ਵਿਦੇਸ਼ 'ਚੋਂ ਚੱਲ ਰਹੇ ਡਰੱਗ ਨੈੱਟਵਰਕ ਦਾ ਪਰਦਾਫਾਸ਼, ਹੈਰੋਇਨ ਤੇ ਪਿਸਤੌਲਾਂ ਸਣੇ 2 ਮੁਲਜ਼ਮ ਗ੍ਰਿਫ਼ਤਾਰ
Saturday, May 07, 2022 - 02:16 PM (IST)
ਕਪੂਰਥਲਾ (ਭੂਸ਼ਣ/ਮਹਾਜਨ)-ਸੀ. ਆਈ. ਏ. ਸਟਾਫ਼ ਕਪੂਰਥਲਾ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਕਾਰ ਵਿੱਚ ਸਵਾਰ ਦੋ ਮੁਲਜਮਾਂ ਨੂੰ ਕਾਬੂ ਕਰਕੇ ਇਕ ਕਿੱਲੋ ਹੈਰੋਇਨ ਅਤੇ 2 ਨਾਜਾਇਜ਼ ਪਿਸਤੌਲ ਸਮੇਤ 10 ਜਿੰਦਾ ਰੌਂਦ ਬਰਾਮਦ ਕੀਤੇ ਹਨ। ਨਸ਼ੇ ਦਾ ਇਹ ਪੂਰਾ ਨੈਟਵਰਕ ਵਿਦੇਸ਼ ਵਿੱਚ ਬੈਠੇ ਇਕ ਮੁਲਜ਼ਮ ਵੱਲੋਂ ਚਲਾਇਆ ਜਾ ਰਿਹਾ ਹੈ। ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸਥਾਨਕ ਪੁਲਸ ਲਾਈਨ ‘ਚ ਬੁਲਾਏ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਐੱਸ. ਐੱਸ. ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਭਰ ‘ਚ ਚੱਲ ਰਹੀ ਡਰੱਗ ਵਿਰੋਧੀ ਮੁਹਿੰਮ ਤਹਿਤ ਐੱਸ. ਪੀ. (ਡੀ) ਜਗਜੀਤ ਸਿੰਘ ਸਰੋਆ ਅਤੇ ਡੀ. ਐੱਸ. ਪੀ. (ਡੀ) ਜੋਤੀ ਸਰੂਪ ਡੋਗਰਾ ਦੀ ਨਿਗਰਾਨੀ ‘ਚ ਸੀ. ਆਈ. ਏ. ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਨੇ ਕਪੂਰਥਲਾ-ਸੁਭਾਨਪੁਰ ਮਾਰਗ 'ਤੇ ਅੱਡਾ ਭੀਲਾ ਟੀ-ਪੁਆਇੰਟ 'ਤੇ ਨਾਕਾਬੰਦੀ ਕੀਤੀ ਹੋਈ ਸੀ।
ਇਹ ਵੀ ਪੜ੍ਹੋ: 'ਨਿੰਬੂ' ਨੇ ਮੁਸੀਬਤ 'ਚ ਪਾਇਆ ਕਪੂਰਥਲਾ ਜੇਲ੍ਹ ਦਾ ਸੁਪਰਡੈਂਟ, ਹੋਇਆ ਸਸਪੈਂਡ, ਜਾਣੋ ਪੂਰਾ ਮਾਮਲਾ
ਇਸ ਦੌਰਾਨ ਇਕ ਮੁਖ਼ਬਰ ਖ਼ਾਸ ਨੇ ਪੁਲਸ ਟੀਮ ਨੂੰ ਸੂਚਨਾ ਦਿੱਤੀ ਕਿ ਰਣਜੀਤ ਸਿੰਘ ਉਰਫ਼ ਬੱਬਲੂ ਪੁੱਤਰ ਅਵਤਾਰ ਸਿੰਘ ਵਾਸੀ ਮੁਹੱਬਤ ਨਗਰ, ਕਪੂਰਥਲਾ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਅਵਤਾਰ ਸਿੰਘ ਵਾਸੀ ਮੁਹੱਬਤ ਨਗਰ, ਕਪੂਰਥਲਾ ਜਿਹੜੇ ਕਿ ਨੇੜੇ-ਨੇੜੇ ਘਰਾਂ ‘ਚ ਰਹਿੰਦੇ ਹਨ ਅਤੇ ਕਾਫ਼ੀ ਸਮੇਂ ਤੋਂ ਗੱਡੀ ਨੰਬਰ ਪੀ. ਬੀ-08-ਈ. ਟੀ-9779 ਮਾਰਕਾ ਵਰਨਾ ਵਿੱਚ ਅੰਮ੍ਰਿਤਸਰ ਤੋਂ ਹੈਰੋਇਨ ਲਿਆ ਕੇ ਕਪੂਰਥਲਾ ‘ਚ ਵੇਚਣ ਦਾ ਧੰਦਾ ਕਰਦੇ ਹਨ ਅਤੇ ਹੁਣ ਵੀ ਇਹ ਮੁਲਜਮ ਅੰਮ੍ਰਿਤਸਰ ਤੋਂ ਹੈਰੋਇਨ ਲਿਆ ਰਹੇ ਹਨ ਅਤੇ ਪਿੰਡ ਭੁਲੱਰਾਂ ਤੋਂ ਹੁੰਦੇ ਹੋਏ ਜੇਲ੍ਹ ਰੋਡ ਰਾਂਹੀ ਕਪੂਰਥਲਾ ਪਹੁੰਚ ਰਹੇ ਹਨ।
