ਪੰਜਾਬ ''ਚ ਅਨਾਜ ਨਾਲ ਨੱਕੋ-ਨੱਕ ਭਰੇ ''ਗੋਦਾਮ'' ਹੋਣਗੇ ਖਾਲੀ, ਮਿਲੀ ਮਨਜ਼ੂਰੀ

03/04/2020 1:36:39 PM

ਚੰਡੀਗੜ੍ਹ : ਪੰਜਾਬ ਵਲੋਂ 12 ਲੱਖ ਟਨ ਚੌਲ ਉੱਤਰ ਪ੍ਰਦੇਸ਼ ਨੂੰ ਭੇਜੇ ਜਾਣਗੇ ਅਤੇ ਇਸ ਦੇ ਲਈ ਕੇਂਦਰੀ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਮਨਜ਼ੂਰੀ ਦੇ ਦਿੱਤੀ ਹੈ। ਜਾਣਕਾਰੀ ਮੁਤਾਬਕ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਇਸ ਮੁੱਦੇ ਸਬੰਧੀ ਉਨ੍ਹਾਂ ਨੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਗੋਦਾਮਾਂ 'ਚ ਕਣਕ ਤੇ ਝੋਨੇ ਦੀ ਸੁਸਤ ਰਫਤਾਰ ਚੁਕਾਈ 'ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ।

PunjabKesari

ਭਾਰਤ ਭੂਸ਼ਣ ਆਸ਼ੂ ਵਲੋਂ ਪੰਜਾਬ ਦੇ ਅਨਾਜ ਨਾਲ ਨੱਕੋ-ਨੱਕ ਭਰੇ ਗੋਦਾਮਾਂ ਨੂੰ ਖਾਲੀ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਉਸ ਸਮੇਂ ਬੂਰ ਪੈ ਗਿਆ, ਜਦੋਂ ਕੇਂਦਰੀ ਮੰਤਰੀ ਇਹ 12 ਲੱਖ ਟਨ ਚੌਲ ਉੱਤਰ ਪ੍ਰਦੇਸ਼ ਨੂੰ ਭੇਜਣ ਦੀ ਇਜਾਜ਼ਤ ਦੇ ਦਿੱਤੀ। ਆਸ਼ੂ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਕੇਂਦਰੀ ਮੰਤਰੀ ਦੇ ਧਿਆਨ 'ਚ ਲਿਆਂਦਾ ਕਿ ਪੰਜਾਬ ਦੇ ਗੋਦਾਮਾਂ 'ਚ ਮੌਜੂਦਾ ਸਮੇਂ 200 ਲੱਖ ਮੀਟਰਿਕ ਟਨ ਅਨਾਜ ਪਿਆ ਹੈ, ਜਿਸ 'ਚ 109 ਲੱਖ ਮੀਟਰਿਕ ਟਨ ਚੌਲ ਅਤੇ 91 ਲੱਖ ਮੀਟਰਿਕ ਟਨ ਕਣਕ ਹੈ, ਜਿਸ ਦੀ ਚੁਕਾਈ ਦੀ ਰਫਤਾਰ ਬਹੁਤ ਸੁਸਤ ਹੈ।

PunjabKesari

ਉਨ੍ਹਾਂ ਦੱਸਿਆ ਕਿ ਸਥਿਤੀ ਇਹ ਬਣ ਗਈ ਹੈ ਕਿ ਹਾੜ੍ਹੀ ਦੀ ਆਗਾਮੀ ਫਸਲ ਕਣਕ ਦੇ ਭੰਡਾਰਨ ਦੀ ਸਮੱਸਿਆ ਤੋਂ ਇਲਾਵਾ ਝੋਨੇ ਦੇ ਭੰਡਾਰਨ ਦੀ ਵੀ ਵੱਡੀ ਸਮੱਸਿਆ ਬਣ ਜਾਵੇਗੀ। ਉਨ੍ਹਾਂ ਕੇਂਦਰੀ ਮੰਤਰੀ ਦੇ ਧਿਆਨ 'ਚ ਇਹ ਵੀ ਲਿਆਂਦਾ ਕਿ ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਕੀਤੀ ਗਈ ਪੇਸ਼ੀਨਗੋਈ ਅਨੁਸਾਰ ਪੰਜਾਬ 'ਚ 135 ਲੱਖ ਟਨ ਕਣਕ ਦੀ ਖਰੀਦ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਭੰਡਾਰਨ ਦੀ ਸਮੱਸਿਆ ਹੋਰ ਵਿਕਰਾਲ ਰੂਪ ਧਾਰਨ ਕਰੇਗੀ।

ਆਸ਼ੂ ਨੇ ਕਿਹਾ ਕਿ ਪੰਜਾਬ ਸਦੀਆਂ ਤੋਂ ਦੇਸ਼ ਦੇ ਲੋਕਾਂ ਦਾ ਢਿੱਡ ਭਰਦਾ ਆ ਰਿਹਾ ਹੈ ਪਰ ਵੱਡੀ ਤ੍ਰਾਸਦੀ ਹੈ ਕਿ ਇੱਥੋਂ ਪੈਦਾ ਹੁੰਦੇ ਅਨਾਜ ਨੂੰ ਭੰਡਾਰ ਕਰ ਕੇ ਰੱਖਣ ਦੀ ਜ਼ਿੰਮੇਵਾਰੀ ਵੀ ਸੂਬੇ ਦੇ ਸਿਰ ਹੀ ਪਾ ਦਿੱਤੀ ਜਾਂਦੀ ਹੈ। ਸੀਮਤ ਸਾਧਨਾਂ ਕਾਰਨ ਪੰਜਾਬ ਸਰਕਾਰ ਆਪਣੇ ਪੱਧਰ 'ਤੇ ਭੰਡਾਰਨ ਸਮਰੱਥਾ ਵਧਾਉਣ ਤੋਂ ਅਸਮਰੱਥ ਹੈ। ਇਸ ਲਈ ਕੇਂਦਰ ਸਰਕਾਰ ਸੂਬੇ 'ਚ ਭੰਡਾਰਨ ਸਮਰੱਥਾ ਵਧਾਉਣ ਲਈ ਉਪਰਾਲੇ ਕਰੇ।

