ਪੰਜਾਬ ਪੁਲਸ ਵੱਲੋਂ ਅਰਮੀਨੀਆ ਦੇ ਗੈਂਗਸਟਰ ਲੱਕੀ ਪਟਿਆਲ ਦੇ 2 ਸਾਥੀ ਗ੍ਰਿਫ਼ਤਾਰ, ਪਿਸਤੌਲ ਬਰਾਮਦ
Wednesday, Jan 25, 2023 - 10:55 PM (IST)
ਚੰਡੀਗੜ੍ਹ/ਮੋਹਾਲੀ (ਬਿਊਰੋ) : ਪੰਜਾਬ ਪੁਲਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ.ਐੱਸ.ਓ.ਸੀ.) ਐੱਸ.ਏ.ਐੱਸ. ਨਗਰ ਨੇ ਅਰਮੀਨੀਆ ਦੇ ਗੈਂਗਸਟਰ ਲੱਕੀ ਪਟਿਆਲ ਦੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲੱਕੀ ਪਟਿਆਲ, ਜੋ ਮੌਜੂਦਾ ਸਮੇਂ ਬੰਬੀਹਾ ਗੈਂਗ ਦਾ ਮੁਖੀ ਹੈ, ਪੰਜਾਬ ਪੁਲਸ ਵੱਲੋਂ ਅਤਿ-ਲੋੜੀਂਦਾ ਗੈਂਗਸਟਰ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹਰਿਆਣਾ ਦੇ ਸਿਰਸਾ 'ਚ ਮੰਡੀ ਡੱਬਵਾਲੀ ਦੇ ਕੁਲਦੀਪ ਸਿੰਘ ਕਿੰਗਰਾ ਤੇ ਕੋਟਕਪੂਰਾ ਫਰੀਦਕੋਟ ਦੇ ਰਹਿਣ ਵਾਲੇ ਹਰਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ। ਏ.ਆਈ.ਜੀ. ਐੱਸ.ਐੱਸ.ਓ.ਸੀ. ਅਸ਼ਵਨੀ ਕਪੂਰ ਨੇ ਦੱਸਿਆ ਕਿ ਅਸਲਾ ਐਕਟ ਅਤੇ ਜਬਰੀ ਵਸੂਲੀ ਦੀਆਂ ਧਾਰਾਵਾਂ ਤਹਿਤ ਪੁਲਸ ਸਟੇਸ਼ਨ ਐੱਸ.ਐੱਸ.ਓ.ਸੀ., ਐੱਸ.ਏ.ਐੱਸ. ਨਗਰ ਵਿਖੇ ਐੱਫ.ਆਈ.ਆਰ. ਦਰਜ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਬੰਦੀ ਸਿੰਘਾਂ ਲਈ ਚਲਾਈ ਹਸਤਾਖ਼ਰ ਮੁਹਿੰਮ 'ਤੇ ਸ਼ੇਖਾਵਤ ਵੱਲੋਂ ਦਸਤਖਤ ਕਰਨ 'ਤੇ ਸੁਖਬੀਰ ਬਾਦਲ ਨੇ ਦਿੱਤੀ ਪ੍ਰਤੀਕਿਰਿਆ
ਜਾਂਚ ਦੌਰਾਨ ਛਾਪੇਮਾਰੀ ਕਰਕੇ ਐਤਵਾਰ ਨੂੰ ਕੁਲਦੀਪ ਸਿੰਘ ਕਿੰਗਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਮੁਲਜ਼ਮ ਕਿੰਗਰਾ ਬੰਬੀਹਾ ਗੈਂਗ ਦੇ ਅਪਰਾਧੀਆਂ ਅਤੇ ਮੈਂਬਰਾਂ ਨੂੰ ਸਿਰਸਾ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਛੁਪਣਗਾਹਾਂ ਮੁਹੱਈਆ ਕਰਵਾ ਕੇ ਮਦਦ ਕਰ ਰਿਹਾ ਸੀ। ਪੁਲਸ ਟੀਮਾਂ ਨੇ ਕਿੰਗਰਾ ਤੋਂ ਪੁੱਛਗਿੱਛ ਦੌਰਾਨ ਮਿਲੇ ਸੁਰਾਗ ਦੇ ਆਧਾਰ ’ਤੇ ਉਸ ਦੇ ਸਾਥੀ ਹਰਿੰਦਰ ਸਿੰਘ ਨੂੰ ਮੰਗਲਵਾਰ ਨੂੰ ਇਕ ਦੇਸੀ ਪਿਸਤੌਲ ਅਤੇ 4 ਜ਼ਿੰਦਾ ਕਾਰਤੂਸਾਂ ਨਾਲ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਦੋਵਾਂ ਮੁਲਜ਼ਮਾਂ ਤੋਂ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਕੁਲਦੀਪ ਕਿੰਗਰਾ ਅਤੇ ਹਰਿੰਦਰ ਸਿੰਘ, ਮੋਗਾ ਦੇ ਰਹਿਣ ਵਾਲੇ ਜੈਕਪਾਲ ਸਿੰਘ ਉਰਫ਼ ਲਾਲੀ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਸਨ। ਜੈਕਪਾਲ ਲਾਲੀ ਗੈਂਗਸਟਰ ਲੱਕੀ ਪਟਿਆਲ ਦਾ ਪੁਰਾਣਾ ਸਾਥੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।