ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਕਾਰਣ 14 ਦੀ ਮੌਤ, 413 ਦੀ ਰਿਪੋਰਟ ਪਾਜ਼ੇਟਿਵ

Sunday, Sep 20, 2020 - 02:22 AM (IST)

ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਕਾਰਣ 14 ਦੀ ਮੌਤ, 413 ਦੀ ਰਿਪੋਰਟ ਪਾਜ਼ੇਟਿਵ

ਲੁਧਿਆਣਾ, (ਸਹਿਗਲ)– ਕੋਰੋਨਾ ਵਾਇਰਸ ਦੀ ਮਹਾਮਾਰੀ ’ਚ ਹੁਣ ਹਾਲਾਤ ਹੋਰ ਬਦਤਰ ਹੋਣ ਵਾਲੇ ਹਨ। ਹੁਣ ਬਹੁਤ ਸਾਰੇ ਮਾਮਲੇ ਸਾਹਮਣੇ ਆਉਣ ਲੱਗੇ ਹਨ, ਜਿਸ ਵਿਚ ਮਰੀਜ਼ ਨੂੰ ਕੋਰੋਨਾ ਦੇ ਨਾਲ ਡੇਂਗੂ ਵੀ ਆ ਰਿਹਾ ਹੈ। ਅਜਿਹੇ 4 ਲੋਕਾਂ ਦੀ ਮੌਤ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਸਿਹਤ ਵਿਭਾਗ ਨੇ ਲੁਕਾ ਕੇ ਰੱਖਿਆ ਹੈ। ਸੂਤਰ ਦੱਸਦੇ ਹਨ ਕਿ ਇਹ ਸੰਖਿਆ ਇਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ। ਸੀਮਿਤ ਮੈਨ ਪਾਵਰ ਕਾਰਨ ਸਿਹਤ ਵਿਭਾਗ ਡੇਂਗੂ ਤੋਂ ਕਿਸੇ ਤਰ੍ਹਾਂ ਦਾ ਬਚਾਅ ਕਾਰਜ ਨਹੀਂ ਕਰ ਸਕਿਆ। ਉਸਦੀ ਸਾਰੀ ਫੋਰਸ ਕੋਰੋਨਾ ਵਾਇਰਸ ਤੋਂ ਬਚਾਅ ਬਾਰੇ ਵਿਚ ਲੱਗੀ ਰਹੀ। ਵਿਭਾਗ ਦੇ ਸੂਤਰ ਦੱਸਦੇ ਹਨ ਕਿ ਇਕ ਮਾਮਲਾ 14 ਅਗਸਤ ਨੂੰ ਸਾਹਮਣੇ ਆਇਆ ਸੀ ਜਦ ਜ਼ਿਲੇ ਦੀ ਰਹਿਣ ਵਾਲੀ ਇਕ 75 ਸਾਲਾ ਔਰਤ ਦੀ ਮੌਤ ਹੋ ਗਈ। ਉਸਨੂੰ ਕੋਰੋਨਾ ਦੇ ਨਾਲ-ਨਾਲ ਡੇਂਗੂ ਵੀ ਸੀ। ਇਸ ਤੋਂ ਬਾਅਦ 29 ਅਗਸਤ ਨੂੰ ਇਕ 66 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮਹਾਰਾਜ ਨਗਰ ਦਾ ਰਹਿਣ ਵਾਲਾ ਇਹ ਵਿਅਕਤੀ ਕੋਰੋਨ ਦੇ ਨਾਲ ਡੇਂਗੂ ਤੋਂ ਵੀ ਪੀੜਤ ਸੀ। ਇਸ ਤੋਂ ਬਾਅਦ 30 ਅਗਸਤ ਨੂੰ ਮੋਗਾ ਦੀ ਰਹਿਣ ਵਾਲੀ ਇਕ ਔਰਤ ਦੀ ਮੌਤ ਹੋਈ, ਉਸਨੂੰ ਵੀ ਕੋਰੋਨਾ ਪੀੜਤ ਹੀ ਦੱਸਿਆ ਪਰ ਉਸਨੂੰ ਨਾਲ ਡੇਂਗੂ ਵੀ ਸੀ। ਇਸ ਤੋਂ ਬਾਅਦ 11 ਸਤੰਬਰ ਨੂੰ ਮੰਡੀ ਗੋਬਿੰਦਗੜ੍ਹ ਦੀ ਇਕ ਔਰਤ ਇਨ੍ਹਾਂ ਕਾਰਨਾਂ ਨਾਲ ਚਲ ਵਸੀ।

