ਫਲਿਪਕਾਰਟ ਤੋਂ 434 ਰੁਪਏ ਰਿਫੰਡ ਕਰਾਉਣ ਦੇ ਚੱਕਰ ''ਚ 50,000 ਦੀ ਠੱਗੀ, 2 ਗ੍ਰਿਫ਼ਤਾਰ

Thursday, Sep 07, 2023 - 02:37 PM (IST)

ਚੰਡੀਗੜ੍ਹ, (ਸੁਸ਼ੀਲ ਰਾਜ) : ਸਾਈਬਰ ਸੈੱਲ ਨੇ ਫਲਿੱਪਕਾਰਟ ਤੋਂ ਜੁੱਤੀਆਂ ਦੇ 434 ਰੁਪਏ ਰਿਫੰਡ ਕਰਾਉਣ ਦੇ ਨਾਂ ’ਤੇ 50,000 ਰੁਪਏ ਹੜੱਪਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪੱਛਮੀ ਬੰਗਾਲ ਦੇ 22 ਸਾਲਾ ਸੁਭਰਤ ਮੰਡਲ ਅਤੇ ਮੋਗਾ ਦੇ 20 ਸਾਲਾ ਸ਼ਿਵਾਂਸ਼ੂ ਵਜੋਂ ਹੋਈ ਹੈ। ਮੁਲਜ਼ਮਾਂ ਦੇ ਕਹਿਣ ’ਤੇ ਪੁਲਸ ਨੇ 5 ਮੋਬਾਇਲ ਫੋਨ, 30 ਸਿਮ ਕਾਰਡ, 5 ਏ.ਟੀ.ਐੱਮ. ਕਾਰਡ, ਲੈਪਟਾਪ ਅਤੇ ਪਾਸਬੁੱਕ ਬਰਾਮਦ ਕੀਤੀ ਹੈ। 

ਇਹ ਵੀ ਪੜ੍ਹੋ : ਟਾਂਡਾ ਇਲਾਕੇ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹੈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ

ਸੈਕਟਰ-40 ਨਿਵਾਸੀ ਜੰਗਜੇ ਰਾਜ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਫਲਿੱਪਕਾਰਟ ਤੋਂ ਜੁੱਤੀ ਮੰਗਵਾਈ ਸੀ ਪਰ ਉਸਦੀ ਕੁਆਲਿਟੀ ਖਰਾਬ ਨਿਕਲੀ। ਜੁੱਤੀ ਵਾਪਸ ਕੀਤੀ ਅਤੇ 434 ਰੁਪਏ ਵਾਪਸ ਲੈਣ ਲਈ ਗੂਗਲ ’ਤੇ ਕਸਟਮਰ ਕੇਅਰ ਨੰਬਰ ’ਤੇ ਕਾਲ ਕੀਤੀ ਪਰ ਕਿਸੇ ਨੇ ਫੋ਼ਨ ਨਹੀਂ ਚੁੱਕਿਆ। ਬਾਅਦ ਵਿਚ ਇਕ ਅਣਜਾਣ ਨੰਬਰ ਤੋਂ ਕਾਲ ਆਈ ਅਤੇ ਕਾਲ ਕਰਨ ਵਾਲੇ ਨੇ ਕਿਹਾ ਕਿ ਖਾਤਾ ਫਲਿੱਪਕਾਰਟ ਐਪ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਮਾਮਲੇ ’ਚ ਰਿਫੰਡ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਬੈਂਕ ਖਾਤਾ ਅਪਡੇਟ ਹੁੰਦਿਆਂ ਹੀ ਰਿਫੰਡ ਆ ਜਾਵੇਗਾ। ਸ਼ਿਕਾਇਤਕਰਤਾ ਨੇ ਠੱਗਾਂ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਅਤੇ ਬਾਅਦ 'ਚ ਅਚਾਨਕ ਖਾਤੇ ਵਿਚੋਂ 50,000 ਰੁਪਏ ਕੱਢਵਾ ਲਏ ਗਏ। ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। 

ਇਹ ਵੀ ਪੜ੍ਹੋ : ਟਰਾਂਸਪੋਰਟ ਨਗਰ ’ਚੋਂ ਵਿਅਕਤੀ ਦੀ ਲਾਸ਼ ਬਰਾਮਦ

31 ਅਗਸਤ ਨੂੰ ਸਾਈਬਰ ਸੈੱਲ ਨੇ ਧੋਖਾਦੇਹੀ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਕੀਤਾ ਸੀ ਅਤੇ ਇੰਸ. ਰਣਜੀਤ ਸਿੰਘ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਸੀ। ਪੁਲਸ ਤਫ਼ਤੀਸ਼ ਵਿਚ ਇਹ ਗੱਲ ਸਾਹਮਣੇ ਆਈ ਕਿ ਇਹ ਠੱਗੀ ਦੀ ਰਕਮ ਆਈ. ਸੀ. ਆਈ. ਸੀ. ਆਈ. ਬੈਂਕ ਖਾਤੇ ਵਿਚ ਗਈ ਸੀ। ਪੁਲਸ ਨੇ ਖਾਤਾਧਾਰਕ ਸਬੰਧੀ ਜਾਣਕਾਰੀ ਇਕੱਠੀ ਕਰ ਕੇ ਮੋਗਾ ਦੇ 20 ਸਾਲਾ ਸ਼ਿਵਾਂਸ਼ੂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਤਾ ਲੱਗਾ ਹੈ ਕਿ ਉਸ ਨੇ ਧੋਖਾਦੇਹੀ ਕਰਨ ਲਈ ਆਪਣੇ ਮਤਰੇਏ ਪਿਤਾ ਦੇ ਨਾਂ ’ਤੇ ਖਾਤਾ ਖੋਲ੍ਹਿਆ ਸੀ। ਉਸ ਦੀ ਪੁੱਛਗਿੱਛ ਦੇ ਆਧਾਰ ’ਤੇ ਪੱਛਮੀ ਬੰਗਾਲ ਦੇ 22 ਸਾਲਾ ਸੁਭਰਾਤ ਮੰਡਲ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ :ਕੰਮ ਤੋਂ ਆ ਰਹੀਆਂ 3 ਕੁੜੀਆਂ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, 1 ਦੀ ਮੌਤ

ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਇਕ ਵ੍ਹਟਸਐਪ ਗਰੁੱਪ ਦਾ ਹਿੱਸਾ ਸਨ, ਜੋ ਸਿਮ ਅਤੇ ਖਾਤੇ ਮੁਹੱਈਆ ਕਰਵਾਉਂਦੇ ਸਨ। ਠੱਗ ਮੁਲਜ਼ਮਾਂ ਦੇ ਗਿਰੋਹ ਤੋਂ ਵੱਖ-ਵੱਖ ਬੈਂਕਾਂ ਵਿਚ ਖਾਤਿਆਂ ਦੀ ਮੰਗ ਕਰਦੇ ਸਨ, ਤਾਂ ਜੋ ਉਨ੍ਹਾਂ ਵਿਚ ਪੈਸੇ ਟਰਾਂਸਫਰ ਕੀਤੇ ਜਾ ਸਕਣ। ਇਹ ਠੱਗ ਹਰੇਕ ਖਾਤੇ ਲਈ ਗਿਰੋਹ ਨੂੰ 12 ਤੋਂ 15 ਹਜ਼ਾਰ ਰੁਪਏ ਦਿੰਦੇ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Anuradha

Content Editor

Related News