ਜਲੰਧਰ 'ਚ ਕਾਂਗਰਸ ਦੇ 2 ਸੀਨੀਅਰ ਆਗੂ 6 ਸਾਲ ਲਈ ਸਸਪੈਂਡ, ਮਹਿੰਦਰ ਸਿੰਘ ਕੇ. ਪੀ. ਦੇ ਹਨ ਖਾਸਮਖਾਸ

06/20/2024 12:56:14 PM

ਜਲੰਧਰ (ਚੋਪੜਾ)– ਜਲੰਧਰ 'ਚ ਜ਼ਿਮਨੀ ਚੋਣ ਤੋਂ ਪਹਿਲਾਂ ਮਹਿੰਦਰ ਸਿੰਘ ਕੇ. ਪੀ. ਦੇ ਖਾਸਮਖਾਸ ਮੰਨੇ ਜਾਂਦੇ ਕਾਂਗਰਸ ਦੇ 2 ਸੀਨੀਅਰ ਆਗੂਆਂ ਨੂੰ 6 ਸਾਲ ਲਈ ਸਸਪੈਂਡ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਵਿਚ ਜਲੰਧਰ ਸੰਸਦੀ ਸੀਟ ’ਤੇ ਕਾਂਗਰਸ ਵੱਲੋਂ 1 ਲੱਖ 75 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਜਿੱਤ ਦਾ ਪਰਚਮ ਲਹਿਰਾਉਣ ਤੋਂ ਬਾਅਦ ਕਾਂਗਰਸ ਨੂੰ ਮਿਲੇ ਲੋਕ ਫਤਵੇ ਨਾਲ ਵਰਕਰ ਕਾਫ਼ੀ ਗਦਗਦ ਹੋ ਗਏ ਅਤੇ ਪਾਰਟੀ ਕੇਡਰ ਵਿਚ ਨਵਾਂ ਜੋਸ਼ ਵੇਖਣ ਨੂੰ ਮਿਲਿਆ ਪਰ ਇਹ ਜੋਸ਼ ਕੁਝ ਦਿਨਾਂ ਬਾਅਦ ਹੀ ਉਸ ਸਮੇਂ ਕਾਫੂਰ ਹੋਣਾ ਸ਼ੁਰੂ ਹੋ ਗਿਆ, ਜਦੋਂ ਚੋਣ ਕਮਿਸ਼ਨ ਨੇ ਵੈਸਟ ਵਿਧਾਨ ਸਭਾ ਹਲਕੇ ਵਿਚ ਜ਼ਿਮਨੀ ਚੋਣ ਦਾ ਅਚਾਨਕ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਦੀ ਅਣਦੇਖੀ ਕਹਿ ਲਓ ਜਾਂ ਲਾਪ੍ਰਵਾਹੀ ਕਿ ਜ਼ਿਮਨੀ ਚੋਣ ਵਿਚ 21 ਦਾਅਵੇਦਾਰਾਂ ਦੀ ਫ਼ੌਜ ਖੜ੍ਹੀ ਹੋ ਗਈ, ਜੋ ਅਜੇ ਤਕ ਹਾਈਕਮਾਨ ਤੋਂ ਸੰਭਾਲੀ ਨਹੀਂ ਜਾ ਰਹੀ।

ਇੰਨਾ ਹੀ ਨਹੀਂ, ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਵੱਲੋਂ ਅਜਿਹੇ ਕਈ ਫ਼ੈਸਲੇ ਜਾਂ ਕਦਮ ਚੁੱਕੇ ਜਾ ਰਹੇ ਹਨ, ਜਿਸ ਨਾਲ ਪਾਰਟੀ ਨੂੰ ਉਲਟਾ ਫਜ਼ੀਹਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦਿਨੀਂ ਮਹਿੰਦਰ ਸਿੰਘ ਕੇ. ਪੀ. ਦੇ ਅਕਾਲੀ ਦਲ ਨੂੰ ਛੱਡ ਕੇ ਮੁੜ ਕਾਂਗਰਸ ਵਿਚ ਸ਼ਾਮਲ ਹੋਣ ਦੇ ਕਿਆਸਿਆਂ ਦੌਰਾਨ ਜ਼ਿਲ੍ਹਾ ਕਾਂਗਰਸ ਵੱਲੋਂ ਰਾਤ 10 ਵਜੇ ਦਾਅਵੇਦਾਰਾਂ ਨੂੰ ਫੋਨ ਕਰਕੇ 66 ਫੁੱਟੀ ਰੋਡ ’ਤੇ ਇਕੱਠਾ ਕਰਕੇ ਚਰਨਜੀਤ ਸਿੰਘ ਚੰਨੀ ਸਾਹਮਣੇ ਪੇਸ਼ ਕਰਕੇ ਕੇ. ਪੀ. ਦੀ ਕਾਂਗਰਸ ਵਿਚ ਐਂਟਰੀ ਦਾ ਵਿਰੋਧ ਕੀਤਾ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਚੱਲੀਆਂ ਤੇਜ਼ ਹਵਾਵਾਂ, ਮੀਂਹ ਨੇ ਦਿਵਾਈ ਅੱਤ ਦੀ ਗਰਮੀ ਤੋਂ ਰਾਹਤ