ਉਨ੍ਹਾਂ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਲਈ ਕੇਂਦਰ ਸਰਕਾਰ ਬਾਕਾਇਦਾ ਦੇਸ਼ ਵਿਆਪੀ ਠੋਸ ਰਣਨੀਤੀ ਤਿਆਰ ਕਰੇ, ਜਿਸ ਨਾਲ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਵਿੱਚ ਪੈਦਾ ਹੁੰਦਾ ਅਨਾਜ ਖ਼ਰਾਬ ਨਾ ਹੋਵੇ।ਉਨਾਂ ਦੱਸਿਆ ਕਿ ਜਿੱਥੇ ਪੰਜਾਬ ਵਰਗੇ ਰਾਜ ਨੂੰ ਖੁਦ ਅਨਾਜ ਪੈਦਾ ਕਰਕੇ ਤਿੰਨ-ਤਿੰਨ ਸਾਲ ਸੰਭਾਲਣਾ ਪੈਂਦਾ ਹੈ, ਉਥੇ ਹੋਰ ਰਾਜਾਂ 'ਚ ਮਹਿਜ਼ ਤਿੰਨ ਮਹੀਨੇ ਤੋਂ ਜ਼ਿਆਦਾ ਅਨਾਜ ਭੰਡਾਰ ਨਹੀਂ ਕੀਤਾ ਜਾਂਦਾ।

ਜੇ ਕੇਂਦਰ ਸਰਕਾਰ ਪਹਿਲ ਕਰੇ ਤਾਂ ਪੰਜਾਬ ਦੇ ਅਨਾਜ ਨੂੰ ਹੋਰ ਰਾਜਾਂ 'ਚ ਭੰਡਾਰ ਕੀਤਾ ਜਾ ਸਕਦਾ ਹੈ। ਆਸ਼ੂ ਨੇ ਕਿਹਾ ਕਿ ਅਨਾਜ ਦੀ ਚੁਕਾਈ ਲਈ ਵਿਸ਼ੇਸ਼ ਪ੍ਰਵਾਨਗੀ ਰੋਜ਼ਾਨਾ 10-12 ਮਾਲ ਗੱਡੀਆਂ ਦੀ ਹੀ ਮਿਲਦੀ ਹੈ, ਜੋ ਵਧਾ ਕੇ ਘੱਟੋ-ਘੱਟ 20 ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕੇਂਦਰੀ ਮੰਤਰੀ ਦੇ ਧਿਆਨ 'ਚ ਲਿਆਂਦਾ ਕਿ ਬੀਤੇ ਸਾਲ ਖਰੀਦੇ ਝੋਨੇ ਦਾ ਚੌਲ ਜੋ ਕੇਂਦਰੀ ਪੂਲ 'ਚ ਪੰਜਾਬ ਰਾਜ ਵੱਲੋਂ ਭੇਜਿਆ ਜਾਣਾ ਸੀ, ਜਗਾ ਦੀ ਘਾਟ ਕਾਰਨ ਡਿਲੀਵਰ ਨਹੀਂ ਕੀਤਾ ਜਾ ਸਕਿਆ।

ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਕੇਂਦਰੀ ਪੂਲ 'ਚ ਫਰਵਰੀ, 2020 ਤੱਕ ਚੌਲ ਦੇਣ ਦਾ ਟੀਚਾ 66 ਫੀਸਦੀ ਮਿੱਥਿਆ ਗਿਆ ਸੀ, ਜਿਸ 'ਚੋਂ ਸਿਰਫ 52 ਫੀਸਦੀ ਹੀ ਹਾਸਲ ਕੀਤਾ ਜਾ ਸਕਿਆ ਹੈ। ਇਸ ਤੋਂ ਇਲਾਵਾ ਮੌਜੂਦਾ ਸਮੇਂ ਪੰਜਾਬ ਰਾਜ 'ਚ ਬੀਤੇ ਵਰ੍ਹੇ ਖਰੀਦੀ ਗਈ 30 ਲੱਖ ਮੀਟਰਿਕ ਕਣਕ ਖੁੱਲੇ 'ਚ ਪਈ ਹੈ। ਇਸ ਮੌਕੇ ਆਸ਼ੂ ਨੇ ਪੰਜਾਬ ਸਰਕਾਰ ਦੇ ਕਣਕ ਦੀ ਸਾਂਭ-ਸੰਭਾਲ ਬਦਲੇ ਕੇਂਦਰ ਸਰਕਾਰ ਵੱਲ ਬਕਾਇਆ ਖੜ੍ਹੇ 750 ਕਰੋੜ ਰੁਪਏ ਦੀ ਰਾਸ਼ੀ ਵੀ ਜਲਦ ਜਾਰੀ ਕਰਨ ਦੀ ਅਪੀਲ ਕੀਤੀ।


Babita

Content Editor

Related News