17,250 ਐੱਮ. ਐੱਲ. ਸ਼ਰਾਬ ਸਣੇ 2 ਗ੍ਰਿਫਤਾਰ
Monday, Mar 05, 2018 - 02:02 AM (IST)

ਨਵਾਂਸ਼ਹਿਰ, (ਤ੍ਰਿਪਾਠੀ)- 2 ਵੱਖ-ਵੱਖ ਥਾਣਿਆਂ ਦੀ ਪੁਲਸ ਨੇ 17,250 ਐੱਮ. ਐੱਲ. ਨਾਜਾਇਜ਼ ਸ਼ਰਾਬ ਸਣੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਨਵਾਂਸ਼ਹਿਰ 'ਚ ਤਾਇਨਾਤ ਮੁੱਖ ਸਿਪਾਹੀ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਜਦੋਂ ਪਿੰਡ ਸਲੋਹ ਕੋਲ ਇਕ ਨੌਜਵਾਨ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 8250 ਐੱਮ. ਐੱਲ. (11 ਬੋਤਲਾਂ) ਨਾਜਾਇਜ਼ ਸ਼ਰਾਬ ਬਰਾਮਦ ਹੋਈ। ਗ੍ਰਿਫਤਾਰ ਨੌਜਵਾਨ ਦੀ ਪਛਾਣ ਹਰਭਜਨ ਸਿੰਘ ਉਰਫ ਭੱਜੀ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਸਹਾਲੋਂ ਥਾਣਾ ਸਦਰ ਬੰਗਾ ਦੇ ਤੌਰ 'ਤੇ ਹੋਈ। ਇਕ ਹੋਰ ਮਾਮਲੇ 'ਚ ਥਾਣਾ ਬਲਾਚੌਰ ਦੀ ਪੁਲਸ ਨੇ 9 ਹਜ਼ਾਰ ਐੱਮ. ਐੱਲ. ਨਾਜਾਇਜ਼ ਸ਼ਰਾਬ ਸਣੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸਿਪਾਹੀ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਦੌਰਾਨੇ-ਗਸ਼ਤ ਜਦੋਂ ਇਕ ਧਾਰਮਕ ਸਥਾਨ ਦੇ ਨੇੜੇ ਪੁੱਜੀ ਤਾਂ ਪੁਲਸ ਦੇ ਇਕ ਮੁਖਬਰ ਵਿਸ਼ੇਸ਼ ਨੇ ਪੁਖਤਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੜ੍ਹੀ ਕਾਨੂੰਗੋ ਖੱਡ ਰੈਂਪ ਦੇ ਨੇੜੇ ਇਕ ਨੌਜਵਾਨ ਨਾਜਾਇਜ਼ ਸ਼ਰਾਬ ਵੇਚਣ ਲਈ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ। ਪੁਲਸ ਨੇ ਸੂਚਨਾ ਦੇ ਆਧਾਰ 'ਤੇ ਰੇਡ ਕਰ ਕੇ 9 ਹਜ਼ਾਰ ਐੱਮ. ਐੱਲ. (12 ਬੋਤਲਾਂ) ਸਣੇ ਨੌਜਵਾਨ ਜਿਸਦੀ ਪਛਾਣ ਪ੍ਰਦੀਪ ਕੁਮਾਰ ਪੁੱਤਰ ਪ੍ਰੇਮਲਾਲ ਦੇ ਤੌਰ 'ਤੇ ਹੋਈ, ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਉਕਤ ਦੋਵਾਂ ਮਾਮਲਿਆਂ 'ਚ ਪੁਲਸ ਨੇ ਦਿ ਪੰਜਾਬ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।