ਮਾਰੂ ਹਥਿਆਰ ਦਿਖਾ ਕੇ ਪੈਸੇ ਖੋਹਣ ਵਾਲੇ ਕੀਤੇ ਕਾਬੂ

Monday, Jul 15, 2024 - 04:50 PM (IST)

ਬਠਿੰਡਾ (ਵਿਜੇ ਵਰਮਾ) : ਮਾਰੂ ਹਥਿਆਰ ਦਿਖਾ ਕੇ ਪੈਸੇ ਖੋਹਣ ਦੇ ਮਾਮਲੇ 'ਚ ਪੁਲਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਰਸ਼ਿਤ ਗਰਗ ਪੁੱਤਰ ਸੁਰਿੰਦਰ ਕੁਮਾਰ ਵਾਸੀ ਬਠਿੰਡਾ ਨੇ ਥਾਣਾ ਕੋਤਵਾਲੀ ਬਠਿੰਡਾ ਦੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਹ ਮਨੀ ਐਕਸਚੇਂਜ ਦੀ ਦੁਕਾਨ ਕਰਦਾ ਹੈ। ਦੁਪਹਿਰ ਕਰੀਬ ਕਰੀਬ 12 ਵਜੇ ਦਿਨ ਉਹ ਆਪਣੀ ਦੁਕਾਨ 'ਤੇ ਬੈਠਾ ਸੀ ਤਾਂ ਇੱਕ ਨੌਜਵਾਨ ਉਸ ਦੀ ਦੁਕਾਨ ਅੰਦਰ ਆ ਕੇ ਕਹਿਣ ਲੱਗਾ ਕਿ ਅਸੀਂ ਨੋਟ ਐਕਸਚੇਂਜ ਕਰਾਉਣੇ ਹਨ।

ਨਾਲ ਹੀ ਉਸ ਨੇ ਮੋਬਾਇਲ ਦੀ ਬੈਟਰੀ ਡਾਊਨ ਹੋਣ ਦਾ ਕਹਿ ਕੇ ਸੀ-ਟਾਈਪ ਚਾਰਜਰ ਦੀ ਮੰਗ ਕੀਤੀ। ਉਹ ਕਹਿਣ ਲੱਗਾ ਕਿ ਮੇਰੇ ਜਿਸ ਸਾਥੀ ਨੇ ਨੋਟ ਐਕਸਚੇਜ ਕਰਨੇ ਹਨ, ਉਸ ਨੂੰ ਫੋਨ ਕਰਨਾ ਹੈ। ਦੁਕਾਨਦਾਰ ਉਸ ਨੂੰ ਸੀ-ਟਾਈਪ ਚਾਰਜਰ ਫੜ੍ਹਾਉਣ ਹੀ ਲੱਗਾ ਸੀ ਤਾਂ ਉਸ ਨੇ ਦੁਕਾਨ ਤੋਂ ਬਾਹਰ ਜਾ ਕੇ ਆਪਣੇ ਇੱਕ ਹੋਰ ਸਾਥੀ ਨੂੰ ਇਸ਼ਾਰਾ ਕਰਕੇ ਦੁਕਾਨ ਅੰਦਰ ਹੀ ਬੁਲਾ ਲਿਆ, ਜਿਸ ਦੇ ਹੱਥ 'ਚ ਤਲਵਾਰ ਫੜ੍ਹੀ ਹੋਈ ਸੀ।

ਉਸ ਨੌਜਵਾਨ ਨੇ ਤਲਵਾਰ ਨਾਲ ਦੁਕਾਨਦਾਰ 'ਤੇ ਹਮਲਾ ਕਰ ਦਿੱਤਾ ਪਰ ਉਸ ਦਾ ਬਚਾਅ ਹੋ ਗਿਆ। ਇਸ ਤੋਂ ਬਾਅਦ ਦੁਕਾਨਦਾਰ ਨੂੰ ਦੋਹਾਂ ਨੇ ਨੇ ਧਮਕੀਆਂ ਦਿੱਤੀਆਂ ਅਤੇ ਦੁਕਾਨ 'ਚੋਂ 70 ਹਜ਼ਾਰ ਤੋਂ ਜ਼ਿਆਦਾ ਦੇ ਨੋਟ ਲੈ ਕੇ ਫ਼ਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਫਿਲਹਾਲ ਪੁਲਸ ਨੇ ਦੋਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਦਿਪਾਂਸ਼ੂ ਪਾਂਡੇ ਅਤੇ ਨੀਰਜ ਕੁਮਾਰ ਪਾਂਡੇ ਵਾਸੀ ਬਿਹਾਰ ਵਜੋਂ ਹੋਈ ਹੈ। 


Babita

Content Editor

Related News