ਸ਼ਟਰਿੰਗ ਦਾ ਕੰਮ ਕਰਦੇ 2 ਮਜ਼ਦੂਰਾਂ ਦੀ ਕਰੰਟ ਲੱਗਣ ਨਾਲ ਮੌਤ

09/16/2021 1:18:03 AM

ਜਲੰਧਰ(ਰਮਨ)- ਥਾਣਾ ਨਵੀਂ ਬਾਰਾਂਦਰੀ ਅਧੀਨ ਪੈਂਦੇ ਪੁੱਡਾ ਕੰਪਲੈਕਸ ਵਿਚ ਬੁੱਧਵਾਰ ਸ਼ਾਮ 6 ਵਜੇ ਦੇ ਲਗਭਗ ਕਰੰਟ ਲੱਗਣ ਨਾਲ 2 ਮਜ਼ਦੂਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮਨਸਾ ਰਾਮ ਨਿਵਾਸੀ ਯੂ. ਪੀ. ਦੇ ਬਹਿਰਾਈਚ ਜ਼ਿਲ੍ਹੇ ਦੇ ਖੈਰੀ ਘਾਟ ਬੜਨਾਪੁਰ ਤੇ ਕਨ੍ਹੱਈਆ ਲਾਲ ਨਿਵਾਸੀ ਬੌਡੀ ਰਾਜਾ ਬਹਿਰਾਈਚ ਵਜੋਂ ਹੋਈ ਹੈ। ਦੋਵੇਂ ਹੀ ਸ਼ਟਰਿੰਗ ਦਾ ਕੰਮ ਕਰਦੇ ਸਨ ਅਤੇ ਬੁੱਧਵਾਰ ਸ਼ਾਮ ਪੁੱਡਾ ਕੰਪਲੈਕਸ ਦੀ ਇਕ ਬਿਲਡਿੰਗ ਵਿਚ ਸ਼ਟਰਿੰਗ ਦਾ ਕੰਮ ਕਰਨ ਲਈ ਆਪਣੇ ਇਕ ਹੋਰ ਸਾਥੀ ਨਾਲ ਗਏ ਸਨ। ਸੂਚਨਾ ਮਿਲਦੇ ਹੀ ਬਿਲਡਿੰਗ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਬਿਜਲੀ ਬੰਦ ਕਰਵਾ ਕੇ ਲਾਸ਼ਾਂ ਨੂੰ ਕੱਢਿਆ। ਥਾਣਾ ਬਾਰਾਂਦਰੀ ਦੇ ਇੰਚਾਰਜ ਰਵਿੰਦਰ ਕੁਮਾਰ ਵੀ ਮੌਕੇ ’ਤੇ ਪਹੁੰਚੇ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਸ਼ਟਰਿੰਗ ਦੌਰਾਨ ਮਜ਼ਦੂਰਾਂ ਨੇ ਪਾਈਪ ਦੀ ਸ਼ਟਰਿੰਗ ਬਿਜਲੀ ਦੀਆਂ ਤਾਰਾਂ ਵਿਚ ਹੀ ਕਰ ਦਿੱਤੀ ਸੀ, ਜਿਸ ਤੋਂ ਬਾਅਦ ਹੌਲੀ-ਹੌਲੀ ਤਾਰਾਂ ਘਿਸਦੀਆਂ ਗਈਆਂ ਅਤੇ ਮਨਸਾ ਰਾਮ ਕਰੰਟ ਦੀ ਲਪੇਟ ਵਿਚ ਆ ਗਿਆ। ਮਨਸਾ ਰਾਮ ਨੂੰ ਕਰੰਟ ਲੱਗਦਾ ਦੇਖ ਕਨ੍ਹੱਈਆ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਬਿਜਲੀ ਦੀ ਲਪੇਟ ਵਿਚ ਆ ਗਿਆ, ਉਥੇ ਹੀ ਮੌਕੇ ’ਤੇ ਮੌਜੂਦ ਮ੍ਰਿਤਕਾਂ ਦਾ ਤੀਜਾ ਸਾਥੀ ਕਾਨਪੁਰ ਨਿਵਾਸੀ ਮੋਨੂੰ ਵਾਲ-ਵਾਲ ਬਚ ਗਿਆ। ਮੋਨੂੰ ਨੇ ਘਟਨਾ ਦੀ ਸੂਚਨਾ ਬੀ. ਐੱਸ. ਐੱਫ. ਚੌਕ ਨੇੜੇ ਠੇਕੇਦਾਰ ਅਤੇ ਮ੍ਰਿਤਕ ਕਨ੍ਹੱਈਆ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਸੂਚਨਾ ਤੋਂ ਬਾਅਦ ਉਹ ਵੀ ਮੌਕੇ 'ਤੇ ਪਹੁੰਚੇ।
 


Bharat Thapa

Content Editor

Related News