ਸਿਹਤ ਵਿਭਾਗ ਦੀ ਸਖ਼ਤੀ, ਡਰੱਗ ਐਂਡ ਕਾਸਟਮੈਟਿਕ ਐਕਟ ਦੀ ਉਲੰਘਣਾ ਕਰਨ ਵਾਲੇ 2 ਮੈਡੀਕਲ ਸਟੋਰ ਕਰਵਾਏ ਬੰਦ

Tuesday, Jul 09, 2024 - 03:36 PM (IST)

ਅੰਮ੍ਰਿਤਸਰ (ਦਲਜੀਤ)-ਸਿਹਤ ਵਿਭਾਗ ਦੀ ਡਰੱਗ ਵਿੰਗ ਟੀਮ ਵੱਲੋਂ ਡਰੱਗ ਐਂਡ ਕਾਸਮੈਟਿਕ ਐਕਟ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤੀ ਨਾਲ ਨਜਿੱਠਿਆ ਜਾ ਰਿਹਾ ਹੈ। ਦਿਹਾਤੀ ਖੇਤਰ ਵਿਚ ਡਰੱਗ ਇੰਸਪੈਕਟਰ ਸੁਖਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਕਈ ਮੈਡੀਕਲ ਸਟੋਰਾਂ ’ਤੇ ਅਚਨਚੇਤ ਛਾਪੇਮਾਰੀ ਕੀਤੀ। ਇਸ ਦੌਰਾਨ ਨਿਯਮਾਂ ਤੋਂ ਉਲਟ ਚੱਲਣ ਵਾਲੇ ਦੋ ਮੈਡੀਕਲ ਸਟੋਰਾਂ ਨੂੰ ਮੌਕੇ ’ਤੇ ਬੰਦ ਕਰਵਾਇਆ ਗਿਆ ਅਤੇ ਕਈ ਤਰ੍ਹਾਂ ਦੀਆਂ ਦਵਾਈਆਂ ਸੀਲ ਕੀਤੀਆਂ ਗਈਆਂ। ਇਸ ਮੌਕੇ ਪੁਲਸ ਪਾਰਟੀ ਵੀ ਮੌਜੂਦ ਸੀ।

ਡਰੱਗ ਇੰਸਪੈਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਵਿਚ ਡਰੱਗ ਐਂਡ ਕਾਸਮੈਟਿਕ ਐਕਟ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਨਜਿੱਠਿਆ ਜਾ ਰਿਹਾ ਹੈ। ਮਜੀਠੇ ਖੇਤਰ ਦੇ ਪਿੰਡ ਜਿੱਜੇਆਣੀ ਵਿਚ ਇਕ ਦਵਾਈਆਂ ਦੀ ਦੁਕਾਨ ’ਤੇ ਚੈਕਿੰਗ ਕੀਤੀ ਗਈ। ਸਬੰਧਤ ਵਿਅਕਤੀ ਕੋਲ ਨਾ ਤਾਂ ਲਾਇਸੈਂਸ ਸੀ ਅਤੇ ਨਾ ਹੀ ਮੌਕੇ ’ਤੇ ਫਾਰਮਾਸਿਸਟ ਮੌਜੂਦ ਸੀ। ਐਕਟ 18-ਸੀ ਅਤੇ 18-ਏ ਅਨੁਸਾਰ ਕਾਰਵਾਈ ਕਰਦਿਆਂ ਮੈਡੀਕਲ ਸਟੋਰ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਅਤੇ 19 ਤਰ੍ਹਾਂ ਦੀਆਂ ਦਵਾਈਆਂ ਸੀਲ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ-  ਕਰਾਚੀ ਦੇ ਇਕ ਸਕੂਲ ਦੇ ਹੈੱਡਮਾਸਟਰ ਨੇ 10 ਸਾਲਾ ਵਿਦਿਆਰਥਣ ਨੂੰ ਬਣਾਇਆ ਹਵਸ ਦਾ ਸ਼ਿਕਾਰ

ਇਸੇ ਤਰ੍ਹਾਂ ਥਰੀਏਵਾਲ ਵਿਚ ਇਕ ਮੈਡੀਕਲ ਸਟੋਰ ਦੀ ਚੈਕਿੰਗ ਕੀਤੀ ਗਈ, ਉੱਥੇ ਵੀ ਮੌਕੇ ’ਤੇ ਫਾਰਮਾਸਿਸਟ ਮੌਜੂਦ ਨਹੀਂ ਸੀ ਅਤੇ ਕੁਝ ਮਿਆਦ ਪੁੱਗ ਚੁੱਕੀਆਂ ਦਵਾਈਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਉਕਤ ਮੈਡੀਕਲ ਸਟੋਰ ਖਿਲਾਫ ਪੁਲਸ ਪ੍ਰਸ਼ਾਸਨ ਨੂੰ ਵੀ ਸ਼ਿਕਾਇਤ ਹੋਈ ਸੀ, ਜਿਸ ਤੋਂ ਬਾਅਦ ਐਕਟ ਦੀ ਉਲੰਘਣਾ ਪਾਏ ਜਾਣ ’ਤੇ ਸਬੰਧਤ ਸਟੋਰ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਵਾ ਦਿੱਤਾ ਗਿਆ ਹੈ।

