ਬੋਗਸ ਬਿਲਿੰਗ ਤੇ ਕਰੋੜਾਂ ਦੇ ਘਪਲੇ ’ਚ 2 ਗ੍ਰਿਫਤਾਰ
Sunday, Feb 07, 2021 - 01:57 AM (IST)
![ਬੋਗਸ ਬਿਲਿੰਗ ਤੇ ਕਰੋੜਾਂ ਦੇ ਘਪਲੇ ’ਚ 2 ਗ੍ਰਿਫਤਾਰ](https://static.jagbani.com/multimedia/2021_2image_01_57_45023209806ldhhsethi23.jpg)
ਲੁਧਿਆਣਾ, (ਸੇਠੀ)- ਸੀ. ਜੀ. ਐੱਸ. ਟੀ. (ਸੈਂਟਰਲ ਗੁਡਸ ਐਂਡ ਸਰਵਿਸ ਟੈਕਸ ਕਮਿਸ਼ਨਰੇਟ) ਦੀ ਐਂਟੀ ਇਵੇਜ਼ਨ ਵਿੰਗ ਨੇ ਲੁਧਿਆਣਾ ’ਚ 32 ਫਰਜ਼ੀ ਫਰਮਾਂ ਦੇ ਇਕ ਹੋਰ ਨੈਕਸਸ ਦਾ ਭੰਡਾ ਭੰਨਿਆ ਹੈ। ਇਹ ਫਰਮਾਂ ਗੁਰਬਖਸ਼ ਲਾਲ ਉਰਫ ਹੈਪੀ ਨਾਗਪਾਲ ਵੱਲੋਂ ਆਪ੍ਰੇਟ ਅਤੇ ਮੈਨੇਜ ਕੀਤੀਆਂ ਜਾਂਦੀਆਂ ਸਨ। ਇਨ੍ਹਾਂ ਫਰਮਾਂ ਵੱਲੋਂ ਲੱਗਭੱਗ 427 ਕਰੋੜ ਦੀ ਬੋਗਸ ਬਿਲਿੰਗ ਕੀਤੀ ਗਈ ਹੈ, ਜਿਸ ’ਚ ਲੱਗਭੱਗ 65 ਕਰੋੜ ਦਾ ਫਰਜ਼ੀ ਆਈ. ਟੀ. ਸੀ. ਸ਼ਾਮਲ ਹੈ। ਇਸ ਮਾਮਲੇ ’ਚ ਹੈਪੀ ਨਾਗਪਾਲ ਦੀ ਮਦਦ ਉਸ ਦੇ 2 ਸਾਥੀ ਸੰਦੀਪ ਕੁਮਾਰ ਉਰਫ ਪੁਰੀ ਪੁੱਤਰ ਅਸ਼ੋਕ ਪੁਰੀ ਅਤੇ ਰਾਜਿੰਦਰ ਸਿੰਘ ਕਰ ਰਹੇ ਸਨ। ਨਾਲ ਹੀ ਦੋਵਾਂ ਦੀ ਕਈ ਫਰਮਾਂ ’ਚ ਹਿੱਸੇਦਾਰੀ ਵੀ ਸੀ, ਜਿਨ੍ਹਾਂ ਨੂੰ ਵਿਭਾਗ ਨੇ 5 ਫਰਵਰੀ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂਕਿ ਮਾਸਟਰ ਮਾਈਂਡ ਗੁਰਬਖਸ਼ ਲਾਲ ਉਰਫ ਹੈਪੀ ਨਾਗਪਾਲ ਫਰਾਰ ਹੈ।
