''''15 ਅਗਸਤ ਨੂੰ ਕਸ਼ਮੀਰ ''ਚ ਲਹਿਰਾਵਾਂਗਾ ਝੰਡਾ, ਕੋਈ ਰੋਕ ਕੇ ਦਿਖਾਵੇ''''

02/25/2019 5:01:03 PM

ਲੁਧਿਆਣਾ (ਨਰਿੰਦਰ) : ਬੀਤੇ ਦਿਨੀਂ ਲੁਧਿਆਣਾ ਦੇ ਇਕ ਨੌਜਵਾਨ ਵਲੋਂ ਸ਼੍ਰੀਨਗਰ 'ਚ ਲਾਲ ਚੌਂਕ 'ਤੇ ਤਿਰੰਗਾ ਲਹਿਰਾਉਣ ਦੀ ਕੋਸ਼ਿਸ਼ 'ਚ ਉਸ ਨੂੰ ਪੁਲਸ ਅਤੇ ਸੁਰੱਖਿਆ ਬਲਾਂ ਵਲੋਂ ਹਿਰਾਸਤ 'ਚ ਲੈ ਲਿਆ ਗਿਆ ਸੀ। ਇਸ ਤੋਂ ਬਾਅਦ ਉਕਤ ਨੌਜਵਾਨ ਨੇ ਐਲਾਨ ਕੀਤਾ ਹੈ ਕਿ ਉਹ 15 ਅਗਸਤ ਨੂੰ ਕਰੀਬ 1 ਲੱਖ ਲੋਕਾਂ ਨੂੰ ਸ਼੍ਰੀਨਗਰ ਲਿਜਾ ਕੇ ਉੱਥੇ ਲਾਲ ਚੌਂਕ 'ਤੇ ਝੰਡਾ ਲਹਿਰਾਵੇਗਾ। ਲੁਧਿਆਣਾ ਦੇ ਮਿਲਰਗੰਜ ਇਲਾਕੇ ਦੇ ਰਹਿਣ ਵਾਲੇ ਦੀਪਕ ਸ਼ਰਮਾ ਦਾ ਦੋਸ਼ ਹੈ ਕਿ ਜਦੋਂ ਉਹ ਸ਼੍ਰੀਨਗਰ 'ਚ ਤਿਰੰਗਾ ਲਹਿਰਾਉਣ ਪੁੱਜਿਆ ਤਾਂ ਸਥਾਨਕ ਪੁਲਸ ਵਲੋਂ ਉਸ ਨੂੰ ਨਾ ਸਿਰਫ ਹਿਰਾਸਤ 'ਚ ਲਿਆ ਗਿਆ, ਸਗੋਂ ਤਿਰੰਗੇ ਦੀ ਬੇਅਦਬੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ।

ਉਸ ਨੂੰ ਕਰੀਬ 7 ਤੋਂ 8 ਘੰਟਿਆਂ ਤੱਕ ਪੁਲਸ ਹਿਰਾਸਤ 'ਚ ਰੱਖਿਆ ਗਿਆ। ਇਸ ਦੌਰਾਨ ਉੱਥੇ ਹਜ਼ਾਰਾਂ ਦੀ ਗਿਣਤੀ 'ਚ ਕਸ਼ਮੀਰੀਆਂ ਵਲੋਂ ਨਾਅਰੇਬਾਜ਼ੀ ਕੀਤੀ ਗਈ, ਹਾਲਾਂਕਿ ਉਸ ਨੇ ਫੌਜ ਦਾ ਧੰਨਵਾਦ ਕੀਤਾ ਹੈ, ਜਿਸ ਨੇ ਉਸ ਦੇ ਤਿਰੰਗੇ ਦਾ ਸਨਮਾਨ ਰੱਖਿਆ ਗਿਆ। ਦੀਪਕ ਸ਼ਰਮਾ ਨੇ ਐਲਾਨ ਕੀਤਾ ਹੈ ਕਿ ਇਸ ਵਾਰੀ 15 ਅਗਸਤ ਨੂੰ ਕਰੀਬ 1 ਲੱਖ ਲੋਕਾਂ ਨੂੰ ਸ਼੍ਰੀਨਗਰ ਦੇ ਲਾਲ ਚੌਂਕ 'ਚ ਲਿਜਾ ਕੇ ਉਹ ਤਿਰੰਗਾ ਲਹਿਰਾਵੇਗਾ। ਅਕਾਲੀ ਦਲ ਦੇ ਵਰਕਰ ਦੀਪਕ ਸ਼ਰਮਾ ਨੇ ਸਿਆਸੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਸਾਰੇ ਕਾਰਕੁੰਨ ਤੇ ਸਮਰਥਕ ਆਪੋ-ਆਪਣੇ ਘਰਾ 'ਚ ਤਿਰੰਗਾ ਲਹਿਰਾਉਣ। 
 


Babita

Content Editor

Related News