ਡਰੱਗ ਇੰਸਪੈਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਅਤੇ ਡਰੱਗ ਵਿੰਗ ਉਸ ਵਿਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਅਧੀਨ ਆਉਂਦੇ ਖੇਤਰਾਂ ਵਿਚ ਉਹ ਲਗਾਤਾਰ ਮੈਡੀਕਲ ਸਟੋਰਾਂ ਦੀ ਚੈਕਿੰਗ ਕਰ ਰਹੇ ਹਨ ਅਤੇ ਜਿਹੜਾ ਵੀ ਨਿਯਮਾਂ ਦਾ ਉਲੰਘਣਾ ਕਰਦਾ ਹੈ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ।

ਇਹ ਵੀ ਪੜ੍ਹੋ- ਆਸਟ੍ਰੇਲੀਆ ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, 2 ਧੀਆਂ ਦਾ ਪਿਓ ਸੀ ਨੌਜਵਾਨ

ਡਰੱਗ ਇੰਸਪੈਕਟਰ ਸੁਖਦੀਪ ਸਿੰਘ ਨੇ ਮੈਡੀਕਲ ਸਟੋਰ ਮਾਲਕਾਂ ਨੂੰ ਅਪੀਲ ਕੀਤੀ ਕਿ ਦਵਾਈਆਂ ਦੇ ਸੇਲ ਪ੍ਰਚੇਜ ਦਾ ਰਿਕਾਰਡ ਮੁਕੰਮਲ ਰੱਖਿਆ ਜਾਵੇ। ਇਸ ਤੋਂ ਇਲਾਵਾ ਫਾਰਮਾਸਿਸਟ ਦੀ ਮੈਡੀਕਲ ਸਟੋਰ ’ਤੇ ਮੌਜੂਦਗੀ ਯਕੀਨੀ ਬਣਾਈ ਜਾਵੇ। ਐਕਟ ਅਨੁਸਾਰ ਸ਼ਡਿਊਲ ਦੇ ਰਜਿਸਟਰ ਵੀ ਮੁਕੰਮਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਚਨਚੇਤ ਚੈਕਿੰਗ ਜਾਰੀ ਰਹੇਗੀ। ਇਸ ਮੌਕੇ ਨਰੇਸ਼ ਕੁਮਾਰ ਵੀ ਮੌਜੂਦ ਸਨ।

ਲਾਪ੍ਰਵਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ : ਜ਼ੋਨਲ ਲਾਇਸੈਂਸ ਅਥਾਰਟੀ

ਡਰੱਗ ਵਿੰਗ ਦੇ ਜ਼ੋਨਲ ਲਾਈਸੈਂਸ ਅਥਾਰਟੀ ਕਰਨ ਸਚਦੇਵਾ ਨੇ ਕਿਹਾ ਕਿ ਡਰੱਗ ਐਂਡ ਕਾਸਟਮੈਟਿਕ ਐਕਟ ਨੂੰ ਲੈ ਕੇ ਸਪੱਸ਼ਟ ਮੈਡੀਕਲ ਸਟੋਰ ਮਾਲਕਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਨਿਯਮਾਂ ਦੀ ਉਲੰਘਣਾ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਲਗਾਤਾਰ ਡਰੱਗ ਵਿੰਗ ਦੀਆਂ ਟੀਮਾਂ ਚੈਕਿੰਗ ਕਰ ਰਹੀਆਂ ਹਨ ਅਤੇ ਜਿੱਥੇ ਵੀ ਕੋਈ ਉਣਤਾਈ ਪਾਈ ਜਾਂਦੀ ਹੈ, ਸਬੰਧੀ ਅਦਾਰੇ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ।

ਇਹ ਵੀ ਪੜ੍ਹੋ- ਪੰਜਾਬ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ ਗੁਰਸਿੱਖ ਨੌਜਵਾਨ ਦੀ ਮੌਤ

ਕਰਨ ਸਚਦੇਵਾ ਨੇ ਲੋਕਾਂ ਨੂੰ ਅਪੀਲ ਕੀਤੀ ਜੇਕਰ ਉਨ੍ਹਾਂ ਦੇ ਆਲੇ-ਦੁਆਲੇ ਕੋਈ ਵਿਅਕਤੀ ਨਿਯਮਾਂ ਦਾ ਉਲੰਘਣ ਕਰਦਾ ਹੈ ਜਾਂ ਨਸ਼ੇ ਨਾਲ ਸਬੰਧਤ ਸਮੱਗਰੀ ਵੇਚ ਰਿਹਾ ਹੈ ਤਾਂ ਉਸ ਦੀ ਜਾਣਕਾਰੀ ਵਿਭਾਗ ਨੂੰ ਦਿੱਤੀ ਜਾਵੇ। ਵਿਭਾਗ ਵੱਲੋਂ ਸੰਬੰਧਤ ਸ਼ਿਕਾਇਤ ਕਰਤਾ ਦਾ ਨਾਂ ਗੁਪਤ ਰੱਖਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News