੋ-ਸਾਮਾਨ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਹੋਈ ਸਪੈਸ਼ਲ ਮੁਹਿੰਮ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋਂ ਐੱਸ. ਪੀ. ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ, ਡੀ. ਐੱਸ. ਪੀ. ਜਸਪ੍ਰੀਤ ਸਿੰਘ, ਡੀ. ਐੱਸ. ਪੀ. ਜਸਵੰਤ ਸਿੰਘ ਮਾਂਗਟ ਦੀ ਨਿਗਰਾਨੀ ਹੇਠ ਐੱਸ. ਐੱਚ. ਓ. ਪਸਿਆਣਾ ਇੰਸਪੈਕਟਰ ਹਰਬਿੰਦਰ ਸਿੰਘ ਅਤੇ ਪੁਲਸ ਪਾਰਟੀ ਨੇ ਸਰਚ ਆਪਰੇਸ਼ਨ ਦੌਰਾਨ ਸੰਗਰੂਰ ਰੋਡ 'ਤੇ ਸਥਿਤ ਪਿੰਡ ਰਾਜਗੜ੍ਹ ਦੀ ਮਨਜੀਤ ਕੌਰ ਉਰਫ ਬਿੱਟੋ ਅਤੇ ਅਮਰਜੀਤ ਕੌਰ ਉਰਫ ਕਾਲੋ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਕੋਲੋਂ 850 ਗਰਾਮ ਹੈਰੋਇਨ ਅਤੇ 5 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਇਸ ਸਰਚ ਆਪ੍ਰੇਸ਼ਨ ਦੀ ਅਗਵਾਈ ਖੁਦ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਕੀਤੀ।

PunjabKesari

ਐੱਸ. ਐੱਸ. ਪੀ. ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਨਜੀਤ ਕੌਰ ਉਰਫ ਬਿੱਟੋ ਨੂੰ ਪਿੰਡ ਰਾਜਗੜ੍ਹ ਤੋਂ ਗ੍ਰਿਫਤਾਰ ਕਰ ਕੇ ਉਸ ਕੋਲੋਂ 450 ਗਰਾਮ ਹੈਰੋਇਨ ਅਤੇ 5 ਲੱਖ ਰੁਪਏ (ਡਰੱਗ ਮਨੀ) ਬਰਾਮਦ ਕਰ ਕੇ ਉਸ ਦੇ ਖਿਲਾਫ ਐੱਫ. ਆਈ. ਆਰ. ਨੰਬਰ 155 ਐੱਨ. ਡੀ. ਪੀ. ਐੱਸ. ਐਕਟ ਤਹਿਤ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਅਮਰਜੀਤ ਕੌਰ ਉਰਫ ਕਾਲੋ ਨੂੰ ਪਿੰਡ ਰਾਜਗੜ੍ਹ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 400 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਉਸ ਦੇ ਖਿਲਾਫ ਐੱਫ. ਆਈ. ਆਰ. ਨੰ. 156 ਐੱਨ. ਡੀ. ਪੀ. ਐੱਸ. ਐਕਟ ਤਹਿਤ ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੀਆਂ ਔਰਤਾਂ ਮਨਜੀਤ ਕੌਰ ਉਰਫ ਬਿੱਟੋ ਖਿਲਾਫ ਪਹਿਲਾਂ ਵੀ ਐੱਨ. ਡੀ. ਪੀ. ਐੱਸ.ਐਕਟ ਤਹਿਤ ਮੁਕੱਦਮੇ ਦਰਜ ਹਨ। ਮਨਜੀਤ ਕੌਰ ਦਾ ਘਰਵਾਲਾ ਸੁਰਜੀਤ ਸਿੰਘ ਵੀ ਐੱਨ. ਡੀ. ਪੀ. ਐੱਸ. ਐਕਟ ਦੇ ਕੇਸਾਂ 'ਚ ਜੇਲ ਵਿਚ ਬੰਦ ਹੈ। ਇਸ ਦੇ ਘਰਵਾਲੇ ਖਿਲਾਫ ਐੱਨ. ਡੀ. ਪੀ. ਐੱਸ. ਦੇ 5 ਮੁਕੱਦਮੇ ਦਰਜ ਹਨ। ਇਹ ਦੋਵੇ ਪਤੀ-ਪਤਨੀ ਪਿਛਲੇ 7-8 ਸਾਲ ਤੋਂ ਨਸ਼ਿਆਂ ਦਾ 'ਕਾਲਾ ਕਾਰੋਬਾਰ' ਕਰ ਰਹੇ ਹਨ। ਇਸੇ ਤਰ੍ਹਾਂ ਅਮਰਜੀਤ ਕੌਰ ਉਰਫ ਕਾਲੋ ਦਾ ਘਰਵਾਲਾ ਮੇਜਰ ਸਿੰਘ ਵੀ ਨਸ਼ਾ ਸਮੱਗਲਿੰਗ ਦੇ ਕੇਸਾਂ ਅਧੀਨ ਜੇਲ 'ਚ ਬੰਦ ਹੈ। ਇਹ ਪਿਛਲੇ 7-8 ਸਾਲਾਂ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ।

