ਵੱਡਾ ਹਾਦਸਾ : ਪਤੰਗ ਉਡਾਉਂਦਿਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆਇਆ 11 ਸਾਲਾ ਬੱਚਾ

Sunday, Jan 15, 2023 - 07:12 PM (IST)

ਮੋਗਾ (ਗੋਪੀ ਰਾਊਂਕੇ/ਅਜ਼ਾਦ) : ਬੇਦੀ ਨਗਰ ਮੋਗਾ ਵਿੱਚ ਚਾਇਨਾ ਡੋਰ ਦੇ ਨਾਲ ਪਤੰਗ ਉਡਾਉਂਦੇ ਸਮੇਂ ਇਕ 11 ਸਾਲਾ ਬੱਚਾ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆ ਗਿਆ। ਬੱਚੇ ਦੇ ਝੁਲਸਣ ਤੋਂ ਇਲਾਵਾ ਕਈ ਘਰਾਂ ਦੇ ਮੀਟਰ ਵੀ ਸੜ ਗਏ। ਬੱਚੇ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਰੈਫਰ ਕੀਤਾ ਗਿਆ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਫੋਕਲ ਪੁਆਇੰਟ ਪੁਲਸ ਚੌਂਕੀ ਦੇ ਇੰਚਾਰਜ ਮੋਹਕਮ ਸਿੰਘ ਨੇ ਦੱਸਿਆ ਕਿ ਲਵਿਸ਼ ਆਪਣੇ ਘਰ ਦੀ ਛੱਤ ’ਤੇ ਦੇਰ ਸ਼ਾਮ ਪਤੰਗ ਉਡਾ ਰਿਹਾ ਸੀ ਤਾਂ ਘਰ ਦੇ ਕੋਲੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਗਿਆ, ਜਿਸ ਕਾਰਨ ਬੱਚਾ ਝੁਲਸ ਗਿਆ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਮੈਡੀਕਲ ਕਾਲਜ ਫਰੀਦਕੋਟ ਰੈਫਰ ਕੀਤਾ ਗਿਆ।

ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਕੌਂਸਲਰ ਰਾਕੇਸ਼ ਬਾਜਾਜ ਨੇ ਕਿਹਾ ਕਿ ਦੇਰ ਸ਼ਾਮ ਚਾਈਨਾ ਡੋਰ ਦੇ ਨਾਲ ਇਕ ਛੋਟਾ ਬੱਚਾ ਪਤੰਗ ਉਡਾਉਂਦੇ ਸਮੇਂ ਹਾਈਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਕੇ ਝੁਲਸ ਗਿਆ, ਉਕਤ ਘਟਨਾ ਬਹੁਤ ਮੰਦਭਾਗੀ ਹੈ ਅਤੇ ਕਰੀਬ 4 ਸਾਲ ਪਹਿਲਾਂ ਵੀ ਇਸ ਤਰ੍ਹਾਂ ਬਿਜਲੀ ਦੀਆਂ ਤਾਰਾਂ ਨਾਲ ਇਲਾਕੇ ਦੇ ਘਰਾਂ ਦੇ ਮੀਟਰ ਸੜ ਗਏ ਸਨ ਅਤੇ ਬਹੁਤ ਵੱਡਾ ਧਮਾਕਾ ਹੋਇਆ, ਜਿਸ ’ਤੇ ਸਾਰੇ ਘਰਾਂ ਦੋ ਲੋਕ ਬਾਹਰ ਨਿਕਲ ਆਏ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪਾਵਰਕਾਮ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਗਿਆ ਹੈ ਕਿ ਇਹ ਤਾਰਾਂ ਹਟਾਈਆਂ ਜਾਣ ਤਾਂ ਕਿ ਅਜਿਹਾ ਹਾਦਸਾ ਫਿਰ ਨਾ ਹੋ ਸਕੇ। ਬੇਦੀ ਨਗਰ ਇਲਾਕੇ ਦੇ ਲੋਕਾਂ ਨੇ ਪਾਵਰਕਾਮ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਹਾਈਵੋਲਟੇਜ ਤਾਰਾਂ ਨੂੰ ਹਟਾਇਆ ਜਾਵੇ ਤਾਂ ਕਿ ਕੋਈ ਜਾਨੀ ਨੁਕਸਾਨ ਨਾ ਹੋ ਸਕੇ।


Mandeep Singh

Content Editor

Related News