ਵਿਭਾਗ ਨੇ ਆਪਣੀ ਕਾਰਵਾਈ ਨੂੰ ਬਿਜ਼ਨੈੱਸ ਇੰਟੈਲੀਜੈਂਸ ਐਂਡ ਫਰਾਡ ਐਨਾਲੀਟਿਕਸ (ਬੀ. ਆਈ. ਐੱਫ. ਏ.) ਸਾਫਟਵੇਅਰ ਤਹਿਤ ਅੰਜਾਮ ਦਿੱਤਾ ਹੈ। ਵਿਭਾਗ ਨੂੰ ਸਾਫਟਵੇਅਰ ਦੀ ਮਦਦ ਨਾਲ ਧੋਖਾਦੇਹੀ ਅਤੇ ਕਰ ਚੋਰੀ ਦਾ ਪਤਾ ਲਾਉਣ ’ਚ ਕਾਮਯਾਬੀ ਮਿਲੀ ਹੈ।
ਰਾਜਿੰਦਰ ਸਿੰਘ ਨੇ ਆਪਣੇ ਨਾਮ ਨਾਲ ਬਣਾਈਆਂ ਸਨ 2 ਫਰਜ਼ੀ ਫਰਮਾਂ
ਸੀ. ਜੀ. ਐੱਸ. ਟੀ. ਦੇ ਪ੍ਰਿੰਸੀਪਲ ਕਮਿਸ਼ਨਰ ਆਸ਼ੂਤੋਸ਼ ਬਾਡਨਵਾਲ ਨੇ ਦੱਸਿਆ ਕਿ ਰਾਜਿੰਦਰ ਸਿੰਘ ਨੇ ਆਪਣੇ ਨਾਮ ਨਾਲ 2 ਫਰਜ਼ੀ ਫਰਮਾਂ ਦੀ ਉਸਾਰੀ ਅਤੇ ਸੰਚਾਲਨ ਕੀਤਾ ਸੀ। ਉਨ੍ਹਾਂ ਨੇ 21 ਕਰੋਡ਼ ਦੇ ਬੋਗਸ ਜੀ. ਐੱਸ. ਟੀ. ਬਿੱਲ ਜਾਰੀ ਕੀਤੇ ਸਨ, ਜਿਸ ’ਚ ਫਰਜ਼ੀ ਆਈ. ਟੀ. ਸੀ. ਦੇ 4.28 ਕਰੋਡ਼ ਸ਼ਾਮਲ ਸਨ ਅਤੇ ਇਸ ਤਰ੍ਹਾਂ ਦੇ ਫਰਜ਼ੀ ਜੀ. ਐੱਸ. ਟੀ. ਬਿੱਲ ਜ਼ਰੀਏ ਉਸ ਨੇ 3.43 ਕਰੋਡ਼ ਦੇ ਨਕਲੀ ਆਈ. ਟੀ. ਸੀ. ਦਾ ਲਾਭ ਚੁੱਕਿਆ ਸੀ। ਇਨ੍ਹਾਂ 2 ਫਰਜ਼ੀ ਫਰਮਾਂ ਦੇ ਸੰਚਾਲਨ ਅਤੇ ਕਾਬੂ ਕਰਨ ਤੋਂ ਇਲਾਵਾ ਉਹ ਹੈੱਪੀ ਨਾਗਪਾਲ ਵੱਲੋਂ ਸੰਚਾਲਿਤ ਅਤੇ ਨਿਅੰਤਰਿਤ ਹੋਰ 30 ਫਰਮਾਂ ਦੀ ਬੈਂਕਿੰਗ ਆਪ੍ਰੇਟ ਕਰਦਾ ਸੀ। ਉਹ ਮਈ 2018 ਤੋਂ ਹੁਣ ਤੱਕ ਲੱਗਭੱਗ ਰੋਜ਼ਾਨਾ 10 ਤੋਂ 40 ਲੱਖ ਰੁਪਏ ਦੀ ਨਕਦੀ ਕੱਢ ਰਿਹਾ ਸੀ। ਹੈਪੀ ਨਾਗਪਾਲ ਵੱਲੋਂ ਸੰਚਾਲਿਤ 32 ਫਰਮਾਂ ਦੇ ਬੈਂਕ ਖਾਤਿਆਂ ਤੋਂ ਹੁਣ ਤੱਕ 100 ਤੋਂ 125 ਕਰੋਡ਼ ਰੁਪਏ ਦੀ ਨਕਦ ਰਾਸ਼ੀ ਕੱਢੀ ਜਾ ਚੁੱਕੀ ਹੈ।