PunjabKesari

ਫਿਰ ਸੰਸਦ ਮੈਂਬਰ ਚੰਨੀ ਵੱਲੋਂ ਪੰਜਾਬ ਸੂਬਾ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਨੂੰ ਫੋਨ ’ਤੇ ਹੀ ਕੇ. ਪੀ. ਨੂੰ ਕਾਂਗਰਸ ਵਿਚ ਸ਼ਾਮਲ ਕਰਨ ਨਾਲ ਪਨਪੇ ਮਾਹੌਲ ਨੇ ਕਾਂਗਰਸੀ ਗਲਿਆਰਿਆਂ ਵਿਚ ਕਾਫ਼ੀ ਚਰਚਾ ਛੇੜ ਦਿੱਤੀ ਕਿ ਜਦੋਂ ਕੇ. ਪੀ. ਖੇਮਾ ਸਿਰੇ ਤੋਂ ਕਾਂਗਰਸ ਵਿਚ ਵਾਪਸੀ ਨੂੰ ਨਕਾਰ ਰਿਹਾ ਸੀ ਤਾਂ ਸੰਸਦ ਮੈਂਬਰ ਚੰਨੀ ਦੇ ਸਾਹਮਣੇ ਅਜਿਹਾ ਡਰਾਮਾ ਕਰਨ ਦੀ ਆਖਿਰ ਕੀ ਲੋੜ ਸੀ। ਪਰ ਅੱਜ ਇਕ ਵਾਰ ਫਿਰ ਜ਼ਿਲ੍ਹਾ ਕਾਂਗਰਸ ਸ਼ਹਿਰੀ ਨੇ ਦੋ ਕਦਮ ਹੋਰ ਅੱਗੇ ਵਧਾਉਂਦਿਆਂ ਮਹਿੰਦਰ ਸਿੰਘ ਕੇ. ਪੀ. ਦੇ 2 ਸਮਰਥਕਾਂ ’ਤੇ ਪਾਰਟੀ ਦੇ ਅਨੁਸ਼ਾਸਨ ਨੂੰ ਭੰਗ ਕਰਨ ਦੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ 6 ਸਾਲਾਂ ਲਈ ਪਾਰਟੀ ਵਿਚੋਂ ਸਸਪੈਂਡ ਕਰ ਦਿੱਤਾ ਹੈ। ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਵੱਲੋਂ ਜਾਰੀ ਇਕ ਫ਼ੈਸਲੇ ਵਿਚ ਮਹਿੰਦਰ ਕੇ. ਪੀ. ਦੇ 2 ਖਾਸਮਖਾਸਾਂ ਵਿਚ ਸ਼ਾਮਲ ਅਮਰੀਕ ਸਿੰਘ ਕੇ. ਪੀ. ਅਤੇ ਗੁਰਕ੍ਰਿਪਾਲ ਸਿੰਘ ਭੱਟੀ ਨੂੰ ਸਸਪੈਂਡ ਕੀਤਾ ਗਿਆ ਹੈ ਪਰ ਹੈਰਾਨੀਜਨਕ ਹੈ ਕਿ ਉਕਤ ਦੋਵੇਂ ਨੇਤਾ 22 ਅਪ੍ਰੈਲ 2024 ਨੂੰ ਕੇ. ਪੀ. ਦੇ ਅਕਾਲੀ ਦਲ ਜੁਆਇਨ ਕਰਨ ਦੌਰਾਨ ਹੀ ਕਾਂਗਰਸ ਨੂੰ ਅਲਵਿਦਾ ਕਹਿ ਗਏ ਸਨ।

ਇਹ ਵੀ ਪੜ੍ਹੋ-ਗਰਮੀ ਤੋਂ ਜਲਦ ਮਿਲੇਗੀ ਰਾਹਤ, ਓਰੇਂਜ ਤੇ ਯੈਲੋ ਅਲਰਟ ਦਰਮਿਆਨ ਮੌਸਮ ਵਿਭਾਗ ਵੱਲੋਂ ਮੀਂਹ ਦੀ ਭਵਿੱਖਬਾਣੀ

