ਲਾਇਸੈਂਸੀ ਰਿਵਾਲਵਰ ਤੇ 5 ਰੌਂਦ ਚੋਰੀ ਕਰਨ ਦੇ ਦੋਸ਼ ''ਚ 2 ਗ੍ਰਿਫਤਾਰ
Saturday, Nov 25, 2017 - 08:10 AM (IST)

ਪਟਿਆਲਾ (ਬਲਜਿੰਦਰ) - ਸੀ. ਆਈ. ਏ. ਸਟਾਫ ਪਟਿਆਲਾ ਅਤੇ ਥਾਣਾ ਸਨੌਰ ਦੀ ਪੁਲਸ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਇਕ ਲਾਇਸੈਂਸੀ ਰਿਵਾਲਵਰ ਅਤੇ 5 ਰੌਂਦ ਚੋਰੀ ਕਰਨ ਵਾਲੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਦੇ ਨਾਂ ਹਰੀ ਚੰਦਨ ਅਤੇ ਰਵੀ ਕੁਮਾਰ ਵਾਸੀ ਸਨੌਰ ਹਨ। ਉਨ੍ਹਾਂ ਤੋਂ 32 ਬੋਰ ਰਿਵਾਲਵਰ ਲਾਇਸੈਂਸੀ ਅਤੇ 5 ਰੌਂਦ 32 ਬੋਰ ਬਰਾਮਦ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦਿੰਦਿਆਂ ਐੱਸ. ਪੀ. ਡੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਲੰਘੀ 20 ਨਵੰਬਰ ਨੂੰ ਸੁਖਦੇਵ ਸਿੰਘ ਭੋਲਾ ਪੁੱਤਰ ਮੰਗਤ ਸਿੰਘ ਵਾਸੀ ਸਨੌਰ ਦੀ ਕਾਰ ਵਿਚੋਂ ਇਕ ਲਾਇਸੈਂਸੀ ਰਿਵਾਲਵਰ 32 ਬੋਰ ਤੇ 5 ਰੌਂਦ ਅਣਪਛਾਤੇ ਵਿਅਕਤੀਆਂ ਨੇ ਚੋਰੀ ਕਰ ਲਏ ਸਨ। ਥਾਣਾ ਸਨੌਰ ਦੀ ਪੁਲਸ ਨੇ 379 ਅਤੇ 34 ਆਈ. ਪੀ. ਸੀ. ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਕੇ ਇਸ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਸੀ। ਐੈੱਸ. ਪੀ. ਡੀ. ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਲਈ ਸੀ. ਆਈ. ਏ. ਸਟਾਫ ਪਟਿਆਲਾ ਦੇ ਏ. ਐੱਸ. ਆਈ. ਜੋਗਿੰਦਰ ਸਿੰਘ ਅਤੇ ਥਾਣਾ ਸਨੌਰ ਦੇ ਏ. ਐੱਸ. ਆਈ. ਕਮਲਜੀਤ ਸ਼ਰਮਾ ਵੱਲੋਂ ਸਾਂਝੇ ਤੌਰ 'ਤੇ ਤਫਤੀਸ਼ ਸ਼ੁਰੂ ਕੀਤੀ ਗਈ। ਉਹ ਸਿੰਗਲਾ ਕੋਲਡ ਸਟੋਰ ਨੇੜੇ ਬ੍ਰਿਟਿਸ਼ ਸਕੂਲ ਕੋਲ ਨਾਕਾਬੰਦੀ ਕਰ ਕੇ ਖੜ੍ਹੇ ਸਨ। ਸੂਚਨਾ ਦੇ ਆਧਾਰ 'ਤੇ ਹਰੀ ਚੰਦਨ ਵਾਸੀ ਈਸ਼ਵਰ ਨਗਰ ਨੇੜੇ ਨਾਨਕਸਰ ਗੁਰਦੁਆਰਾ ਸਾਹਿਬ ਸਨੌਰ ਅਤੇ ਰਵੀ ਕੁਮਾਰ ਵਾਸੀ ਸੰਤ ਈਸ਼ਰ ਸਿੰਘ ਨਗਰ ਸਨੌਰ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਸੁਖਦੇਵ ਸਿੰਘ ਦੀ ਸਨੌਰ ਵਿਖੇ ਖੜ੍ਹੀ ਕਾਰ ਦਾ ਲਾਕ ਖੋਲ੍ਹ ਕੇ ਚੋਰੀ ਕੀਤਾ ਗਿਆ ਲਾਇਸੈਂਸੀ ਰਿਵਾਲਵਰ 32 ਬੋਰ ਅਤੇ 5 ਰੌਂਦ 32 ਬੋਰ ਬਰਾਮਦ ਕਰ ਲਏ ਗਏ।