ਇਸ 'ਤੇ ਜਦੋਂ ਪੁਲਸ ਟੀਮ ਨੇ ਨਾਕਾਬੰਦੀ ਕਰਕੇ ਤੇਜ ਰਫ਼ਤਾਰ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ‘ਚ ਬੈਠ ਦੋਵਾਂ ਮੁਲਜਮਾਂ ਨੇ ਕਾਰ ‘ਚੋਂ ਨਿਕਲ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਪੁਲਸ ਮੁਲਾਜਮਾਂ ਨੇ ਪਿੱਛਾ ਕਰਕੇ ਕਾਬੂ ਕਰ ਲਿਆ। ਦੋਵਾਂ ਮੁਲਜਮਾਂ ਰਣਜੀਤ ਸਿੰਘ ਉਰਫ ਬੱਬਲੂ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਦੀ ਤਲਾਸ਼ੀ ਦੌਰਾਨ ਇੱਕ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ 7.65 ਐੱਮ. ਐੱਮ. ਦੇ ਦੋ ਪਿਸਤੌਲ ਸਮੇਤ 10 ਜਿੰਦਾ ਰੌਂਦ ਬਰਾਮਦ ਕੀਤੇ ਗਏ। ਐਸ.ਐਸ.ਪੀ ਨੇ ਦੱਸਿਆ ਕਿ ਇਸ ਪੂਰੇ ਨਸ਼ੇ ਦੇ ਕਾਰੋਬਾਰ ਨੂੰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦਾ ਸਾਲਾ ਹਿਮਾਂਸ਼ੂ ਜੋਕਿ ਵਿਦੇਸ਼ ‘ਚ ਗਿਆ ਹੋਇਆ ਹੈ, ਚਲਾ ਰਿਹਾ ਹੈ।
ਇਹ ਵੀ ਪੜ੍ਹੋ: ਕਰਜ਼ਾ ਚੁੱਕ ਕੇ ਵਿਦੇਸ਼ ਗਿਆ ਪਤੀ, ਹੋਰ ਬਦੱਤਰ ਹੋਏ ਹਾਲਾਤ, ਦੁਖ਼ੀ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਪੁੱਛਗਿੱਛ ਦੌਰਾਨ ਕਈ ਸਨਸਨੀਖੇਜ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾ ਇਹ ਵੀ ਦੱਸਿਆ ਕਿ ਬਰਾਮਦ ਹੈਰੋਇਨ ਬਾਰਡਰ ਖੇਤਰ ਤੋਂ ਲਿਆਦੀ ਗਈ ਸੀ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਹੈਰੋਇਨ ਦੀ ਖੇਪ ਦੇਣ ਵਾਲੇ ਵਿਅਕਤੀਆ ਦੀ ਵੀ ਤਲਾਸ਼ ਜਾਰੀ ਹੈ। ਇਸ ਪੱਤਰਕਾਰ ਸੰਮੇਲਨ ‘ਚ ਐੱਸ. ਪੀ. (ਡੀ) ਜਗਜੀਤ ਸਿੰਘ ਸਰੋਆ, ਡੀ. ਐੱਸ. ਪੀ. (ਡੀ) ਅੰਮ੍ਰਿਤ ਸਰੂਪ ਡੋਗਰਾ, ਡੀ. ਐੱਸ. ਪੀ. ਸਪੈਸ਼ਲ ਬ੍ਰਾਚ ਸਰਵਣ ਸਿੰਘ ਬੱਲ ਅਤੇ ਸੀ. ਆਈ. ਏ. ਸਟਾਫ਼ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਆਦਿ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਰੂਪਨਗਰ: ਤੇਜ਼ ਰਫ਼ਤਾਰ ਕਾਰ ਭਾਖ਼ੜਾ ਨਹਿਰ ’ਚ ਡਿੱਗੀ, ਗੋਤਾਖ਼ੋਰਾਂ ਵੱਲੋਂ ਕਾਰ ਚਾਲਕ ਦੀ ਭਾਲ ਜਾਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