19108 ਸਰਕਾਰੀ ਸਕੂਲ ਬਣਾਉਣਗੇ ਆਪਣਾ ਫੇਸਬੁੱਕ ਪੇਜ, ਅਪਲੋਡ ਕਰਨੀ ਹੋਵੇਗੀ ਅਚੀਵਮੈਂਟ
Sunday, Mar 01, 2020 - 10:10 PM (IST)
ਲੁਧਿਆਣਾ (ਵਿੱਕੀ)-ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਦਾਖਲੇ ਵਧਾਉਣ ਲਈ ਜਿਥੇ ਸਿੱਖਿਆ ਵਿਭਾਗ ਨੇ ਪਿਛਲੇ 4 ਮਹੀਨਿਆਂ ਤੋਂ ਦਾਖਲਾ ਮੁਹਿੰਮ ਸ਼ੁਰੂ ਕਰ ਰੱਖੀ ਹੈ, ਉਥੇ ਹੁਣ ਇਨਰੋਲਮੈਂਟ ਵਿਚ ਹੋਰ ਇਜ਼ਾਫਾ ਕਰਨ ਦੇ ਉਦੇਸ਼ ਨਾਲ ਵਿਭਾਗ ਨੇ ਸੋਸ਼ਲ ਮੀਡੀਆ ਦਾ ਫਾਇਦਾ ਚੱੁਕਣ ਦਾ ਸੁਝਾਅ ਸਾਰੇ ਸਕੂਲ ਪ੍ਰਮੁੱਖਾਂ ਨੂੰ ਦਿੱਤਾ ਹੈ। ਸਕੂਲ ਸਿੱਖਿਆ ਵਿਭਾਗ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਸੋਸ਼ਲ ਮੀਡੀਆ ’ਤੇ ਸਾਰੇ ਸਕੂਲ ਪ੍ਰਮੁੱਖਾਂ ਅਤੇ ਡੀ. ਈ. ਓਜ਼ ਲਈ ਵੁਆਇਸ ਮੈਸੇਜ ਭੇਜ ਕੇ ਸਕੂਲਾਂ ਨੂੰ ਆਪਣਾ ਫੇਸਬੁਕ ਪੇਜ ਬਣਾਉਣ ਲਈ ਕਿਹਾ ਹੈ।
ਫੇਸਬੁੱਕ ਪੇਜ ਬਣਾਉਣ ਤੋਂ ਬਾਅਦ ਸਕੂਲਾਂ ਦੀਆਂ ਸਾਲ ਭਰ ਦੀਆਂ ਉਪਲਬਧੀਆਂ ਨੂੰ ਉਸ ’ਤੇ ਅਪਲੋਡ ਕਰਨਾ ਹੋਵੇਗਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਉਸ ਨੂੰ ਦੇਖ ਸਕਣ। ਦੱਸ ਦੇਈਏ ਕਿ ਸੂਬੇ ਦੇ ਸਮੂਹ ਜ਼ਿਲਿਆਂ ਵਿਚ ਕੁਲ 19108 ਸਰਕਾਰੀ ਸਕੂਲ ਹਨ, ਜਿਨ੍ਹਾਂ ਵਿਚੋਂ 12839 ਪ੍ਰਾਇਮਰੀ, 2660 ਸਕੂਲ ਮਿਡਲ, 1738 ਸਕੂਲ ਹਾਈ ਤੇ 1871 ਸਕੂਲ ਸੀਨੀਅਰ ਸੈਕੰਡਰੀ ਕਲਾਸਾਂ ਤੱਕ ਪਡ਼੍ਹਾਈ ਕਰਵਾ ਰਹੇ ਹਨ।
ਬੱਸਾਂ ਤੋਂ ਇਲਾਵਾ ਡੋਰ ਟੂ ਡੋਰ ਵੀ ਹੋ ਰਿਹਾ ਪ੍ਰਚਾਰ
ਜਾਣਕਾਰੀ ਮੁਤਾਬਕ ਸਰਕਾਰੀ ਸਕੂਲਾਂ ਵਿਚ ਦਾਖਲੇ ਵਧਾਉਣ ਲਈ ਜਿਥੇ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਦਾ ਪ੍ਰਸਾਰ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਲੋਂ ਕੀਤਾ ਜਾ ਰਿਹਾ ਹੈ, ਉਥੇ ਸਕੂਲ ਅਧਿਆਪਕ ਵੀ ਡੋਰ ਟੂ ਡੋਰ ਮੁਹਿੰਮ ਚਲਾ ਕੇ ਪਿੰਡਾਂ ਅਤੇ ਸ਼ਹਿਰਾਂ ਵਿਚ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰ ਰਹੇ ਹਨ। ਇਸ ਦੌਰਾਨ ਸਕੂਲੀ ਅਧਿਆਪਕਾਂ ਵਲੋਂ ਮਾਪਿਆਂ ਨੂੰ ਸਕੂਲਾਂ ਦੀ ਅਚੀਵਮੈਂਟ ਦੇ ਨਾਲ ਰਾਜ ਦੇ ਸਰਕਾਰੀ ਸਕੂਲਾਂ ਦੀ ਬਦਲਦੀ ਦਸ਼ਾ ਦੀ ਤਸਵੀਰ ਵੀ ਦਿਖਾਈ ਜਾ ਰਹੀ ਤਾਂ ਕਿ ਲੋਕਾਂ ਦਾ ਵਿਸ਼ਵਾਸ ਸਰਕਾਰੀ ਸਕੂਲਾਂ ਵਿਚ ਮਿਲ ਰਹੀ ਗੁਣਾਤਮਕ ਸਿੱਖਿਆ ਵੱਲ ਹੋ ਸਕੇ।
