13 ਕਿਲੋ ਡੋਡੇ, ਚੂਰਾ-ਪੋਸਤ ਤੇ 2 ਕਾਰਾਂ ਸਮੇਤ 3 ਗ੍ਰਿਫ਼ਤਾਰ

09/23/2017 2:56:51 AM

ਢਿੱਲਵਾਂ/ਕਪੂਰਥਲਾ, (ਜਗਜੀਤ, ਭੂਸ਼ਣ, ਮਲਹੋਤਰਾ)- ਨਾਕਾ ਤੋੜ ਕੇ ਭੱਜੇ ਕਾਰ ਸਵਾਰਾਂ ਪਾਸੋਂ ਡੋਡੇ, ਚੂਰਾ-ਪੋਸਤ ਅਤੇ ਨਕਦੀ ਬਰਾਮਦ ਕਰਨ 'ਚ ਢਿੱਲਵਾਂ ਪੁਲਸ ਨੇ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਢਿੱਲਵਾਂ ਸਬ ਇੰਸ. ਜਰਨੈਲ ਸਿੰਘ ਨੇ ਦੱਸਿਆ ਕਿ ਕਰਤਾਰਪੁਰ-ਢਿੱਲਵਾਂ ਰਾਸ਼ਟਰੀ ਰਾਜ ਮਾਰਗ 'ਤੇ ਟੋਲ ਪਲਾਜ਼ਾ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਕਿ ਇਕ ਆਈ-10 ਗਰੈਂਡ ਕਾਰ ਸਵਾਰ ਨਾਕਾ ਤੋੜ ਕੇ ਭੱਜ ਪਏ। ਕੁਝ ਹੀ ਦੂਰੀ ਤੋਂ ਕਾਰ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਗੱਡੀ 'ਚੋਂ 10 ਕਿਲੋ ਡੋਡੇ, ਚੂਰਾ-ਪੋਸਤ ਅਤੇ 50 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਗਏ। ਗ੍ਰਿਫਤਾਰ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ।
ਥਾਣਾ ਮੁਖੀ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਗੱਡੀ ਸਵਾਰਾਂ ਨੇ ਆਪਣੀ ਪਛਾਣ ਜਵੇਦ ਅਹਿਮਦ ਭੱਟ ਪੁੱਤਰ ਅਲੀ ਮੁਹੰਮਦ ਭੱਟ ਵਾਸੀ ਅਵੰਤੀਪੁਰਾ ਜ਼ਿਲਾ ਪੁਲਵਾਮਾ ਜੰਮੂ-ਕਸ਼ਮੀਰ ਅਤੇ ਤੁਸਰਕ ਹੁਸੈਨ ਪੁੱਤਰ ਗੁਲਾਮ ਵਾਸੀ ਰਟਮਨਾ ਥਾਣਾ ਤਰਾਲ ਜ਼ਿਲਾ ਪੁਲਵਾਮਾ ਜੰਮੂ-ਕਸ਼ਮੀਰ ਦੱਸਿਆ।
ਪੁੱਛਗਿਛ ਦੌਰਾਨ ਉਕਤ ਦੋਹਾਂ ਕਥਿਤ ਦੋਸ਼ੀਆਂ ਨੇ ਦੱਸਿਆ ਕਿ ਉਹ ਨਿਸਾਰ ਹੁਸੈਨ ਵਾਸੀ ਪੁਲਵਾਮਾ ਲਈ ਕੰਮ ਕਰਦੇ ਹਨ, ਜਿਸਦੇ ਸੇਬਾਂ ਦੇ ਬਾਗ ਹਨ ਤੇ 3 ਟਰੱਕ ਆਪਣੇ ਹਨ, ਜੋ ਸੇਬਾਂ ਦੇ ਨਾਲ ਚੂਰਾ-ਪੋਸਤ ਵੀ ਪੰਜਾਬ 'ਚ ਸਪਲਾਈ ਕਰਦਾ ਹੈ। ਉਨ੍ਹਾਂ ਦੱਸਿਆ ਕਿ ਨਿਸਾਰ ਹੁਸੈਨ ਨੇ ਆਪਣੇ ਟਰੱਕਾਂ 'ਚ ਸਪੈਸ਼ਲ ਖਾਨੇ ਬਣਾਏ ਹੋਏ ਹਨ, ਜਿਨ੍ਹਾਂ 'ਚ 3-4 ਕੁਇੰਟਲ ਡੋਡੇ, ਚੂਰਾ-ਪੋਸਤ ਲੁਕਾ ਕੇ ਆਸਾਨੀ ਨਾਲ ਲਿਆਂਦੇ ਜਾ ਸਕਦੇ ਹਨ। 
