ਮੋਹਾਲੀ ਜ਼ਿਲ੍ਹੇ ''ਚ 17 ਨਵੇਂ ਓਟ ਕੇਂਦਰਾਂ ਦੀ ਸ਼ੁਰੂਆਤ, ਨਸ਼ਾ ਛੱਡਣ ਦੇ ਚਾਹਵਾਨਾਂ ਨੂੰ ਮਿਲੇਗਾ ਫ਼ਾਇਦਾ
Thursday, May 19, 2022 - 03:39 PM (IST)
ਮੋਹਾਲੀ (ਪਰਦੀਪ) : ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ 17 ਨਵੇਂ ਓ. ਓ. ਏ. ਟੀ. (ਆਊਟਪੇਸ਼ੰਟ ਓਪੀਆਡ ਅਸਿਸਟਿਡ ਟਰੀਟਮੈਂਟ) ਸੈਂਟਰ ਖੋਲ੍ਹ ਦਿੱਤੇ ਗਏ ਹਨ, ਜਿਸ ਨਾਲ ਹੁਣ ਜ਼ਿਲ੍ਹੇ 'ਚ ਓਟ ਸੈਂਟਰਾਂ ਦੀ ਕੁੱਲ ਗਿਣਤੀ 24 ਹੋ ਗਈ ਹੈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਜ਼ਿਲ੍ਹਾ ਹਸਪਤਾਲ ਵਿਖੇ ਓਟ ਸੈਂਟਰ ਦਾ ਉਦਘਾਟਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 17 ਹੋਰ ਸੈਂਟਰ ਖੁੱਲ੍ਹਣ ਨਾਲ ਨਸ਼ਾ ਛੱਡਣ ਦੇ ਚਾਹਵਾਨ ਵਿਅਕਤੀਆਂ ਨੂੰ ਕਾਫ਼ੀ ਲਾਭ ਮਿਲੇਗਾ ਕਿਉਂਕਿ ਉਨ੍ਹਾਂ ਨੂੰ ਆਪਣੇ ਘਰ ਦੇ ਨੇੜੇ ਹੀ ਇਹ ਸਹੂਲਤ ਮਿਲਣ ਲੱਗ ਪਵੇਗੀ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਨਸ਼ਾ ਛੁਡਾਊ ਅਤੇ ਮੁੜ-ਵਸੇਬਾ ਕੇਂਦਰ ਸੈਕਟਰ-66 ਮੋਹਾਲੀ ਵਿਖੇ ਪਹਿਲਾਂ ਹੀ ਚੱਲ ਰਿਹਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਓ. ਪੀ. ਡੀ. ਆਧਾਰਿਤ ਇਨ੍ਹਾਂ ਕੇਂਦਰਾਂ ਵਿਚ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਦਾ ਬਿਲਕੁਲ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਓ. ਪੀ. ਡੀ. ਆਧਾਰਿਤ ਇਹ 7 ਸੈਂਟਰ ਸੈਕਟਰ-66 ਮੋਹਾਲੀ ਦੇ ਸਰਕਾਰੀ ਨਸ਼ਾ-ਛੁਡਾਊ ਕੇਂਦਰ, ਖਰੜ, ਡੇਰਾਬੱਸੀ, ਲਾਲੜੂ, ਬਨੂੜ, ਕੁਰਾਲੀ ਅਤੇ ਢਕੋਲੀ ਦੇ ਸਰਕਾਰੀ ਹਸਪਤਾਲਾਂ ਵਿਚ ਪਹਿਲਾਂ ਹੀ ਚੱਲ ਰਹੇ ਸਨ। ਨਵੇਂ ਸੈਂਟਰ ਜ਼ਿਲ੍ਹਾ ਹਸਪਤਾਲ ਮੋਹਾਲੀ, ਸ਼ਹਿਰੀ ਮੁੱਢਲਾ ਸਿਹਤ ਕੇਂਦਰ ਫ਼ੇਜ਼-1, ਫ਼ੇਜ਼-7, ਫ਼ੇਜ਼-11, ਸ਼ਹਿਰੀ ਮੁੱਢਲਾ ਸਿਹਤ ਕੇਂਦਰ ਮੁੰਡੀ ਖਰੜ, ਅੰਟਾਲਾ, ਮੁਢਲਾ ਸਿਹਤ ਕੇਂਦਰ ਬਸੌਲੀ, ਸ਼ਹਿਰੀ ਮੁੱਢਲਾ ਸਿਹਤ ਕੇਂਦਰ ਜ਼ੀਰਕਪੁਰ ਪ੍ਰੀਤ ਕਾਲੋਨੀ, ਬਲਟਾਣਾ, ਮੁਢਲਾ ਸਿਹਤ ਕੇਂਦਰ ਘੜੂੰਆਂ, ਮਜਾਤ, ਮੁੱਲਾਂਪੁਰ ਗ਼ਰੀਬਦਾਸ, ਚੰਦੋਂ, ਨਿਆਂ ਗਾਓਂ, ਮੁੱਢਲਾ ਸਿਹਤ ਕੇਂਦਰ ਬੂਥਗੜ੍ਹ, ਪਲਹੇੜੀ ਅਤੇ ਖ਼ਿਜ਼ਰਾਬਾਦ ਵਿਖੇ ਖੋਲ੍ਹੇ ਗਏ ਹਨ। ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਇਹ ਸੈਂਟਰ ਖੋਲ੍ਹਣ ਦਾ ਮਕਸਦ ਨਸ਼ਾ ਛੱਡਣ ਦੇ ਚਾਹਵਾਨ ਮਰੀਜ਼ਾਂ ਨੂੰ ਸੌਖਾ ਅਤੇ ਮੁਫ਼ਤ ਇਲਾਜ ਉਪਲੱਬਧ ਕਰਵਾਉਣਾ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਜੇ ਭਗਤ, ਡਾ. ਐੱਚ. ਐੱਸ. ਚੀਮਾ, ਮਾਨਸਿਕ ਰੋਗਾਂ ਦੇ ਮਾਹਰ ਡਾ. ਗੁਰਮੁੱਖ ਸਿੰਘ, ਡਾ. ਬਬਨਦੀਪ ਕੌਰ, ਨਰਸਿੰਗ ਅਧਿਕਾਰੀ ਜਸਵਿੰਦਰ ਕੌਰ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਡਾਹਰੀ ਅਤੇ ਹੋਰ ਹਾਜ਼ਰ ਸਨ।