ਗੁਰਬਖਸ਼ ਲਾਲ ਉਰਫ ਹੈਪੀ ਨਾਗਪਾਲ ਦੇ ਦੂਜੇ ਸਾਥੀ ਸੰਦੀਪ ਕੁਮਾਰ ਉਰਫ ਪੁਰੀ ਨੇ ਵੱਖ-ਵੱਖ ਵਿਅਕਤੀਆਂ ਦੇ ਆਈ. ਡੀ. ਪਰੂਫ ਦੇ ਆਧਾਰ ’ਤੇ ਫਰਜ਼ੀ ਫਰਮ ਬਣਾ ਕੇ ਇਨ੍ਹਾਂ ਫਰਜ਼ੀ ਸੰਸਥਾਵਾਂ ਦਾ ਜੀ . ਐੱਸ. ਟੀ. ਰਜਿਸਟਰੇਸ਼ਨ ਡਿਟੇਲ ਹੈਪੀ ਨਾਗਪਾਲ ਨੂੰ ਦਿੰਦਾ ਸੀ। ਇਸ ਦੇ ਨਾਲ ਹੈਪੀ ਨਾਗਪਾਲ ਦੀ ਦੇਖ-ਰੇਖ ’ਚ ਸੰਦੀਪ ਕੁਮਾਰ ਖੁਦ 5 ਅਜਿਹੀਆਂ ਫਰਜ਼ੀ ਫਰਮਾਂ ਦਾ ਸੰਚਾਲਨ ਕਰ ਰਿਹਾ ਸੀ, ਜਿਸ ਲਈ ਉਸ ਨੂੰ ਹੈਪੀ ਨਾਗਪਾਲ ਵੱਲੋਂ ਪ੍ਰਤੀ ਮਹੀਨਾ 60 ਹਜ਼ਾਰ ਰੁਪਏ ਲੈਂਦਾ ਸੀ। ਇਨ੍ਹਾਂ ਪੰਜ ਫਰਮਾਂ ਤੋਂ ਇਲਾਵਾ ਉਹ ਰਾਜਿੰਦਰ ਸਿੰਘ ਦੀ ਤਰ੍ਹਾਂ ਹੈੱਪੀ ਨਾਗਪਾਲ ਵੱਲੋਂ ਨਿਅੰਤਰਿਤ ਅਤੇ ਸੰਚਾਲਿਤ 32 ਫਰਮਾਂ ਦੇ ਸਬੰਧ ’ਚ ਬੈਂਕਿੰਗ ਦੇ ਕਾਰਜ ’ਚ ਮਦਦ ਕਰਦਾ ਸੀ।
ਫਰਜ਼ੀ ਬਿੱਲ ਪ੍ਰਚੇਜ਼ ਕਰਨ ਵਾਲਿਆਂ ’ਤੇ ਹੋਵੇਗੀ ਅਗਲੀ ਕਾਰਵਾਈ
ਇਨ੍ਹਾਂ 32 ਬੋਗਸ ਫਰਮਾਂ ਵੱਲੋਂ ਜਿਨ੍ਹਾਂ ਫਰਮਾਂ ਨੂੰ ਬਿੱਲ ਵੇਚੇ ਗਏ ਹਨ, ਵਿਭਾਗ ਦੀ ਅਗਲੀ ਕਾਰਵਾਈ ਉਨ੍ਹਾਂ ’ਤੇ ਹੋਵੇਗੀ। ਪਤਾ ਲੱਗਾ ਹੈ ਕਿ ਉਕਤ ਮੁਲਜ਼ਮ ਜ਼ਿਆਦਾਤਰ ਆਇਰਨ ਅਤੇ ਸਕ੍ਰੈਪ ਡੀਲਰਜ਼ ਨੂੰ ਬਿੱਲ ਵੇਚਦੇ ਸਨ, ਜਿਨ੍ਹਾਂ ’ਤੇ ਜੀ. ਐੱਸ. ਟੀ. ਦੀ ਸਲੈਬ ਸਭ ਤੋਂ ਜ਼ਿਆਦਾ ਹੈ। ਉਕਤ 18 ਅਤੇ 28 ਫੀਸਦੀ ਵਾਲੇ ਬਿੱਲ ਸਿਰਫ 3 ਤੋਂ 4 ਫੀਸਦੀ ’ਚ ਉਪਲੱਬਧ ਕਰਵਾਏ ਜਾਂਦੇ ਸਨ।
ਸਿਰਫ 4-5 ਫਰਮਾਂ ਦਾ ਐਡਰੈੱਸ ਹੀ ਠੀਕ
ਅਧਿਕਾਰੀ ਨੇ ਦੱਸਿਆ ਕਿ ਉਕਤ 32 ਫਰਮਾਂ ਲੁਧਿਆਣਾ ਅਤੇ ਖੰਨਾ ’ਚ ਹਨ ਪਰ ਇਨ੍ਹਾਂ ’ਚੋਂ ਸਿਰਫ 4-5 ਫਰਮਾਂ ਦਾ ਐਡਰੈੱਸ (ਪਤਾ) ਹੀ ਠੀਕ ਸੀ, ਜਦੋਂਕਿ ਬਾਕੀ ਫਰਮਾਂ ਦਾ ਪਤਾ ਫਰਜ਼ੀ ਹੈ।