ਨਿਸਾਰ ਹੁਸੈਨ ਪਹਿਲਾਂ ਹੀ ਚੂਰਾ-ਪੋਸਤ ਲੈਣ ਵਾਲੇ ਵਿਅਕਤੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸਮਾਂ ਅਤੇ ਜਗ੍ਹਾ ਦੱਸ ਦਿੰਦਾ ਹੈ, ਜਿਥੇ ਪਹੁੰਚ ਕੇ ਉਹ ਵਿਅਕਤੀ ਡਰਾਇਵਰ ਤੇ ਕੰਡਕਟਰ ਨਾਲ ਸੰਪਰਕ ਕਰਕੇ ਇਹ ਚੂਰਾ ਪੋਸਤ ਲੈ ਲੈਂਦੇ ਹਨ ਤੇ ਪੈਸੇ ਉਸਦੇ ਬੈਂਕ ਖਾਤੇ 'ਚ ਪਾ ਦਿੰਦੇ ਹਨ। ਉਨ੍ਹਾਂ ਮੰਨਿਆ ਕਿ ਕੁਝ ਦਿਨ ਪਹਿਲਾਂ ਵੀ ਉਹ ਚੂਰਾ ਪੋਸਤ ਦੀ ਸਪਲਾਈ ਦੇ ਕੇ ਗਏ ਹਨ ਅਤੇ ਅੱਜ ਹੋਰ ਚੂਰਾ ਪੋਸਤ ਦੀ ਸਪਲਾਈ ਦੇਣ ਤੇ ਬਾਕੀ ਬਚਦੇ ਪੈਸੇ ਲੈਣ ਆਏ ਸੀ ਕਿ ਕਾਰ ਸਮੇਤ ਫੜੇ ਗਏ।  ਫੜੇ ਵਿਅਕਤੀਆਂ ਨੇ ਪੁਲਸ ਨੂੰ ਦੱਸਿਆ ਕਿ ਸੋਨੂੰ ਪੁੱਤਰ ਮੁਖਤਿਆਰ ਸਿੰਘ ਵਾਸੀ ਨੰਗਲ ਸਲੇਮਪੁਰ ਵੀ ਉਨ੍ਹਾਂ ਪਾਸੋਂ ਚੂਰਾ-ਪੋਸਤ ਦੀ ਖਰੀਦ ਕਰਦਾ ਹੈ ਤੇ ਜੋ ਉਨ੍ਹਾਂ ਦਾ ਪੁਰਾਣਾ ਗਾਹਕ ਹੈ। ਅੱਜ ਉਨ੍ਹਾਂ ਪਾਸੋਂ ਚੂਰਾ-ਪੋਸਤ ਲੈ ਕੇ ਗਿਆ ਹੈ, ਜਿਸ ਕੋਲ ਅਰਟਿਗਾ ਨੰ. ਪੀ. ਬੀ.-02, ਏ. ਐੱਨ.-1974 ਕਾਰ ਹੈ, ਜਿਸ 'ਤੇ ਥਾਣਾ ਮੁਖੀ ਸਬ ਇੰਸ. ਜਰਨੈਲ ਸਿੰਘ ਨੇ ਕਾਰਵਾਈ ਕਰਦਿਆਂ ਸਮੇਤ ਪੁਲਸ ਪਾਰਟੀ ਏ. ਐੱਸ. ਆਈ. ਜਸਬੀਰ ਸਿੰਘ ਨੇ ਸੋਨੂੰ ਕੁਮਾਰ ਨੂੰ ਢਿੱਲਵਾਂ ਤੋਂ ਕਾਰ ਸਮੇਤ ਕਾਬੂ ਕਰ ਲਿਆ। 
ਪੁਲਸ ਨੇ ਖੁਲਾਸਾ ਕੀਤਾ ਹੈ ਕਿ ਸੋਨੂੰ ਕੁਮਾਰ ਦੀ ਕਾਰ 'ਚੋਂ 3 ਕਿਲੋ ਡੋਡੇ, ਚੂਰਾ-ਪੋਸਤ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਸੋਨੂੰ ਨੇ ਦੱਸਿਆ ਕਿ ਉਹ ਪਹਿਲਾਂ ਕਸ਼ਮੀਰ 'ਚ ਰਹਿੰਦਾ ਸੀ ਅਤੇ ਉਥੇ ਹੀ ਉਸਦੀ ਮੁਲਾਕਾਤ ਨਿਸਾਰ ਹੁਸੈਨ ਅਤੇ ਜਵੇਦ ਭੱਟ ਨਾਲ ਹੋ ਗਈ ਅਤੇ ਉਸਨੇ ਉਨ੍ਹਾਂ ਦੇ ਕਹਿਣ 'ਤੇ ਪੰਜਾਬ 'ਚ ਗਾਹਕਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਡੋਡੇ, ਚੂਰਾ-ਪੋਸਤ ਦੀ ਸਪਲਾਈ ਦੇਣ ਲੱਗ ਪਿਆ। ਥਾਣਾ ਮੁਖੀ ਨੇ ਦੱਸਿਆ ਕਿ ਸੋਨੂੰ ਪਾਸੋਂ ਬਰਾਮਦ ਕਾਰ ਵੀ ਉਸਨੂੰ ਨਿਸਾਰ ਹੁਸੈਨ ਨੇ ਹੀ ਦਿੱਤੀ ਹੈ, ਜਿਸਦਾ ਪਹਿਲਾ ਨੰਬਰ ਜੰਮੂ-ਕਸ਼ਮੀਰ ਦਾ ਜੇ. ਕੇ.-01, ਯੂ-6612 ਲੱਗਾ ਹੋਇਆ ਸੀ। ਉਸਨੇ ਬਾਅਦ 'ਚ  ਕਾਰ 'ਤੇ ਜਾਅਲੀ ਨੰ. ਪੀ. ਬੀ.-02, ਏ. ਐੱਨ.-1974 ਲਗਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਦੋਵੇਂ ਕਾਰਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਸੋਨੂੰ ਕੁਮਾਰ ਖਿਲਾਫ਼ ਮੁਕੱਦਮਾ ਦਰਜ ਕਰ ਲਿਆ। ਜਿਸ ਦੇ ਬਾਰੇ 'ਚ ਸ਼੍ਰੀਨਗਰ ਪੁਲਸ ਨਾਲ ਸੰਪਰਕ ਕਰਕੇ ਜਾਂਚ ਕੀਤੀ ਜਾ ਰਹੀ ਹੈ।


Related News