ਇੰਨਾ ਹੀ ਨਹੀਂ, ਅਮਰੀਕ ਕੇ. ਪੀ. ਅਤੇ ਗੁਰਕ੍ਰਿਪਾਲ ਭੱਟੀ ਨੇ 18 ਮਈ 2024 ਨੂੰ ਜਲੰਧਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਾਰੀ ਕੀਤੇ ਗਏ ਐਲਾਨ ਪੱਤਰ ਪ੍ਰੋਗਰਾਮ ਦੌਰਾਨ ਹੀ ਸਿਰੋਪਾਓ ਪਹਿਨ ਕੇ ਅਕਾਲੀ ਦਲ ਜੁਆਇਨ ਕਰ ਲਈ ਸੀ ਪਰ ਅੱਜ ਜ਼ਿਲ੍ਹਾ ਕਾਂਗਰਸ ਵੱਲੋਂ ਇਨ੍ਹਾਂ ਨੇਤਾਵਾਂ ਨੂੰ ਸਸਪੈਂਡ ਕਰਨ ਦੇ ਫ਼ੈਸਲੇ ਤੋਂ ਬਾਅਦ ਸਿਆਸੀ ਗਲਿਆਰਿਆਂ ਵਿਚ ਕਈ ਸਵਾਲ ਉੱਠ ਰਹੇ ਹਨ ਕਿ ਜਦੋਂ ਉਕਤ ਦੋਵਾਂ ਨੇਤਾਵਾਂ ਨੇ ਲਗਭਗ 2 ਮਹੀਨੇ ਪਹਿਲਾਂ ਹੀ ਅਕਾਲੀ ਦਲ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਹੋ ਕੇ ਕਾਂਗਰਸ ਦਾ ਹੱਥ ਛੱਡ ਦਿੱਤਾ ਸੀ ਤਾਂ ਜ਼ਿਲਾ ਕਾਂਗਰਸ ਨੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਕਿਉਂ ਨਹੀਂ ਵਿਖਾਇਆ।

ਜਦੋਂ ਸੁਖਬੀਰ ਬਾਦਲ ਨੇ ਇਕ ਮਹੀਨਾ ਪਹਿਲਾਂ ਪ੍ਰੈੱਸ ਕਾਨਫ਼ਰੰਸ ਦੌਰਾਨ ਇਨ੍ਹਾਂ ਨੂੰ ਜੁਆਇਨ ਕਰਵਾਇਆ, ਉਦੋਂ ਇਨ੍ਹਾਂ ਨੇਤਾਵਾਂ ’ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ। ਹੁਣ ਇਕਦਮ ਅਜਿਹੀ ਕੀ ਮਜਬੂਰੀ ਆ ਪਈ ਸੀ ਕਿ ਜ਼ਿਲਾ ਕਾਂਗਰਸ ਨੂੰ ਅਮਰੀਕ ਕੇ. ਪੀ. ਅਤੇ ਗੁਰਕ੍ਰਿਪਾਲ ਭੱਟੀ ਨੂੰ 6 ਸਾਲਾਂ ਲਈ ਪਾਰਟੀ ਵਿਚੋਂ ਕਿਉਂ ਸਸਪੈਂਡ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ, ਜਦੋਂ ਸੁਖਬੀਰ ਬਾਦਲ ਨੇ ਜਲੰਧਰ ਵਿਚ ਕੇ. ਪੀ. ਦੇ ਸਮਰਥਨ ਵਿਚ ਜਿਨ੍ਹਾਂ ਕਾਂਗਰਸੀ ਨੇਤਾਵਾਂ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਵਾਇਆ ਸੀ, ਉਨ੍ਹਾਂ ਵਿਚ ਸਾਬਕਾ ਕੌਂਸਲਰ ਅਤੇ ਪੰਜਾਬ ਰਾਜਪੂਤ ਕਲਿਆਣ ਬੋਰਡ ਦੇ ਸਾਬਕਾ ਵਾਈਸ ਚੇਅਰਮੈਨ ਬਲਬੀਰ ਸਿੰਘ ਚੌਹਾਨ, ਸਾਬਕਾ ਕੌਂਸਲਰ ਬਲਬੀਰ ਮਹੇ ਸਮੇਤ ਕਈ ਹੋਰ ਕਾਂਗਰਸੀ ਨੇਤਾ ਵੀ ਸ਼ਾਮਲ ਸਨ ਪਰ ਜ਼ਿਲ੍ਹਾ ਕਾਂਗਰਸ ਵੱਲੋਂ ਸਾਰੇ ਨੇਤਾਵਾਂ ਖ਼ਿਲਾਫ਼ ਫ਼ੈਸਲਾ ਕਰਨ ਦੀ ਬਜਾਏ ਸਿਰਫ਼ 2 ਨੇਤਾਵਾਂ ਨੂੰ ਹੀ ਟਾਰਗੈੱਟ ਕਰਨਾ ਆਮ ਲੋਕਾਂ ਅਤੇ ਕਾਂਗਰਸੀ ਵਰਕਰਾਂ ਨੂੰ ਹਜ਼ਮ ਨਹੀਂ ਹੋ ਰਿਹਾ।

ਇਹ ਵੀ ਪੜ੍ਹੋ- ਕਾਂਗਰਸ 'ਚੋਂ ਬਾਗੀ ਹੋਏ ਆਗੂਆਂ ਲਈ ਰੰਧਾਵਾ ਦੇ ਸਖ਼ਤ ਤੇਵਰ, ਘਰ ਵਾਪਸੀ ਨੂੰ ਲੈ ਕੇ ਸੁਣਾਈਆਂ ਖ਼ਰੀਆਂ-ਖ਼ਰੀਆਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News