ਰਿਸ਼ਵਤ ਮਾਮਲੇ ''ਚ 2 ASI ਬਰਖਾਸਤ
Friday, Mar 20, 2020 - 10:57 PM (IST)
ਅੰਮ੍ਰਿਤਸਰ, (ਅਰੁਣ)— ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਵੱਲੋਂ ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਮਕਬੂਲਪੁਰਾ ਵਿਖੇ ਦਰਜ ਇਕ ਮਾਮਲੇ 'ਚ ਰਿਸ਼ਵਤ ਮੰਗਣ ਵਾਲੇ ਨਾਰਕੋਟਿਕ ਸਟਾਫ ਦੇ 2 ਲੋਕਲ ਰੈਂਕ ਦੇ ਏ. ਐੱਸ. ਆਈ. ਤਿਲਕ ਸਿੰਘ ਅਤੇ ਪ੍ਰਗਟ ਸਿੰਘ ਖਿਲਾਫ ਸਖਤ ਕਾਰਵਾਈ ਕਰਦਿਆਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।
ਕੀ ਸੀ ਮਾਮਲਾ
ਥਾਣਾ ਮਕਬੂਲਪੁਰਾ ਵਿਖੇ ਦਰਜ ਮਾਮਲਾ ਨੰ. 64, ਮਿਤੀ 16 ਮਾਰਚ 2020 ਜੁਰਮ ਐੱਨ. ਡੀ. ਪੀ. ਐੱਸ. ਖਿਲਾਫ ਗੁਰਦਿੱਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਬਾਬਾ ਦੀਪ ਸਿੰਘ ਕਾਲੋਨੀ ਛੇਹਰਟਾ ਜਿਸ ਕੋਲੋਂ 200 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ। ਇਸ ਕੇਸ ਦੀ ਪੈਰਵਾਈ ਕਰਦੇ ਹੋਏ ਗੁਰਦਿੱਤ ਸਿੰਘ ਦੇ ਦੋਸਤ ਰਾਜੇਸ਼ ਬੱਬਰ ਅਤੇ ਭਰਾ ਗੁਰਪ੍ਰੀਤ ਸਿੰਘ ਨੇ ਐੱਲ. ਆਰ. ਏ. ਐੱਸ. ਆਈ. ਤਿਲਕ ਸਿੰਘ ਅਤੇ ਪ੍ਰਗਟ ਸਿੰਘ ਵੱਲੋਂ ਕਿਹਾ ਕਿ ਗੁਰਦਿੱਤ ਸਿੰਘ ਕੋਲੋਂ ਹੋਰ ਨਸ਼ੇ ਵਾਲੀਆਂ ਗੋਲੀਆਂ ਦੀ ਬਰਾਮਦਗੀ ਕਰਨੀ ਹੈ, ਜਿਸ ਕਾਰਣ ਉਸ ਦੀ ਜ਼ਮਾਨਤ ਨਹੀਂ ਹੋਣੀ, ਜਿਸ ਦੇ ਬਦਲੇ ਪੈਸੇ ਲੈਣ ਦੀ ਮੰਗ ਕੀਤੀ ਸੀ। ਰਾਜੇਸ਼ ਬੱਬਰ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਨੂੰ ਕੀਤੀ ਅਤੇ ਵਿਜੀਲੈਂਸ ਬਿਊਰੋ ਵੱਲੋਂ ਟਰੈਪ ਲਾ ਕੇ 15 ਹਜ਼ਾਰ ਰੁਪਏ ਰਿਸ਼ਵਤ ਲੈਣ ਸਬੰਧੀ ਦੋਵੇਂ ਏ. ਐੱਸ. ਆਈਜ਼ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।
ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਦੋਵੇਂ ਏ. ਐੱਸ. ਆਈਜ਼ ਵੱਲੋਂ ਅਨੁਸ਼ਾਸਨਕ ਫੋਰਸ ਦੇ ਮੈਂਬਰ ਹੋਣ ਦੇ ਬਾਵਜੂਦ ਨਸ਼ਾ ਰੱਖਣ ਵਾਲੇ ਵਿਅਕਤੀ ਨੂੰ ਫਾਇਦਾ ਪਹੁੰਚਾਉਣ ਦੇ ਬਦਲੇ ਰਿਸ਼ਵਤ ਲੈਂਦਿਆ ਪੁਲਸ ਦੇ ਅਕਸ ਨੂੰ ਆਮ ਪਬਲਿਕ 'ਚ ਖਰਾਬ ਕੀਤਾ ਗਿਆ, ਜਿਸ ਕਾਰਣ ਦੋਵੇਂ ਏ. ਐੱਸ. ਆਈਜ਼ ਨੂੰ ਸੰਵਿਧਾਨ ਦੀ ਧਾਰਾ 311 (2) ਬੀ ਤਹਿਤ ਨੌਕਰੀ ਤੋਂ ਬਰਖਾਸਤ ਕੀਤਾ ਗਿਆ। ਕਮਿਸ਼ਨਰ ਪੁਲਸ ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਮਹਿਕਮਾ ਪੁਲਸ ਵਿਚ ਰਿਸ਼ਵਤਖੋਰੀ ਨੂੰ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।