ਮਲੇਰੀਅਾ ਅਫਸਰ ਡਾ. ਭਗਤ ਨੇ ਨਹੀਂ ਦਿੱਤੀ ਜਾਣਕਾਰੀ: ਸਿਵਲ ਸਰਜਨ

ਸਿਵਲ ਸਰਜਨ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜ਼ਿਲਾ ਮਲੇਰੀਆ ਅਫਸਰ ਡਾ. ਰਮੇਸ਼ ਭਗਤ ਨੇ ਉਨ੍ਹਾਂ ਨੂੰ ਵੀ ਇਸ ਬਾਰੇ ਕੁਝ ਨਹੀਂ ਦੱਸਿਆ। ਵਰਣਨਯੋਗ ਹੈ ਕਿ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਸੂਚੀ ਵਿਚ ਉਸਨੂੰ ਜੋ ਹੋਰ ਰੋਗ ਹੁੰਦੇ ਹਨ ਉਹ ਵੀ ਦਰਜ ਕੀਤੇ ਜਾਂਦੇ ਹਨ ਜਿਵੇਂ ਕਿ ਸ਼ੂਗਰ, ਬਲੱਡ ਪ੍ਰੈਸ਼ਰ, ਕਿਡਨੀ ਰੋਗ ਸਾਹ ਸਬੰਧੀ ਰੋਗ ਆਦਿ ਪਰ ਕਿਤੇ ਵੀ ਇਕ ਵੀ ਮ੍ਰਿਤਕ ਮਰੀਜ਼ ਦੀ ਰਿਪੋਰਟ ਜਿਸ ਨੂੰ ਕੋਰੋਨਾ ਦੇ ਨਾਲ ਡੇਂਗੂ ਵੀ ਸੀ, ਨੂੰ ਜਨਤਕ ਨਹੀਂ ਕੀਤਾ ਗਿਆ।

ਡਾ. ਰਮੇਸ਼ ਭਗਤ ਨੇ ਆਦਤਨ ਨਹੀਂ ਚੁੱਕਿਆ ਫੋਨ

ਅਣਪਛਾਤੇ ਕਾਰਨਾਂ ਬਾਰੇ ਜਾਨਣ ਲਈ ਜਦ ਡਾ. ਰਮੇਸ਼ ਭਗਤ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਆਦਤਨ ਫੋਨ ਨਹੀਂ ਚੁਕਿਆ। ਡਾ. ਰਮੇਸ਼ ਭਗਤ ਕਈ ਵਾਰ ਇਸ ਗੱਲ ਦਾ ਵੀ ਜ਼ਿਕਰ ਕਰ ਚੁਕੇ ਹਨ ਕਿ ਉਨ੍ਹਾਂ ਨੂੰ ਚੰਡੀਗੜ੍ਹ ਪ੍ਰੋਗਰਾਮ ਅਫਸਰ ਅਤੇ ਸਿਵਲ ਸਰਜਨ ਨੇ ਵੀ ਫੋਨ ਸੁਣਨ ਤੋਂ ਮਨ੍ਹਾ ਕੀਤਾ ਹੈ।

