ਹੁਸ਼ਿਆਰਪੁਰ ਜ਼ਿਲ੍ਹੇ ''ਚ ਕੋਰੋਨਾ ਪਾਜ਼ੇਟਿਵ 2 ਹੋਰ ਮਰੀਜ਼ਾਂ ਦੀ ਮੌਤ
Friday, Jul 31, 2020 - 02:27 AM (IST)
ਹੁਸ਼ਿਆਰਪੁਰ, (ਘੁੰਮਣ)- ਅੱਜ ਜ਼ਿਲੇ ਨਾਲ ਸਬੰਧਿਤ ਕੋਰੋਨਾ ਪਾਜ਼ੇਟਿਵ ਪਿੰਡ ਭਟਰਾਣਾ ਦੀ ਕਮਲਜੀਤ ਕੌਰ (59) ਦੀ ਫੋਰਟਿਜ਼ ਹਸਪਤਾਲ ਮੋਹਾਲੀ ਵਿਖੇ ਮੌਤ ਹੋਣ ਅਤੇ ਰੂਪ ਲਾਲ (72) ਪਿੰਡ ਕੱਤੋਵਾਲ ਦੀ ਮੌਤ ਪਟੇਲ ਹਸਪਤਾਲ ਜਲੰਧਰ ਵਿਖੇ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 16 ਹੋ ਗਈ ਹੈ ਅਤੇ ਇਸ ਨਾਲ ਹੀ ਜ਼ਿਲੇ ’ਚ ਕੋਵਿਡ 19 ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 539 ਪਹੁੰਚ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 452 ਵਿਅਕਤੀਆਂ ਦੇ ਸੈਂਪਲ ਲੈਣ ਨਾਲ ਜ਼ਿਲੇ ਵਿਚ ਕੁੱਲ ਸੈਂਪਲਾਂ ਦੀ ਗਿਣਤੀ 28,162 ਹੋ ਗਈ ਹੈ ਅਤੇ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 26,205 ਸੈਂਪਲ ਨੈਗੇਟਿਵ ਪਾਏ ਗਏ। ਜਦਕਿ 1404 ਸੈਂਪਲਾਂ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ, 55 ਸੈਂਪਲ ਇਨਵੈਲਿਡ ਹਨ। ਐਕਟਿਵ ਕੇਸਾਂ ਦੀ ਗਿਣਤੀ 128 ਹੈ ਅਤੇ ਠੀਕ ਹੋ ਚੁੱਕੇ ਮਰੀਜ਼ਾਂ ਦੀ ਗਿਣਤੀ 395 ਹੋ ਗਈ ਹੈ।
ਸਿਵਲ ਸਰਜਨ ਨੇ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ 27 ਜੁਲਾਈ ਨੂੰ ਜਤਿੰਦਰ ਸ਼ਰਮਾ (17) ਦੀ ਰਿਪੋਰਟ ਪਾਜ਼ੇਟਿਵ ਆਈ ਸੀ ਤੇ ਉਸਦੀ ਭਾਲ ਕਰਕੇ ਕੋਵਿਡ ਕੇਅਰ ਸੈਂਟਰ ਵਿਖੇ ਇਲਾਜ ਲਈ ਦਾਖਿਲ ਕਰਵਾ ਦਿੱਤਾ ਗਿਆ ਹੈ। ਇਹ ਮਰੀਜ਼ ਕੋਕਾ ਕੋਲਾ ਪਲਾਂਟ ਦੇ ਨਜ਼ਦੀਕ ਕਿਸੇ ਠੇਕੇਦਾਰ ਨਾਲ ਕੰਮ ਕਰ ਰਿਹਾ ਸੀ ਤੇ ਉਸ ਨੇ ਆਪਣਾ ਪਤਾ ਕੋਕਾ ਕੋਲਾ ਪਲਾਂਟ ਲਿਖਾਇਆ ਸੀ, ਜਦਕਿ ਇਹ ਮਰੀਜ਼ ਕੋਕਾ ਕੋਲਾ ਪਲਾਂਟ ਦਾ ਮੁਲਾਜ਼ਮ ਨਹੀਂ ਹੈ।
ਸਿਵਲ ਸਰਜਨ ਨੇ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ 10 ਸਾਲ ਤੱਕ ਦੀ ਉਮਰ ਦੇ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਘਰਾਂ ਤੋਂ ਬਾਹਰ ਨਾ ਜਾਣ ਦਿੱਤਾ ਜਾਵੇ। ਘਰਾਂ ਤੋਂ ਨਿਕਲਦੇ ਸਮੇਂ ਮਾਸਕ ਪਾਉਣਾ ਯਕੀਨੀ ਬਣਾਇਆ ਜਾਵੇ। ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਸਾਫ਼ ਕਰੋ ਅਤੇ ਸਮਾਜਿਕ ਦੂਰੀ ਦਾ ਵੀ ਵਿਸ਼ੇਸ਼ ਧਿਆਨ ਰੱਖੋ ਤਾਂ ਕਿ ਕੋਰੋਨਾ ਵਾਇਰਸ ਦੀ ਅੱਗੇ ਵਧਦੀ ਚੇਨ ਨੂੰ ਤੋਡ਼ਿਆ ਜਾ ਸਕੇ।