ਜਾਅਲੀ ਦਸਤਾਵੇਜ਼ਾਂ ’ਤੇ ਬਣੀਆਂ ਰਜਿਸਟਰੀਆਂ ਨੂੰ ਰਿਕਾਰਡ ਰੂਮ ’ਚ ਚੜ੍ਹਾਉਣ ਵਾਲੇ 2 ਮੁਲਜ਼ਮ ਕਾਬੂ

Saturday, Jun 22, 2024 - 09:41 AM (IST)

ਲੁਧਿਆਣਾ (ਜ.ਬ.) : ਸੁਨੀਲ ਪਾਰਕ ਬਾੜੇਵਾਲ ਰੋਡ ਸਥਿਤ 200 ਵਰਗ ਗਜ਼ ਦੇ ਪਲਾਟ ਦੇ ਜਾਅਲੀ ਦਸਤਾਵੇਜ਼ ਬਣਾ ਕੇ ਵੇਚਣ ਦੇ ਦੋਸ਼ ਤਹਿਤ ਤਰਨਜੀਤ ਸਿੰਘ ਚਾਵਲਾ, ਰਮਨਦੀਪ ਸਿੰਘ, ਲਖਵਿੰਦਰ ਸਿੰਘ, ਸੰਜੇ ਕੁਮਾਰ ਅਤੇ ਉਸ ਦੀ ਪਤਨੀ ਤਰੁਣਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਮਾਮਲੇ ’ਚ ਪੁਲਸ ਨੇ ਜਾਅਲੀ ਰਜਿਸਟਰੀ ਦੇ ਦਸਤਾਵੇਜ਼ ਡੀ. ਸੀ. ਦਫ਼ਤਰ ’ਚ ਸਥਿਤ ਰਿਕਾਰਡ ਰੂਮ ’ਚ ਐਡ ਕਰਨ ਵਾਲੇ 2 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਜੋ ਕਿ ਕੁਲਦੀਪ ਸਿੰਘ ਅਤੇ ਗਗਨ ਹਨ।

ਇਹ ਮੁਲਜ਼ਮ ਹੀ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਬਣੇ ਦਸਤਾਵੇਜ਼ਾਂ ਦੇ ਰਿਕਾਰਡ ਨੂੰ ਮੋਟੀ ਰਕਮ ਲੈ ਕੇ ਚੜ੍ਹਾਉਂਦੇ ਸਨ। ਫਿਲਹਾਲ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਕਾਬੂ ਕਰ ਲਿਆ ਹੈ, ਜਿਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਜਿੱਥੋਂ 3 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਥਾਣਾ ਸਰਾਭਾ ਨਗਰ ਦੇ ਐੱਸ. ਐੱਚ. ਓ. ਪਰਮਵੀਰ ਸਿੰਘ ਨੇ ਦੱਸਿਆ ਕਿ 23 ਦਸੰਬਰ, 2023 ਨੂੰ ਥਾਣਾ ਮਾਡਲ ਟਾਊਨ ਦੇ ਰਹਿਣ ਵਾਲੇ ਧਰਮਜੀਤ ਸਿੰਘ ਦੇ ਬਿਆਨਾਂ ’ਤੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ’ਚ ਧਰਮਜੀਤ ਸਿੰਘ ਨੇ ਦੱਸਿਆ ਸੀ ਕਿ ਉਸ ਦਾ ਇਕ ਪਲਾਟ ਨੰਬਰ-112, ਰਕਬਾ 200 ਵਰਗ ਗਜ਼, ਸੁਨੀਲ ਪਾਰਕ, ਬਾੜੇਵਾਲ ਰੋਡ ’ਤੇ ਹੈ।

ਇਹ ਪਲਾਟ ਪ੍ਰਾਪਰਟੀ ਡੀਲਰ ਤਰਨਜੀਤ ਸਿੰਘ ਚਾਵਲਾ ਨੇ ਰਮਨਦੀਪ ਸਿੰਘ ਅਤੇ ਲਖਵਿੰਦਰ ਸਿੰਘ ਦੀ ਮਿਲੀ-ਭੁਗਤ ਨਾਲ ਜਾਅਲੀ ਦਸਤਾਵੇਜ਼ ਬਣਾ ਕੇ ਸੰਜੇ ਕੁਮਾਰ ਅਤੇ ਉਸ ਦੀ ਪਤਨੀ ਤਰੁਣਾ ਨੂੰ ਵੇਚ ਦਿੱਤਾ ਸੀ। ਫਿਰ ਮੁਲਜ਼ਮਾਂ ਨੇ ਉਸ ਪਲਾਟ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪੁਲਸ ਨੇ ਕੁੱਝ ਦੋਸ਼ੀਆਂ ਨੂੰ ਫੜ੍ਹ ਲਿਆ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਜਾਅਲੀ ਦਸਤਾਵੇਜ਼ ਡੀ. ਸੀ. ਦਫ਼ਤਰ ਦੇ ਰਿਕਾਰਡ ਰੂਮ ’ਚ ਕੰਮ ਕਰਨ ਵਾਲੇ ਕੁਲਦੀਪ ਸਿੰਘ ਅਤੇ ਗਗਨ ਨੇ ਚੜ੍ਹਾਏ ਸਨ, ਜਿਸ ਤੋਂ ਬਾਅਦ ਪੁਲਸ ਨੇ ਮਾਮਲੇ ’ਚ ਦੋਵਾਂ ਨੂੰ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Babita

Content Editor

Related News