ਦਾਖਲਿਆਂ ’ਤੇ ਸੈਕਟਰੀ ਐਜੂਕੇਸ਼ਨ ਦੀ ਪੈਨੀ ਨਜ਼ਰ
ਹਾਲਾਂਕਿ ਇਸ ਵਾਰ ਵੀ ਸੈਕਟਰੀ ਐਜੂਕੇਸ਼ਨ ਕ੍ਰਿਸ਼ਨ ਕੁਮਾਰ ਸਾਰੇ ਜ਼ਿਲਿਆਂ ਦੀ ਵਿਜ਼ਿਟ ਦੌਰਾਨ ਸਕੂਲਾਂ ਵਿਚ ਵਧ ਰਹੀ ਇਨਰੋਲਮੈਂਟ ਬਾਰੇ ਜਾਣਕਾਰੀ ਜੁਟਾ ਰਹੇ ਹਨ। ਇਹੀ ਵਜ੍ਹਾ ਹੈ ਕਿ ਪਿਛਲੇ ਦਿਨੀਂ ਸੈਕਟਰੀ ਨੇ ਉਨ੍ਹਾਂ ਸਕੂਲਾਂ ਦੇ ਪ੍ਰਮੁੱਖਾਂ ਦੀ ਮੀਟਿੰਗ ਲੈਣ ਦੇ ਨਿਰਦੇਸ਼ ਵੀ ਡੀ. ਈ. ਓਜ਼ ਨੂੰ ਦਿੱਤੇ ਸਨ, ਜਿਨ੍ਹਾਂ ਸਕੂਲਾਂ ਵਿਚ ਇਨਰੋਲਮੈਂਟ ਦਾ ਗ੍ਰਾਫ ਪਿਛਲੇ ਸਾਲ ਦੀ ਤੁਲਨਾ ਵਿਚ ਘਟਿਆ ਹੈ, ਭਾਵੇਂਕਿ ਜ਼ਿਆਦਾਤਰ ਸਕੂਲ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਵਿਚ ਦਾਖਲੇ ਪਿਛਲੇ ਸਾਲ ਦੀ ਤੁਲਨਾ ਕਾਫੀ ਜ਼ਿਆਦਾ ਹੋ ਗਏ ਹਨ ਪਰ ਵਿਭਾਗ ਦਾ ਮੰਨਣਾ ਹੈ ਕਿ ਸਕੂਲਾਂ ਦੀ ਅਚੀਵਮੈਂਟਸ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ।
ਵੁਆਇਸ ਮੈਸੇਜ ਵਿਚ ਇਸ ਤਰ੍ਹਾਂ ਦਿੱਤਾ ਸੁਝਾਅ
ਇਸੇ ਲਡ਼ੀ ਵਿਚ ਕ੍ਰਿਸ਼ਨ ਕੁਮਾਰ ਨੇ ਵਟਸਐਪ ਗਰੁੱਪਾਂ ਵਿਚ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਜ਼ਿਲੇ ਦੇ ਸਾਰੇ ਸਰਕਾਰੀ ਸਕੂਲਾਂ ਦਾ ਫੇਸਬੁੱਕ ਪੇਜ ਬਣਾਉਣਾ ਯਕੀਨੀ ਬਣਾਉਣ ਅਤੇ ਇਸ ਫੇਸਬੁੱਕ ਪੇਜ ਦੇ ਜ਼ਰੀਏ ਸਕੂਲ ਦੀਆਂ ਪ੍ਰਾਪਤੀਆਂ ਅਤੇ ਸਕੂਲ ਵਿਚ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਦਾ ਪ੍ਰਚਾਰ ਕੀਤਾ ਜਾਵੇ।
ਸਿੱਖਿਆ ਸਕੱਤਰ ਨੇ ਕਿਹਾ ਕਿ ਫੇਸਬੁੱਕ/ਸੋਸ਼ਲ ਮੀਡੀਆ ਇਕ ਸ਼ਕਤੀਸ਼ਾਲੀ ਟੂਲ ਹੈ, ਜਿਸ ਰਾਹੀਂ ਸਰਕਾਰੀ ਸਕੂਲਾਂ ਵਿਚ ਮਿਲ ਰਹੀਆਂ ਸੁਵਿਧਾਵਾਂ ਅਤੇ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਵੱਡੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਹੁਣ ਨਵੇਂ ਸੈਸ਼ਨ ਲਈ ਦਾਖਲੇ ਸ਼ੁਰੂ ਹੋ ਚੁੱਕੇ ਹਨ, ਇਸ ਲਈ ਸਾਰੇ ਜ਼ਿਲਾ ਸਿੱਖਿਆ ਅਧਿਕਾਰੀ ਆਪਣੇ-ਆਪਣੇ ਜ਼ਿਲੇ ਦੇ ਸਕੂਲਾਂ ਦਾ ਫੇਸਬੁੱਕ ਪੇਜ ਬਣਾਉਣ ਦੀ ਗੱਲ ਨੂੰ ਯਕੀਨੀ ਕਰਦੇ ਹੋਏ ਸਰਕਾਰੀ ਸਕੂਲਾਂ ਦਾਖਲਾ ਵਧਾਉਣ ਲਈ ਫੇਸਬੁੱਕ ਜ਼ਰੀਏ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨ।