31 ਮਾਰਚ ਤਕ 142 ਆਮ ਆਦਮੀ ਕਲੀਨਿਕ ਕੀਤੇ ਜਾਣਗੇ ਲੋਕ ਅਰਪਣ, ਮੁੱਖ ਸਕੱਤਰ ਨੇ ਤਿਆਰੀਆਂ ਦਾ ਲਿਆ ਜਾਇਜ਼ਾ

Friday, Mar 03, 2023 - 03:05 AM (IST)

31 ਮਾਰਚ ਤਕ 142 ਆਮ ਆਦਮੀ ਕਲੀਨਿਕ ਕੀਤੇ ਜਾਣਗੇ ਲੋਕ ਅਰਪਣ, ਮੁੱਖ ਸਕੱਤਰ ਨੇ ਤਿਆਰੀਆਂ ਦਾ ਲਿਆ ਜਾਇਜ਼ਾ

ਚੰਡੀਗੜ੍ਹ : ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਪ੍ਰਤੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਕਿਹਾ ਕਿ 31 ਮਾਰਚ ਤਕ 142 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਮੁੱਖ ਸਕੱਤਰ ਨੇ ਇਨ੍ਹਾਂ ਕਲੀਨਿਕਾਂ ਨੂੰ ਖੋਲ੍ਹਣ ਦਾ ਜਾਇਜ਼ਾ ਲੈਣ ਸਬੰਧੀ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਇਹ ਕਲੀਨਿਕ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਮੀਲ ਪੱਥਰ ਸਾਬਤ ਹੋਏ ਹਨ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਹੁਣ ਤਕ 500 ਦੇ ਕਰੀਬ ਆਮ ਆਦਮੀ ਕਲੀਨਿਕ ਸੁਚਾਰੂ ਰੂਪ ਵਿੱਚ ਕੰਮ ਕਰ ਰਹੇ ਹਨ ਅਤੇ ਰੋਜ਼ਾਨਾ ਲੱਖਾਂ ਲੋਕ ਇਨ੍ਹਾਂ ਕਲੀਨਿਕਾਂ ਤੋਂ ਲਾਭ ਲੈ ਰਹੇ ਹਨ।

ਇਹ ਵੀ ਪੜ੍ਹੋ : ਪੈਸਿਆਂ ਕਾਰਨ ਪਈ ਯਾਰੀ ’ਚ ਦਰਾਰ, 4 ਦੋਸਤਾਂ ਨੇ ਮਿਲ ਕੇ 5ਵੇਂ ਨੂੰ ਉਤਾਰਿਆ ਮੌਤ ਦੇ ਘਾਟ

ਮੁੱਖ ਸਕੱਤਰ ਨੇ ਦੱਸਿਆ ਕਿ 31 ਮਾਰਚ ਤੱਕ ਅਜਿਹੇ 142 ਹੋਰ ਕਲੀਨਿਕ ਸ਼ੁਰੂ ਕੀਤੇ ਜਾਣਗੇ। ਸ੍ਰੀ ਜੰਜੂਆ ਨੇ ਦੱਸਿਆ ਕਿ ਇਹ ਕਲੀਨਿਕ ਸੂਬੇ ਦੀਆਂ ਪੰਜ ਵੱਡੀਆਂ ਕਾਰਪੋਰੇਸ਼ਨ ਸ਼ਹਿਰਾਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਫਗਵਾੜਾ ਵਿੱਚ ਖੋਲ੍ਹੇ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਇਨ੍ਹਾਂ ਕਲੀਨਿਕਾਂ ਨੂੰ ਖੋਲ੍ਹਣ ਵਿੱਚ ਕਿਸੇ ਕਿਸਮ ਦੀ ਕੋਈ ਕਸਰ ਬਾਕੀ ਨਾ ਛੱਡੀ ਜਾਵੇ।

PunjabKesari

ਮੁੱਖ ਸਕੱਤਰ ਨੇ ਕਿਹਾ ਕਿ ਇਹ ਕਲੀਨਿਕ ਮੁੱਖ ਮੰਤਰੀ ਦਾ ਸੁਪਨਾ ਹਨ, ਇਸੇ ਲਈ ਸੂਬੇ ਦੇ ਤਰਜੀਹੀ ਪ੍ਰਾਜੈਕਟਾਂ ਵਿੱਚ ਸ਼ੁਮਾਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਕਲੀਨਿਕਾਂ ਲਈ ਸਟਾਫ ਦੀ ਭਰਤੀ ਵੀ ਜ਼ੋਰਾਂ ’ਤੇ ਚੱਲ ਰਹੀ ਹੈ। ਸ੍ਰੀ ਜੰਜੂਆ ਨੇ ਕਿਹਾ ਕਿ ਉਹ ਖੁਦ ਰੋਜ਼ਾਨਾ ਆਧਾਰ ‘ਤੇ ਇਨ੍ਹਾਂ ਕਲੀਨਿਕਾਂ ਦੀ ਪ੍ਰਗਤੀ ਦੀ ਨਿਗਰਾਨੀ ਕਰਨਗੇ। ਇਸ ਮੌਕੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੀ.ਕੇ.ਮੀਨਾ, ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਨੀਲਕੰਠ ਐਸ. ਅਵਧ, ਮੈਡੀਕਲ ਸਿੱਖਿਆ ਦੇ ਸਕੱਤਰ ਅਲਕਨੰਦਾ ਦਿਆਲ, ਨੈਸ਼ਨਲ ਹੈਲਥ ਮਿਸ਼ਨ ਦੇ ਐਮ.ਡੀ. ਡਾ. ਅਭਿਨਵ ਤ੍ਰਿਖਾ, ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਦੇ ਐਮ.ਡੀ. ਪਰਦੀਪ ਕੁਮਾਰ ਅਗਰਵਾਲ ਵੀ ਹਾਜ਼ਰ ਸਨ। ਮੀਟਿੰਗ ਵਿੱਚ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀਡਿਓ ਕਾਨਫਰੰਸ ਰਾਹੀਂ ਸ਼ਾਮਲ ਹੋਏ।

ਇਹ ਵੀ ਪੜ੍ਹੋ : ਲੇਬਰ ਕਰਨ ਦੀ ਆੜ ’ਚ ਕਰਦਾ ਸੀ ਅਫੀਮ ਦੀ ਤਸਕਰੀ, ਇੰਝ ਚੜ੍ਹਿਆ ਪੁਲਸ ਅੜਿੱਕੇ


author

Mandeep Singh

Content Editor

Related News