1 ਕਰੋੜ ਦੀ ਹੈਰੋਇਨ ਸਮੇਤ 2 ਦੋਸਤ ਗ੍ਰਿਫਤਾਰ

09/27/2019 9:08:55 PM

ਲੁਧਿਆਣਾ, (ਰਿਸ਼ੀ)— ਜੇਲ 'ਚ ਸਜ਼ਾ ਕੱਟਦੇ ਸਮੇਂ ਦੋਸਤ ਬਣੇ 3 ਨੌਜਵਾਨਾਂ ਨੇ ਨਸ਼ੇ ਦਾ ਕਾਰੋਬਾਰ ਕਰਨ ਦਾ ਮਨ ਬਣਾ ਲਿਆ ਤੇ ਜ਼ਮਾਨਤ 'ਤੇ ਆ ਕੇ ਨਸ਼ੇ ਦੀ ਸਪਲਾਈ ਕਰਨ ਲੱਗ ਪਏ। ਜ਼ਿਆਦਾ ਗਾਹਕ ਹੋਣ 'ਤੇ 3 ਮਹੀਨੇ ਪਹਿਲਾਂ ਬਹਾਦਰ ਕੇ ਰੋਡ 'ਤੇ ਕਿਰਾਏ ਦਾ ਮਕਾਨ ਵੀ ਲੈ ਲਿਆ, ਜਿੱਥੋਂ ਨਸ਼ੇ ਦੀ ਡਲਿਵਰੀ ਕਰਦੇ ਸੀ। ਥਾਣਾ ਡਵੀਜ਼ਨ ਨੰ. 2 ਦੇ ਐੱਸ. ਐੱਚ. ਓ. ਇੰਸ. ਸੁਰਿੰਦਰ ਚੋਪੜਾ ਦੀ ਪੁਲਸ ਪਾਰਟੀ ਨੇ 2 ਦੋਸਤਾਂ ਨੂੰ 1 ਕਰੋੜ ਦੀ ਕੀਮਤ ਦੀ 200 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰ ਕੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕੀਤਾ ਹੈ ਜਦਕਿ ਮੇਨ ਸਪਲਾਇਰ ਗੈਂਗਸਟਰ ਹੈ। ਜਿਸ 'ਤੇ ਪੰਜਾਬ ਦੇ ਵੱਖ-ਵੱਖ ਪੁਲਸ ਸਟੇਸ਼ਨਾਂ 'ਚ 13 ਮਾਮਲੇ ਦਰਜ ਹਨ ਜੋ ਕਿ ਅਜੇ ਫਰਾਰ ਹੈ। ਉਪਰੋਕਤ ਜਾਣਕਾਰੀ ਏ. ਡੀ. ਸੀ. ਪੀ. 1 ਗੁਰਪ੍ਰੀਤ ਸਿੰਘ, ਏ. ਸੀ. ਪੀ. ਸੈਂਟਰਲ ਵਰਿਆਮ ਸਿੰਘ ਨੇ ਸ਼ੁੱਕਰਵਾਰ ਨੂੰ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ।
ਉਨ੍ਹਾਂ ਦੱਸਿਆ ਕਿ ਫੜੇ ਗਏ ਸਮੱਗਲਰਾਂ ਦੀ ਪਛਾਣ ਪਰਮਦੀਪ ਸਿੰਘ ਨਿਵਾਸੀ ਬਠਿੰਡਾ ਤੇ ਵਰਿੰਦਰ ਕੁਮਾਰ ਨਿਵਾਸੀ ਫਿਰੋਜ਼ਪੁਰ ਤੇ ਫਰਾਰ ਦੀ ਪਛਾਣ ਵਿਸ਼ੇਸ਼ ਕੁਮਾਰ ਨਿਵਾਸੀ ਸੰਗਰੂਰ ਵਜੋਂ ਹੋਈ ਹੈ। ਪਰਮਦੀਪ 'ਤੇ ਪਹਿਲਾਂ ਰੇਪ ਦਾ ਮਾਮਲਾ ਦਰਜ ਹੈ। ਜਦਕਿ ਵਰਿੰਦਰ ਕੁਮਾਰ 'ਤੇ 3 ਨਸ਼ਾ ਸਮੱਗਲਿੰਗ ਤੇ ਫਰਾਰ ਗੈਂਗਸਟਰ ਵਿਸ਼ੇਸ਼ 'ਤੇ 13 ਮਾਮਲੇ ਦਰਜ ਹਨ। ਤਿੰਨਾਂ ਦੀ ਮੁਲਾਕਾਤ ਸੰਗਰੂਰ ਜੇਲ 'ਚ ਸਜ਼ਾ ਕੱਟਦੇ ਸਮੇਂ ਹੋਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਨਸ਼ੇ ਦਾ ਕਾਰੋਬਾਰ ਕਰਨ ਦਾ ਮਨ ਬਣਾਇਆ। ਪਰਮਦੀਪ ਅਤੇ ਵਰਿੰਦਰ ਦੀ ਪਹਿਲਾਂ ਜ਼ਮਾਨਤ ਹੋ ਗਈ। ਜਿਸ 'ਤੇ ਗੈਂਗਸਟਰ ਨੇ ਜੇਲ 'ਚ ਬੈਠ ਕੇ ਆਪਣੇ ਦੋਸਤ ਮੋਹਿਤ ਨਾਲ ਮਿਲਵਾਇਆ। ਜਿਸ ਨਾਲ ਮਿਲ ਕੇ ਹੈਰੋਇਨ ਦੀ ਸਮੱਗਲਿੰਗ ਕਰਨ ਲੱਗ ਪਏ। ਕੁਝ ਸਮੇਂ ਬਾਅਦ ਵਿਸ਼ੇਸ਼ ਵੀ ਜ਼ਮਾਨਤ 'ਤੇ ਬਾਹਰ ਆਇਆ। ਗਾਹਕਾਂ ਦੀ ਗਿਣਤੀ ਵਧਦੀ ਦੇਖ ਕਿਰਾਏ ਦਾ ਮਕਾਨ ਲੈ ਲਿਆ।

