ਪੰਜਾਬ ਦੇ ਗੈਰ ਸਮਾਰਟ ਕਾਰਡ ਧਾਰਕਾਂ ਲਈ ਚੰਗੀ ਖਬਰ, ਹੁਣ ਮਿਲੇਗਾ ਮੁਫਤ ਰਾਸ਼ਨ
Sunday, May 31, 2020 - 09:34 AM (IST)
ਚੰਡੀਗੜ੍ਹ (ਸ਼ਰਮਾ) : ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਗੈਰ-ਸਮਾਰਟ ਕਾਰਡ ਧਾਰਕਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਵੱਲੋਂ ‘ਆਤਮ ਨਿਰਭਰ ਯੋਜਨਾ’ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਸੂਬੇ ਦੇ 14.15 ਲੋਕਾਂ ਨੂੰ ਕਵਰ ਕੀਤਾ ਜਾਵੇਗਾ। ਇਸ ਯੋਜਨਾ ਦਾ ਆਗਾਜ਼ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਵੱਲੋਂ ਉਨ੍ਹਾਂ ਦੀ ਪਤਨੀ ਮਮਤਾ ਆਸ਼ੂ ਨੇ ਲੁਧਿਆਣਾ ਵਿਖੇ ਕੀਤਾ।
ਲੁਧਿਆਣਾ (ਪੂਰਬੀ) ਹਲਕੇ ਦੇ ਵਿਧਾਇਕ ਸੰਜੀਵ ਤਲਵਾੜ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਅੰਮ੍ਰਿਤ ਸਿੰਘ ਅਤੇ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਸਵਾਤੀ ਟਿਵਾਣਾ, ਸੁਖਵਿੰਦਰ ਸਿੰਘ ਗਿੱਲ ਤੇ ਮਿਸ ਹਰਵੀਨ ਕੌਰ (ਦੋਵੇਂ ਜ਼ਿਲਾ ਖੁਰਾਕ ਅਤੇ ਸਪਲਾਈ ਕੰਟ੍ਰੋਲਰ) ਅਤੇ ਹੋਰ ਵੀ ਹਾਜ਼ਰ ਸਨ। ਸੰਖੇਪ ਸਮਾਗਮ ਨੂੰ ਸੰਬੋਧਨ ਕਰਦਿਆਂ ਆਸ਼ੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਤਮ ਨਿਰਭਰ ਸਕੀਮ ਤਹਿਤ ਅਜਿਹੇ ਲੋੜਵੰਦ ਵਿਅਕਤੀ/ਲੇਬਰ/ਪ੍ਰਵਾਸੀ ਮਜ਼ਦੂਰਾਂ ਨੂੰ ਵੀ ਮੁਫਤ ਰਾਸ਼ਨ ਦੇਣ ਦਾ ਫੈਸਲਾ ਕੀਤਾ ਗਿਆ ਹੈ, ਜੋ ਸਮਾਰਟ ਰਾਸ਼ਨ ਕਾਰਡ ਧਾਰਕ ਨਹੀਂ ਹਨ। ਇਨ੍ਹਾਂ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ।
ਆਤਮ ਨਿਰਭਰ ਸਕੀਮ ਅਧੀਨ ਇਨ੍ਹਾਂ ਲੋੜਵੰਦਾਂ ਨੂੰ 10 ਕਿਲੋ ਆਟਾ, ਇਕ ਕਿਲੋ ਦਾਲ, ਇਕ ਕਿਲੋ ਖੰਡ ਪ੍ਰਤੀ ਜੀਅ ਮੁਹੱਈਆ ਕਰਵਾਈ ਜਾਵੇਗੀ। ਇਸ ਸਕੀਮ ਅਧੀਨ ਪ੍ਰਵਾਸੀ ਮਜ਼ਦੂਰਾਂ ਤੋਂ ਇਲਾਵਾ ਰਜਿਸਟਰਡ ਕਾਮੇ/ਭੱਠਿਆਂ ’ਤੇ ਕੰਮ ਕਰਦੇ ਮਜ਼ਦੂਰ ਵੀ ਸ਼ਾਮਲ ਕੀਤੇ ਗਏ ਹਨ, ਜਿੱਥੇ ਸਾਰੇ ਪੰਜਾਬ ’ਚ ਲਗਭਗ 14.15 ਲੱਖ ਲੋੜਵੰਦ ਇਸ ਸਕੀਮ ਅਧੀਨ ਕਵਰ ਕੀਤੇ ਜਾਣੇ ਹਨ, ਉਥੇ ਹੀ ਲੁਧਿਆਣਾ ਸ਼ਹਿਰ ’ਚ ਪ੍ਰਵਾਸੀ ਮਜ਼ਦੂਰਾਂ ਦੀ ਬਹੁਤਾਤ ਹੋਣ ਕਰਕੇ ਜ਼ਿਲ੍ਹਾ ਲੁਧਿਆਣਾ ’ਚ ਲਗਭਗ 5.86 ਲੱਖ ਮਜ਼ਦੂਰਾਂ ਨੂੰ ਇਸ ਸਕੀਮ ਅਧੀਨ ਕਵਰ ਕੀਤਾ ਜਾਵੇਗਾ।