ਗ੍ਰਿਫਤਾਰ ਕੀਤੀਆਂ ਗਈਆਂ ਦੋਵੇਂ ਔਰਤਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਹੈਰੋਇਨ ਦਿੱਲੀ ਤੋਂ ਨੀਗਰੋਆਂ ਪਾਸੋਂ ਲੈ ਕੇ ਆਈਆਂ ਹਨ। ਉਨ੍ਹਾਂ ਬਾਰੇ ਪੂਰੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਕਿਸ-ਕਿਸ ਨੂੰ ਸਪਲਾਈ ਕਰਦੀਆਂ ਹਨ। ਜਾਂਚ-ਪੜਤਾਲ ਡੂਘਾਈ ਨਾਲ ਕੀਤੀ ਜਾ ਰਹੀ ਹੈ। ਪੁਲਸ ਨੇ ਨਸ਼ੇ ਵੇਚ ਕੇ ਬਣਾਏ ਗਏ ਸਾਮਾਨ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਸ ਵਿਚ 2 ਏ. ਸੀ, 2 ਵਾਸ਼ਿੰਗ ਮਸ਼ੀਨਾਂ, 2 ਐੱਲ. ਸੀ. ਡੀਜ਼, ਫਰਿਜ, ਬੈੱਡ ਅਲਮਾਰੀ, ਇਕ ਐਕਟਿਵਾ ਅਤੇ ਹੋਰ ਘਰੇਲੂ ਸਾਮਾਨ ਸ਼ਾਮਲ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਨ੍ਹਾਂ ਵੱਲੋਂ ਪਿੰਡ ਰਾਜਗੜ੍ਹ ਵਿਚ ਹੀ ਜ਼ਮੀਨ ਲੈ ਕੇ ਉਸਾਰੀ ਅਧੀਨ 2 ਕਾਫੀ ਮਹਿੰਗੇ ਘਰਾਂ ਦੀ ਪੁਲਸ ਵੱਲੋਂ ਪਛਾਣ ਕੀਤੀ ਗਈ ਹੈ। ਇਨ੍ਹਾਂ ਬਾਬਤ ਐੱਨ. ਡੀ. ਪੀ. ਐੱਸ. ਐਕਟ ਤਹਿਤ ਵੱਖਰੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਨ੍ਹਾਂ ਦੇ ਹੋਰ ਬੈਂਕ ਖਾਤਿਆਂ ਦੀ ਵੀ ਪੜਤਾਲ ਕੀਤੀ ਜਾਵੇਗੀ।

ਐੱਸ. ਐੱਸ. ਪੀ. ਨੇ ਦੱਸਿਆ ਕਿ ਵਾਰ-ਵਾਰ ਚਿਤਾਵਨੀ ਦੇ ਬਾਵਜੂਦ ਵੀ ਨਸ਼ਿਆਂ ਦੇ ਕਾਰੋਬਾਰ ਵਿਚ ਲੱਗੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਸਖਤ ਸਜ਼ਾਵਾਂ ਦਿਵਾਉਣ ਦੇ ਨਾਲ-ਨਾਲ ਉਨ੍ਹਾਂ ਵੱਲੋਂ ਨਸ਼ਿਆਂ ਦੀ ਕਮਾਈ ਨਾਲ ਬਣਾਈ ਜਾਇਦਾਦ ਅਤੇ ਐਸ਼ੋ-ਆਰਾਮ ਦੇ ਸਾਮਾਨ ਨੂੰ ਵੀ ਜ਼ਬਤ ਕੀਤਾ ਜਵੇਗਾ। ਇਸ ਨੂੰ ਪ੍ਰਾਪਰਟੀ ਕੇਸ ਬਣਾਇਆ ਜਾਵੇਗਾ। ਇਸ ਮੌਕੇ ਐੱਸ. ਪੀ. ਜਾਂਚ ਹਰਮੀਤ ਸਿੰਘ ਹੁੰਦਲ, ਡੀ. ਐੱਸ. ਪੀ. ਜਸਪ੍ਰੀਤ ਸਿੰਘ, ਡੀ. ਐੱਸ. ਪੀ. ਜਸਵੰਤ ਸਿੰਘ ਮਾਂਗਟ, ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸ. ਸ਼ਮਿੰਦਰ ਸਿੰਘ ਅਤੇ ਐੱਸ. ਐੱਚ. ਓ. ਹਰਬਿੰਦਰ ਸਿੰਘ ਆਦਿ ਹਾਜ਼ਰ ਸਨ।


Karan Kumar

Content Editor

Related News