ਪਹਿਲਾਂ ਵਧਾਉਂਦੇ ਹਨ ਬੀਮਾਰੀਆਂ ਫਿਰ ਖਰਚੇ

ਸਿਹਤ ਵਿਭਾਗ ਵਿਚ ਇਨ੍ਹੀਂ ਦਿਨੀਂ ਇਹ ਆਮ ਚਰਚਾ ਹੈ ਕਿ ਜਦ ਤੋਂ ਡਾ. ਰਮੇਸ਼ ਭਗਤ ਦੀ ਤਾਇਨਾਤੀ ਹੋਈ ਹੈ। ਉਸ ਸਮੇਂ ਤੋਂ ਹਰ ਮਹਾਮਾਰੀ ਨੂੰ ਪਹਿਲਾਂ ਫੈਲਣ ਦਾ ਮੌਕਾ ਦਿੱਤਾ ਜਾਂਦਾ ਹੈ। ਬਾਅਦ ਵਿਚ ਖਰਚ ਵਧਾ ਕੇ ਬੀਮਾਰੀ ਨੂੰ ਕਾਬੂ ਕਰਨ ਦਾ ਡਰਾਮਾ ਕੀਤਾ ਜਾਂਦਾ ਹੈ ਅਤੇ ਮਰੀਜ਼ਾਂ ਦੀ ਸੰਖਿਆ ਨੂੰ ਘੱਟ ਕਰ ਕੇ ਦਰਸਾਇਆ ਜਾਂਦਾ ਹੈ ਤਾਂ ਕਿ ਕਾਗਜ਼ਾਂ ਵਿਚ ਬੀਮਾਰੀ ਦੱਬੀ ਰਹੇ ਅਤੇ ਉੱਚ ਅਧਿਕਾਰੀ ਸਮਝਣ ਕਿ ਜ਼ਿਲੇ ਵਿਚ ਬਹੁਤ ਵਧੀਆ ਕੰਮ ਹੋ ਰਿਹਾ ਹੈ, ਲੋਕ ਭਾਵੇਂ ਮਰਦੇ ਰਹਿਣ। ਇਸ ਵਾਰ ਸੀਨ ਕੁਝ ਇਸ ਤਰ੍ਹਾਂ ਦਾ ਹੀ ਸਾਹਮਣੇ ਨਜ਼ਰ ਆਇਆ ਹੈ। ਡੇਂਗੂ ਨੂੰ ਫਲਣ-ਫੁੱਲਣ ਤੋਂ ਰੋਕਿਆ ਨਹੀਂ ਗਿਆ, ਹੁਣ ਜਦ ਬੀਮਾਰੀ ਵਧ ਰਹੀ ਹੈ ਤਾਂ ਲੋਕਾਂ ਦੀ ਮੌਤ ਦਰ ਵੀ ਵਧਣ ਲੱਗੀ ਹੈ ਕਿਉਂਕਿ ਪਹਿਲਾਂ ਤੋਂ ਹੀ ਕੋਰੋਨਾ ਦੀ ਮਹਾਮਾਰੀ ਆਪਣੇ ਪੈਰ ਪਸਾਰ ਕੇ ਬੈਠੀ ਹੈ।

16 ਹੈਲਥ ਵਰਕਰ ਆਏ ਪਾਜ਼ੇਟਿਵ

ਮਹਾਨਗਰ ਵਿਚ ਅੱਜ 16 ਹੈਲਥ ਵਰਕਰ ਪਾਜ਼ੇਟਿਵ ਆਏ ਹਨ। ਵਰਣਨਯੋਗ ਹੈ ਕਿ ਹੈਲਥ ਵਰਕਰਾਂ ਦੀ ਕਾਫੀ ਵੱਡੀ ਸੰਖਿਆ ਪਾਜ਼ੇਟਿਵ ਆ ਰਹੀ ਹੈ। ਇਨ੍ਹਾਂ ਵਿਚ ਫਰੰਟ ਲਾਈਨ ’ਤੇ ਕੰਮ ਕਰਨ ਵਾਲੇ ਡਾਕਟਰ, ਨਰਸਜ਼ ਅਤੇ ਪੈਰਾ-ਮੈਡੀਕਲ ਸਟਾਫ ਸ਼ਾਮਲ ਹੈ। ਇਸ ਤੋਂ ਇਲਾਵਾ 2 ਪੁਲਸ ਕਰਮਚਾਰੀ ਵੀ ਅੱਜ ਪਾਜ਼ੇਟਿਵ ਆਏ ਹਨ।

ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ 36 ਹੋਏ ਪਾਜ਼ੇਟਿਵ

ਮਹਾਨਗਰ ਵਿਚ ਅੱਜ 36 ਇਸ ਤਰ੍ਹਾਂ ਦੇ ਮਰੀਜ਼ ਸਾਹਮਣੇ ਆਏ ਹਨ। ਜੋ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਪਾਜ਼ੇਟਿਵ ਆਏ ਹਨ ਜਦਕਿ 72 ਮਰੀਜ਼ ਓ. ਪੀ. ਡੀ. ਵਿਚ ਸਾਹਮਣੇ ਆਏ ਅਤੇ 139 ਫਲੂ ਕਾਰਨਰ ਵਿਚ ਜਦਕਿ ਲਗਭਗ 80 ਲੋਕਾਂ ਦੀ ਟਰੇਸਿੰਗ ਜਾਰੀ ਸੀ।

355 ਲੋਕਾਂ ਨੂੰ ਹੋਮ ਆਈਸੋਲੇਟ ਕੀਤਾ

ਸਿਹਤ ਵਿਭਾਗ ਨੇ ਅੱਜ ਸਕ੍ਰੀਨਿੰਗ ਦੇ ਉਪਰੰਤ 355 ਲੋਕਾਂ ਨੂੰ ਹੋਮ ਆਈਸੋਲੇਟ ਕੀਤਾ ਹੈ। ਵਰਤਮਾਨ ਸਮੇਂ ਵਿਚ 4483 ਲੋਕ ਹੋਮ ਆਈਸੋਲੇਟ ਹਨ।

