ਹੈਰੋਇਨ ਤੇ ਪਿਸਟਲ ਸਮੇਤ 2 ਕਾਬੂ
Thursday, Oct 05, 2017 - 06:53 AM (IST)
ਪੱਟੀ, (ਸੌਰਭ, ਪਾਠਕ)- ਪੁਲਸ ਨੇ ਭਾਰੀ ਮਾਤਰਾ 'ਚ ਹੈਰੋਇਨ ਤੇ ਅਸਲਾ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਸੋਹਨ ਸਿੰਘ ਡੀ. ਐੱਸ. ਪੀ. ਨੇ ਦੱਸਿਆ ਕਿ ਥਾਣਾ ਸਿਟੀ ਪੱਟੀ ਦੇ ਮੁਖੀ ਇੰਸ. ਹਰਦੀਪ ਸਿੰਘ ਥਾਣੇਦਾਰ ਗੁਰਮੁੱਖ ਸਿੰਘ, ਪੰਨਾ ਲਾਲ ਤੇ ਬਲਵੀਰ ਸਿੰਘ ਨਾਲ ਬਾਹਮਣੀ ਵਾਲਾ ਰੋਡ ਉਪਰ ਗਸ਼ਤ ਕਰ ਰਹੇ ਸਨ ਕਿ ਕਾਛਾਂ ਟਾਇਰ ਵਰਕਸ ਕੋਲ ਇਕ ਕਾਰ ਵਿਚ ਤਿੰਨ ਨੌਜਵਾਨ ਬੈਠੇ ਸਨ ਅਤੇ ਉਨ੍ਹਾਂ ਦਾ ਇਕ ਸਾਥੀ ਨੇੜੇ ਹੀ ਪਿਸ਼ਾਬ ਕਰ ਰਿਹਾ ਸੀ, ਜਦੋਂ ਪੁਲਸ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਜੋ ਨੌਜਵਾਨ ਪਿਸ਼ਾਬ ਕਰਨ ਦੇ ਬਹਾਨੇ ਖੜ੍ਹਾ ਸੀ, ਉਸ ਨੇ ਪੈਂਟ ਦੀ ਜੇਬ 'ਚੋਂ ਇਕ ਲਿਫਾਫਾ ਸੜਕ ਕਿਨਾਰੇ ਸੁੱਟ ਦਿੱਤਾ, ਜਦੋਂ ਉਸ ਨੂੰ ਪੁਲਸ ਨੇ ਕਾਬੂ ਕੀਤਾ ਤਾਂ ਉਸ ਦੇ ਸਾਥੀ ਗੱਡੀ ਭਜਾ ਕੇ ਲੈ ਗਏ। ਕਾਬੂ ਕੀਤੇ ਵਿਅਕਤੀ ਨੇ ਆਪਣਾ ਨਾਂ ਬਿਕਰਮਜੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਮੁਗਲਾਨੀ ਥਾਣਾ ਵੈਰੋਵਾਲ ਦੱਸਿਆ। ਜ਼ਮੀਨ 'ਤੇ ਸੁੱਟੇ ਲਿਫਾਫੇ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ 265 ਗ੍ਰਾਮ ਹੈਰੋਇਨ ਬਰਾਮਦ ਹੋਈ। ਉਕਤ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਦੀ ਖੱਬੀ ਡੱਬ 'ਚੋਂ ਦੇਸੀ 32 ਬੋਰ ਪਿਸਟਲ ਬਰਾਮਦ ਹੋਇਆ ਅਤੇ ਪੈਂਟ ਦੀ ਖੱਬੀ ਜੇਬ 'ਚੋਂ ਦੋ ਭਰੇ ਹੋਏ ਮੈਗਜ਼ੀਨ ਮਿਲੇ ਜਿਨ੍ਹਾਂ ਵਿਚੋਂ 20 ਰੌਂਦ 32 ਬੋਰ ਜ਼ਿੰਦਾ ਮਿਲੇ ਹਨ।
ਡੀ. ਐੱਸ. ਪੀ. ਸੋਹਨ ਸਿੰਘ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਦਾ ਪਿਛੋਕੜ ਕ੍ਰਾਈਮ ਵਾਲਾ ਹੈ। ਇਸ ਉਪਰ ਸਰਹੱਦ ਪਾਰ ਤੋਂ ਨਸ਼ਾ ਸਮੱਗਲਿੰਗ 'ਚ ਸਾਥ ਦੇਣ ਤੇ ਥਾਣਾ ਸਰਹਾਲੀ ਵਿਖੇ ਵੀ 19 ਕਿਲੋ ਹੈਰੋਇਨ ਦਾ ਪਰਚਾ ਦਰਜ ਸੀ ਤੇ ਬੀ. ਐੱਸ. ਐੱਫ. 'ਚੋਂ ਡਿਸਮਿਸ ਕੀਤਾ ਗਿਆ ਅਤੇ ਇਸ ਦੇ ਸਾਥੀ ਗੁਰਵਿੰਦਰ ਸਿੰਘ ਪੁੱਤਰ ਮਲਕੀਅਤ ਸਿੰਘ ਵਾਸੀ ਰਾਮੂਵਾਲ ਥਾਣਾ ਖੇਮਕਰਨ, ਜਰਮਨ ਸਿੰਘ ਤੇ ਸੁੱਖਾ ਵਾਸੀ ਲੁਧਿਆਣਾ ਫਰਾਰ ਹਨ ਜਿਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਪੁਲਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਥਾਣਾ ਮੁਖੀ ਇੰਸ. ਹਰਦੀਪ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਥਾਣੇਦਾਰ ਲਖਵਿੰਦਰ ਸਿੰਘ ਸਮੇਤ ਗਸ਼ਤ ਕਰ ਰਹੀ ਸੀ ਤਾਂ ਪੱਟੀ ਸ਼ਹਿਰ ਵੱਲੋਂ ਇਕ ਵਿਅਕਤੀ ਪੈਦਲ ਆ ਰਿਹਾ ਸੀ, ਜੋ ਪੁਲਸ ਨੂੰ ਦੇਖ ਕੇ ਘਬਰਾ ਗਿਆ ਅਤੇ ਪਿੱਛੇ ਨੂੰ ਮੁੜਨ ਲੱਗਾ, ਉਸ ਨੇ ਆਪਣੀ ਜੇਬ 'ਚੋਂ ਇਕ ਲਿਫਾਫਾ ਕੱਢ ਕੇ ਜ਼ਮੀਨ 'ਤੇ ਸੁੱਟ ਦਿੱਤਾ, ਜਿਸ 'ਤੇ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ 'ਚੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਉਕਤ ਵਿਅਕਤੀ ਨੇ ਆਪਣਾ ਨਾਂ ਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਪ੍ਰਗਟ ਸਿੰਘ ਵਾਸੀ ਠੱਕਰਪੁਰਾ ਦੱਸਿਆ। ਪੁਲਸ ਨੇ ਉਸ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