ਹਰੇਕ ਡਲਿਵਰੀ 'ਤੇ ਮਿਲਦਾ ਸੀ ਇਨਾਮ
ਏ. ਐੱਸ. ਆਈ. ਕੰਵਲਜੀਤ ਸਿੰਘ ਅਨੁਸਾਰ ਹੈਰੋਇਨ ਦੀ ਡਲਿਵਰੀ ਦੇਣ ਦੋਵੇਂ ਸਮੱਗਲਰ ਜਾਂਦੇ ਸਨ। ਹਰੇਕ ਡਲਿਵਰੀ ਹੋਣ ਤੋਂ ਬਾਅਦ ਗੈਂਗਸਟਰ ਵੱਲੋਂ ਇਨ੍ਹਾਂ ਨੂੰ ਇਨਾਮ ਵਜੋਂ ਵੱਖਰੇ ਪੈਸੇ ਦਿੱਤੇ ਜਾਂਦੇ ਸਨ। ਪੁਲਸ ਅਨੁਸਾਰ ਦੋਵਾਂ ਨੂੰ ਅਦਾਲਤ 'ਚ ਪੇਸ਼ ਕਰ ਕੇ 3 ਦਿਨ ਦੇ ਪੁਲਸ ਰਿਮਾਂਡ 'ਤੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉੱਥੇ ਹੀ ਜਿਸ ਮਕਾਨ 'ਚ ਕਿਰਾਏ 'ਤੇ ਰਹਿ ਰਹੇ ਸਨ, ਉਸ ਦੇ ਮਾਲਕ ਵੱਲੋਂ ਪੁਲਸ ਵੈਰੀਫਿਕੇਸ਼ਨ ਕਰਵਾਏ ਜਾਣ ਦੀ ਜਾਂਚ ਕੀਤੀ ਜਾ ਰਹੀ ਹੈ।

 


KamalJeet Singh

Content Editor

Related News