ਮਹਾਨਗਰ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਸੰਖਿਆ ਹੋਈ 16051

ਕੋਰੋਨਾ ਨਾਲ 14 ਲੋਕਾਂ ਦੀ ਅੱਜ ਮੌਤ ਹੋ ਗਈ ਹੈ ਜਦਕਿ 413 ਮਰੀਜ਼ ਪਾਜ਼ੇਟਿਵ ਆਏ ਹਨ। ਇਨ੍ਹਾਂ ਮਰੀਜ਼ਾਂ ਵਿਚ 347 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ ਜਦਕਿ 66 ਮਰੀਜ਼ ਦੂਜੇ ਜ਼ਿਲਿਆਂ ਤੋਂ ਆ ਕੇ ਇਲਾਜ ਲਈ ਸਥਾਨਕ ਹਸਪਤਾਲ ਵਿਚ ਭਰਤੀ ਹੋਏ ਹਨ। ਜਿਨ੍ਹਾਂ 14 ਲੋਕਾਂ ਦੀ ਅੱਜ ਮੌਤ ਹੋਈ ਹੈ ਉਨ੍ਹਾਂ ਵਿਚੋਂ 12 ਜ਼ਿਲੇ ਅਤੇ 2 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਮਹਾਨਗਰ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਸੰਖਿਆ 16051 ਹੋ ਗਈ ਹੈ, ਇਨਾਂ ਵਿਚੋਂ 658 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਬਾਹਰੀ ਜ਼ਿਲਿਆਂ ਤੋਂ ਇਲਾਜ ਲਈ ਸਥਾਨਕ ਹਸਪਤਾਲਾਂ ਵਿਚ ਭਰਤੀ ਹੋਏ ਮਰੀਜ਼ਾਂ ਵਿਚੋਂ 1829 ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਇਨ੍ਹਾਂ ਵਿਚੋਂ 189 ਲੋਕਾਂ ਦੀ ਮੌਤ ਹੋ ਚੁੱਕੀ ਹੈ।

5086 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਸਿਹਤ ਵਿਭਾਗ ਨੇ ਅੱਜ 5086 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ ਜਦਕਿ 1604 ਦੀ ਰਿਪੋਰਟ ਹੁਣ ਪੈਂਡਿੰਗ ਦੱਸੀ ਜਾਂਦੀ ਹੈ। ਜ਼ਿਲੇ ਵਿਚ 13558 ਲੋਕ ਕੋਰੋਨਾ ਵਾਇਰਸ ਨਾਲ ਠੀਕ ਹੋ ਚੁੱਕੇ ਹਨ ਜਦਕਿ 1835 ਐਕਟਿਵ ਮਰੀਜ਼ ਦੱਸੇ ਜਾਂਦੇ ਹਨ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ :

ਇਲਾਕਾ              ਉਮਰ ਲਿੰਗ              ਹਸਪਤਾਲ

1.ਮਾਡਲ ਗ੍ਰਾਮ        55 ਪੁਰਸ਼               ਦੀਪ

2. ਇਆਲੀ ਕਲਾਂ        65 ਔਰਤ ਰਘੁਨਾਥ

3. ਗਿਆਸਪੁਰਾ 49 ਪੁਰਸ਼ ਸਿਵਲ

4. ਅਰਜਨ ਨਗਰ 50 ਪੁਰਸ਼ ਡੀ. ਐੱਮ. ਸੀ.

5. ਇਸਲਾਮਗੰਜ 70 ਔਰਤ ਜੀ. ਐੱਨ. ਸੀ.

6. ਅਗਰ ਨਗਰ 82 ਔਰਤ ਡੀ. ਐੱਮ. ਸੀ.

7. ਸੰਧੂ ਨਗਰ 65 ਔਰਤ ਡੀ. ਐੱਮ. ਸੀ.

8. ਗੁਰੂ ਨਗਰ 65 ਪੁਰਸ਼ ਓਸਵਾਲ

9. ਅੰਬੇਡਕਰ ਨਗਰ 62 ਪੁਰਸ਼ ਐੱਸ. ਪੀ. ਐੱਸ

10 ਗੁਰੂ ਅਰਜਨ ਨਗਰ 32 ਪੁਰਸ਼ ਸੀ. ਐੱਮ. ਸੀ.

11. ਹੈਬੋਵਾਲ ਕਲਾਂ 65 ਔਰਤ ਐੱਸ. ਪੀ. ਐੱਸ.

12 ਪਿੰਡ ਨੰਦਪੁਰ 55 ਔਰਤ ਜੀ. ਐੱਨ. ਸੀ.


author

Bharat Thapa

Content Editor

Related News