ਭਿਆਨਕ ਹਾਦਸੇ ਦੌਰਾਨ ਟਰੱਕ ਡਰਾਈਵਰ ਤੇ ਸਾਥੀ ਦੀ ਮੌਤ

Monday, Jul 15, 2024 - 01:51 PM (IST)

ਭਿਆਨਕ ਹਾਦਸੇ ਦੌਰਾਨ ਟਰੱਕ ਡਰਾਈਵਰ ਤੇ ਸਾਥੀ ਦੀ ਮੌਤ

ਜ਼ੀਰਕਪੁਰ : ਇੱਥੇ ਪੀ-ਆਰ ਰੋਡ 'ਤੇ ਬੀਤੀ ਰਾਤ ਢਾਬੇ ਦੇ ਸਾਹਮਣੇ ਇਕ ਟਰੱਕ ਡਰਾਈਵਰ ਅਤੇ ਉਸ ਦੇ ਸਾਥੀ ਨੂੰ ਅਣਪਛਾਤੇ ਟਰੱਕ ਨੇ ਦਰੜ ਦਿੱਤਾ, ਜਿਸ ਕਾਰਨ ਦੋਹਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਅਣਪਛਾਤੇ ਟਰੱਕ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਫਿਲਹਾਲ ਪੁਲਸ ਨੇ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਲਖਵਿੰਦਰ ਸਿੰਘ (45) ਵਾਸੀ ਪਿੰਡ ਡਮਕਾ, ਲਹਿਰਗਾਗਾ ਅਤੇ ਕਾਕਾ ਸਿੰਘ (65) ਵਾਸੀ ਪਿੰਡ ਲਹਿਰਗਾਗਾ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਕਾਕਾ ਸਿੰਘ ਅਤੇ ਲਖਵਿੰਦਰ ਸਿੰਘ ਆਪਣੇ ਟਰੱਕ ਰਾਹੀਂ ਡੇਰਾਬੱਸੀ ਤੋਂ ਮੋਹਾਲੀ ਵੱਲ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਪੀ. ਆਰ.-7  ਰੋਡ 'ਤੇ ਸਥਿਤ ਇਕ ਢਾਬੇ ਅੱਗੇ ਆਪਣਾ ਟਰੱਕ ਰੋਕਿਆ ਅਤੇ ਟਾਇਰਾਂ ਦੀ ਜਾਂਚ ਕਰਵਾਉਣ ਲੱਗੇ।

ਇਸ ਦੌਰਾਨ ਪਿੱਛੇ ਤੋਂ ਆ ਰਹੇ ਇਕ ਟਰੱਕ ਨੇ ਉਨ੍ਹਾਂ ਨੂੰ ਦਰੜ ਦਿੱਤਾ। ਕਾਕਾ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਲਖਵਿੰਦਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਥੋੜ੍ਹੀ ਦੇਰ ਬਾਅਦ ਹੀ ਉਸ ਦੀ ਵੀ ਮੌਤ ਹੋ ਗਈ।


author

Babita

Content Editor

Related News